ਟਰੰਪ ਨੇ ਇਜ਼ਰਾਈਲ ਦੀ ਆਇਤਅਲਾ ਅਲੀ ਖਮੈਨੀ ਨੂੰ ਮਾਰਨ ਦੀ ਯੋਜਨ ਦਾ ਕੀਤਾ ਵਿਰੋਧ

ਸੈਕਰਾਮੈਂਟੋ, ਕੈਲੀਫੋਰਨੀਆ, 17 ਜੂਨ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਸੁਪਰੀਮ ਆਗੂ ਆਇਤਅਲਾ ਅਲੀ ਖਮੈਨੀ ਨੂੰ ਮਾਰਨ ਦੀ ਇਜ਼ਰਾਈਲ ਦੀ ਯੋਜਨਾ ਦਾ ਵਿਰੋਧ ਕੀਤਾ ਹੈ। ਇਜ਼ਰਾਈਲ ਤੇ ਇਰਾਨ ਵੱਲੋਂ ਇਕ ਦੂਸਰੇ ਉਪਰ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਸੂਤਰਾਂ ਨੇ ਕਿਹਾ ਹੈ ਕਿ ਟਰੰਪ ਅਮਰੀਕਾ ਨੂੰ ਇਸ ਟਕਰਾਅ ਤੋਂ ਦੂਰ ਰੱਖਣਾ ਚਹੁੰਦੇ ਹਨ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇਜ਼ਰਾਈਲ ਦੀ ਇਰਾਨ ਦੇ ਸੁਪਰੀਮ ਲੀਡਰ ਨੂੰ ਮਾਰਨ ਦੀ ਯੋਜਨਾ ਹੈ ਪਰੰਤੂ ਅਮਰੀਕਾ ਨੇ ਇਜ਼ਰਾਈਲ ਨੂੰ ਸੁਨੇਹਾ ਦਿੱਤਾ ਕਿ ਟਰੰਪ ਉਸ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ। ਇਸ ਉਪਰੰਤ ਇਜ਼ਰਾਈਲ ਨੇ ਯੋਜਨਾ ਅਨੁਸਾਰ ਕਾਰਵਾਈ ਨਹੀਂ ਕੀਤੀ। ਅਧਿਕਾਰੀ ਅਨੁਸਾਰ ਟਰੰਪ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਜਲਦੀ ਖਤਮ ਕਰਨਾ ਚਹੁੰਦੇ ਹਨ। ਦੂਸਰੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਟਰੰਪ ਦੁਆਰਾ ਇਜ਼ਰਾਈਲ ਦੀ ਯੋਜਨਾ ਰੱਦ ਕਰਨ ਸਬੰਧ ਰਿਪੋਰਟਾਂ ਝੂਠੀਆਂ ਹਨ।