ਨਿਊਜ਼ੀਲੈਂਡ ਦਾ ਪਹਿਲਾ ਪੱਗੜੀਧਾਰੀ ਸਿੱਖ ਪ੍ਰੋਫੈਸਰ ਸੀ ਡਾ. ਗੁਰਵਿੰਦਰ ਸਿੰਘ ਸ਼ੇਰਗਿੱਲ

ਅਲਵਿਦਾ ਡਾ. ਸ਼ੇਰਗਿੱਲ
ਸਰਬਪੱਖੀ ਸ਼ਖ਼ਸੀਅਤ ਦਾ ਮਾਲਕ ਡਾ. ਗੁਰਵਿੰਦਰ ਸਿੰਘ ਸ਼ੇਰਗਿੱਲ ਸਿੱਖਿਆ ਜਗਤ ਦਾ ਉਹ ਅਨਮੋਲ ਰਤਨ ਸੀ ਇਸ ਨੂੰ ਨਿਊਜ਼ੀਲੈਂਡ ਵਿੱਚ ਪਹਿਲਾ ਪੱਗੜੀਧਾਰੀ ਸਿੱਖ ਪ੍ਰੋਫੈਸਰ ਹੋਣ ਦਾ ਮਾਣ ਪ੍ਰਾਪਤ ਸੀ। ਮੈਸੀ ਯੂਨੀਵਰਸਿਟੀ ਇਹ ਚਾਨਣ ਮੁਨਾਰਾ ਭਾਵੇਂ ਸਾਡੇ ਵਿੱਚ ਨਹੀਂ ਰਿਹਾ ਪਰ ਸਿੱਖਿਆ ਜਗਤ ਵਿੱਚ ਉਸ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਵਾਂਗ ਚਮਕਦਾ ਰਹੇਗਾ।
ਡਾ. ਗੁਰਵਿੰਦਰ ਸਿੰਘ ਸ਼ੇਰਗਿੱਲ ਦਾ ਜਨਮ ਪਿੰਡ ਦਾਨਗੜ੍ਹ ਵਿਖੇ ਪਿਤਾ ਬਲਵੀਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ 3 ਜੁਲਾਈ 1954 ਈ: ਨੂੰ ਹੋਇਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਕਾਮ ਅਤੇ ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਗੌਰਮਿੰਟ ਕਾਲਜ ਲੁਧਿਆਣਾ ਤੋਂ ਆਪਣਾ ਅਧਿਆਪਨ ਦਾ ਸਫ਼ਰ ਆਰੰਭ ਕੀਤਾ। ਕੁੱਝ ਸਮਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹਾਉਣ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੌਰ ਲੈਕਚਰਾਰ ਨਿਯੁਕਤ ਹੋਏ। ਏਥੇ ਉਨ੍ਹਾਂ ਦੋ ਦਹਾਕੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਯੋਗ ਅਗਵਾਈ ਦੇਣ ਉਪਰੰਤ ਕੈਂਟਰਬਰੀ ਯੂਨੀਵਰਸਿਟੀ (ਨਿਊਜ਼ੀਲੈਂਡ) ਵਿਖੇ ਪੀ.ਐੱਚ.ਡੀ. ਵਿੱਚ ਪ੍ਰਵੇਸ਼ ਕੀਤਾ ਅਤੇ ਇੱਥੇ ਹੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਮੈਸੀ ਯੂਨੀਵਰਸਿਟੀ ਆਕਲੈਂਡ ਵਿਖੇ 17 ਸਾਲ ਖੋਜ ਕਾਰਜ ਅਤੇ ਸੀਨੀਅਰ ਲੈਕਚਰਾਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਇੱਥੇ ਹੀ ਉਨ੍ਹਾਂ ਨੂੰ ਪਹਿਲੇ ਪਗੜੀਧਾਰੀ ਸਿੱਖ ਪ੍ਰੋਫੈਸਰ ਹੋਣ ਦਾ ਮਾਣ ਪ੍ਰਾਪਤ ਹੋਇਆ। ਪਿੰਡ ਦਾਨਗੜ੍ਹ ਦੇ ਸਰਕਾਰੀ ਸਕੂਲ ਦੇ ਤੱਪੜਾਂ ਤੋਂ ਉੱਠ ਨਿਊਜ਼ੀਲੈਂਡ ਦੀ ਇਹ ਸਿਰਮੌਰ ਯੂਨੀਵਰਸਿਟੀ ਤੱਕ ਪਹੁੰਚਣ ਦਾ ਸਫ਼ਰ ਇੱਕ ਅਚੰਭਾ ਨਹੀਂ ਬਲਕਿ ਦ੍ਰਿੜ੍ਹ ਇਰਾਦੇ, ਵਿਸ਼ਵਾਸ ਸਖ਼ਤ ਮਿਹਨਤ ਦਾ ਨਾਲ ਲਬਰੇਜ਼ ਸੀ। ਡਾ. ਸ਼ੇਰਗਿੱਲ ਦਾ ਵਿਆਹ 1983 ਈ: ਵਿੱਚ ਹਾਕੀ ਉਲੰਪੀਅਨ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਨਾਲ ਹੋਇਆ ਜਿਨ੍ਹਾਂ ਦੀ ਨਿਗਰਾਨੀ ਹੇਠ ਮੈਨੂੰ ਖੇਡਾਂ ਦੇ ਵਿਸ਼ੇ ਵਿੱਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਾਰਨ ਦਾ ਮਾਣ ਪ੍ਰਾਪਤ ਹੋਇਆ। ਡਾ. ਹਰਪ੍ਰੀਤ ਕੌਰ ਭਾਵੇਂ ਮੇਰੇ ਅਧਿਆਪਕ ਅਤੇ ਗਾਈਡ ਸਨ ਪਰ ਜੀਵਨ ਜਾਂਚ ਅਤੇ ਬਿਹਤਰ ਜ਼ਿੰਦਗੀ ਜਿਊਣ ਦੇ ਨੁਕਤੇ ਮੈਂ ਅਕਸਰ ਡਾ. ਸ਼ੇਰਗਿੱਲ ਤੋਂ ਹਾਸਲ ਕਰਦਾ ਸੀ। ਮੈਨੂੰ ਅਕਾਲ ਕਾਲਜ ਮਸਤੂਆਣਾ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿੱਚ ਬਤੌਰ ਪ੍ਰਿੰਸੀਪਲ ਵਜੋਂ ਕਾਰਜ ਕਰਦਿਆਂ ਵੱਖ-ਵੱਖ ਇੰਟਰਨੈਸ਼ਨਲ ਕਾਨਫ਼ਰੰਸਾਂ ਵਿੱਚ ਉਨ੍ਹਾਂ ਨੂੰ ਬੁਲਾਉਣ ਅਤੇ ਵਿਦਿਆਰਥੀਆਂ ਦੇ ਰੂ-ਬਰੂ ਕਰਾਉਣ ਦਾ ਮੌਕਾ ਮਿਲਿਆ। ਉਹ ਜਦੋਂ ਵੀ ਆਪਣੇ ਪਿੰਡ ਦਾਨਗੜ੍ਹ ਆਉਂਦੇ ਤਾਂ ਮੈਨੂੰ ਕਾਲਜ ਜ਼ਰੂਰ ਮਿਲਣ ਆਉਂਦੇ ਅਤੇ ਮੇਰੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ। ਮੇਰੇ ਜ਼ਿੰਦਗੀ ਦੇ ਸਫ਼ਰ ਵਿੱਚ ਉਨ੍ਹਾਂ ਦੀ ਭੂਮਿਕਾ ਸਿਰਫ਼ ਇੱਕ ਸਹਿਕਰਮੀ ਵਜੋਂ ਹੀ ਨਹੀਂ ਬਲਕਿ ਇੱਕ ਮਾਰਗ ਦਰਸ਼ਕ ਵਜੋਂ ਵੀ ਸੀ । ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤਾਂ ਦਾ ਮੇਰੇ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਵਿੱਚ ਉੱਘਾ ਯੋਗਦਾਨ ਸੀ ।
