ਦਿੱਲੀ ਘੱਟ ਗਿਣਤੀ ਕਮੀਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ ਨਹੀਂ ਰਹੇ

ਨਵੀਂ ਦਿੱਲੀ – ੯ ਸਤੰਬਰ ਦਿਨ ਸੋਮਵਾਰ ਨੂੰ ਸੀਨੀਅਰ ਪੱਤਰਕਾਰ, ਉੱਘੇ ਸਮਾਜ ਸੇਵੀ, ਸਿੱਖ ਚਿੰਤਕ ਅਤੇ ਦਿੱਲੀ ਘੱਟ ਗਿਣਤੀ ਕਮੀਸ਼ਨ ਦੇ ਮੈਂਬਰ ੬੧ ਸਾਲਾ ਪੁਸ਼ਪਿੰਦਰ ਸਿੰਘ ਇਥੋਂ ਦੇ ਗੰਗਾ ਰਾਮ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਸੀ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਸੀ। ਪਰ ਅੱਜ ਸ਼ਾਮ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਿਆ। ਉਨ੍ਹਾਂ ਦਾ ਅੰਤਮ ਸਸਕਾਰ ਅੱਜ ਪੰਜਾਬੀ ਬਾਗ ਸ਼ਮਸ਼ਾਨ ਘਾਟ ਵਿਖੇ ਦੁਪਹਿਰ ੧੨ ਵਜੇ ਕੀਤਾ ਜਾਵੇਗਾ। ਸ੍ਰੀ ਪੁਸ਼ਪਿੰਦਰ ਸਿੰਘ ਨੂੰ ਦੂਜੀ ਵਾਰ ਦਿੱਲੀ ਘੱਟ-ਗਿਣਤੀ ਕਮਿਸ਼ਨ ਦਾ ਮੈਂਬਰ ਮਨੋਨੀਤ ਕੀਤਾ ਗਿਆ ਸੀ। ਪੱਤਰਕਾਰੀ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਚੰਗਾ ਨਾਂਅ ਸੀ। ਉਹ ਅਨੇਕਾਂ ਸੰਸਥਾਵਾਂ ਨਾਲ ਜੁੜੇ ਹੋਏ ਸਨ ਉਨ੍ਹਾਂ ਦੇ ਚਲਾਣੇ ‘ਤੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਹੋਰ ਸਿਆਸੀ-ਧਾਰਮਿਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।