ਨਿਊਜ਼ੀਲੈਂਡ ‘ਚ ਛੇਵੇਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਪੋਸਟਰ ਜਾਰੀ

ਆਕਲੈਂਡ, 14 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਦੀ 2023 ਦੀ ਮਰਦਮਸ਼ੁਮਾਰੀ ਮੁਤਾਬਿਕ, ਨਿਊਜ਼ੀਲੈਂਡ ਵਿੱਚ ਲਗਭਗ 49,656 ਪੰਜਾਬੀ ਬੋਲਣ ਵਾਲੇ ਲੋਕ ਹਨ, ਜੋ 2018 ਤੋਂ 45.1% ਵਾਧਾ ਦਰਸਾਉਂਦਾ ਹੈ। ਇਹ ਪੰਜਾਬੀ ਨੂੰ ਦੇਸ਼ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਭਾਸ਼ਾਵਾਂ ਵਿੱਚੋਂ ਇੱਕ ਬਣਾਉਂਦਾ ਹੈ ਅਤੇ ਹਿੰਦੀ ਤੋਂ ਬਾਅਦ ਦੂਜੀ ਸਭ ਤੋਂ ਵੱਧ ਬੋਲਣ ਵਾਲੀ ਦੱਖਣੀ ਏਸ਼ੀਆਈ ਭਾਸ਼ਾ ਹੈ।
ਬਹੁਤਾ ਕਰਕੇ ਪੰਜਾਬੀ ਬੋਲਣ ਵਾਲੇ ਲੋਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ, ਜੋ ਖ਼ਾਸ ਕਰਕੇ ਸਾਊਥ ਅਤੇ ਈਸਟ ਆਕਲੈਂਡ ਅਤੇ ਵਾਇਕਾਟੋ ਖੇਤਰ ਵਿੱਚ ਵੱਸਦੇ ਹਨ। ਇਹ ਭਾਈਚਾਰਾ ਨਿਊਜ਼ੀਲੈਂਡ ਵਿੱਚ 19ਵੀਂ ਸਦੀ ਦੇ ਅੰਤ ਤੋਂ ਵੱਸਦਾ ਆ ਰਿਹਾ ਹੈ ਅਤੇ ਅੱਜ ਵੀ ਆਪਣੀ ਸਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਨੂੰ ਬੜੀ ਸ਼ਾਨ ਨਾਲ ਜਿਊਂਦਾ ਰੱਖਿਆ ਹੋਇਆ ਹੈ।
ਕਿਸੇ ਵੀ ਭਾਈਚਾਰੇ ਦੀ ਮਾਂ ਬੋਲੀ ਉਸ ਦੇ ਸਭਿਆਚਾਰ ਅਤੇ ਵਿਰਸੇ ਦਾ ਹਿੱਸਾ ਹੁੰਦੀ ਹੈ ਅਤੇ ਇਸ ਦੇ ਵਿਕਾਸ ਲਈ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। ਇਸੀ ਆਸ਼ੇ ਦੇ ਨਾਲ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਕਰਮੀਆਂ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਇਸ ਸਾਲ 6ਵਾਂ ਪੰਜਾਬੀ ਭਾਸ਼ਾ ਹਫ਼ਤਾ 3 ਨਵੰਬਰ ਤੋਂ 9 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ।
ਅੱਜ ਇਸ ਸਬੰਧੀ ਇਕ ਰੰਗਦਾਰ ਪੋਸਟਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ, ਗੁਰਦੁਆਰਾ ਸਾਹਿਬ ਮੈਨੇਜਮੈਂਟ ਤੋਂ ਸ. ਹਰਭਜਨ ਦਾਸ ਭੂੰਡਪਾਲ, ਸ. ਗੁਰਿੰਦਰ ਸਿੰਘ ਸ਼ਾਦੀਪੁਰ, ਮੀਡੀਆ ਕਰਮੀਂ ਸ. ਹਰਜਿੰਦਰ ਸਿੰਘ ਬਸਿਆਲਾ, ਸ. ਨਰਿੰਦਰਬੀਰ ਸਿੰਘ ਅਤੇ ਕਾਰੋਬਾਰੀ ਸ. ਸੰਨੀ ਸਿੰਘ ਸ਼ਾਮਿਲ ਹੋਏ।
ਇਸ ਮੌਕੇ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਓ ਸਾਰੇ ਰਲ ਕੇ ਇਸ ਛੇਵੇਂ ਪੰਜਾਬੀ ਭਾਸ਼ਾ ਹਫ਼ਤੇ ਨੂੰ ਮਨਾਈਏ ਅਤੇ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਆਪਣਾ ਫ਼ਰਜ਼ ਪੂਰਾ ਕਰੀਏ।
ਨਵੰਬਰ ਦੇ ਮਹੀਨੇ ਹੋਣ ਵਾਲੇ ਇਹ ਸਮਾਗਮ ਭਾਰਤੀ ਹਾਈ ਕਮਿਸ਼ਨ ਵੈਲਿੰਗਟਨ ਅਤੇ ਹੇਸਟਿੰਗਜ਼ ਤੋਂ 2 ਨਵੰਬਰ ਨੂੰ ਆਰੰਭ ਹੋ ਰਹੇ ਹਨ। 8 ਨਵੰਬਰ ਨੂੰ ਮੈਨੂਕਾਓ ਸੁਕੇਅਰ ਵਿਖੇ ਸ਼ਾਮ 4 ਵਜੇ ਤੋਂ ਵੱਡਾ ਸਮਾਗਮ ਹੋਵੇਗਾ। ਇਸੀ ਦਿਨ ਡੁਨੀਡਨ ਵਿਖੇ ਵੀ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਪ੍ਰੋਗਰਾਮ ਹੋ ਰਿਹਾ ਹੈ। 9 ਨਵੰਬਰ ਨੂੰ ਹੈਮਿਲਟਨ ਵਿਖੇ ਸ਼ਾਮ 3 ਵਜੇ ਤੋਂ ਇਹ ਪ੍ਰੋਗਰਾਮ ਦੇਰ ਸ਼ਾਮ ਤੱਕ ਚੱਲੇਗਾ।