ਡਾ. ਸ਼ੇਰਗਿੱਲ ਜਿਨ੍ਹਾਂ ਲਾਲ ਪੱਗੜੀ ਵਿੱਚ ਦੱਗਦੇ ਗੋਰੇ ਅਤੇ ਹੱਸਮੁੱਖ ਚਿਹਰੇ ਦਾ ਮਾਲਕ ਸੀ ਓਨਾ ਹੀ ਇੱਕ ਨੇਕ ਦਿਲ ਇਨਸਾਨ ਸੀ। ਉਹ ਵਿਦੇਸ਼ੀ ਧਰਤੀ ਉੱਤੇ ਰਹਿੰਦਿਆਂ ਭਾਰਤ ਵਿੱਚੋਂ ਗਏ ਨਵੇਂ ਪਰਵਾਸੀ ਪਰਿਵਾਰਾਂ ਅਤੇ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਪੰਜਾਬ ਦੀ ਧਰਤੀ ਅਤੇ ਇੱਥੋਂ ਦੇ ਵਿਗੜੇ ਹਾਲਾਤ ਹਮੇਸ਼ਾ ਉਨ੍ਹਾਂ ਦੀ ਚਰਚਾ ਦੀ ਵਿਸ਼ਾ ਹੁੰਦਾ ਸੀ। 2017 ਈ: ਵਿੱਚ ਰਿਟਾਇਰਮੈਂਟ ਤੋਂ ਬਾਅਦ ਡਾ. ਸਾਹਿਬ ਮੈਲਬੌਰਨ ਵਿਖੇ ਆਪਣੇ ਬੇਟੇ ਸੁਪ੍ਰੀਤ ਅਤੇ ਬੇਟੀ ਸੁਮਰੀਨ ਨਾਲ ਜ਼ਿੰਦਗੀ ਦੇ ਸੁਹਾਵਣੇ ਪਲ ਬਿਤਾ ਰਹੇ ਸਨ ਪਰ ਫੇਫੜਿਆਂ ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਜਾਣ ਕਾਰਨ ਆਪ ਕੁੱਝ ਸਮਾਂ ਮੈਲਬੌਰਨ ਦੇ ਹਸਪਤਾਲ ਵਿੱਚ ਜੇਰੇ ਇਲਾਜ ਰਹੇ ਜਿੱਥੇ ਉਹ ਕੋਵਿਡ -19 ਵਰਗੇ ਭਿਆਨਕ ਰੋਗ ਨਾਲ ਲੜਦੇ ਲੜਦੇ ਅਖੀਰ 11 ਸਤੰਬਰ, 2020 ਦਿਨ ਸ਼ੁੱਕਰਵਾਰ ਨੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਅਤੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ । ਉਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ, ਰਿਸ਼ਤੇਦਾਰ ਤੇ ਦੋਸਤਾਂ ਨੂੰ ਗਹਿਰਾ ਸਦਮਾ ਲੱਗਾ ਉੱਥੇ ਪੂਰੇ ਪੰਜਾਬ ਵਿੱਚ ਉਨ੍ਹਾਂ ਦੇ ਸਮੁੱਚੇ ਵਿਦਿਆਰਥੀ ਵਰਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਸਮੁੱਚੇ ਪੰਜਾਬੀਆਂ ਨੂੰ ਡਾ. ਸ਼ੇਰਗਿੱਲ ‘ਤੇ ਮਾਣ ਰਹੇਗਾ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨਾ ਹੈ, ਅਲਵਿਦਾ ਡਾ. ਸ਼ੇਰਗਿੱਲ।
ਲੇਖਕ – ਡਾ. ਗੋਬਿੰਦ ਸਿੰਘ, ਪ੍ਰਿੰਸੀਪਲ ਗੁਰੂ ਨਾਨਕ ਕਾਲਜ (ਮੋਗਾ)
ਮੋਬਾਈਲ : +91-81461-93100, E-mail : gobindnz@yahoo.com