ਨੌਜਵਾਨਾਂ ਨੂੰ ਨਵੇਂ ਵਿਚਾਰਾਂ ਦਾ ਜਾਗ ਲਾਉਂਦਿਆਂ ਸੰਪੰਨ ਹੋਇਆ ਚੇਤਨਾ ਕੈਂਪ

DSCN5754 copyਪ੍ਰਮਾਣ ਪੱਤਰਾਂ ਅਤੇ ਪੁਸਤਕਾਂ ਨਾਲ ਕੀਤਾ ਸਿੱਖਿਆਰਥੀਆਂ ਦਾ ਸਨਮਾਨ
ਜਲੰਧਰ, 26 ਜੂਨ – ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੱਗਾ ਤਿੰਨ ਰੋਜ਼ਾ ਸਿੱਖਿਆਰਥੀ ਚੇਤਨਾ ਕੈਂਪ ਅੱਜ ਚੜ੍ਹਦੀ ਜੁਆਨੀ ਨੂੰ ਇਤਿਹਾਸ ਵਿਰਸੇ, ਸਾਹਿਤ, ਪੁਸਤਕ ਸਭਿਆਚਾਰ ਨਾਲ ਜੋੜਨ ਅਤੇ ਲੋਕਾਂ ਨੂੰ ਸਮਰਪਿਤ ਜ਼ਿੰਦਗੀ ਦੀ ਸਿਰਜਣਾ ਲਈ ਸਿਹਤਮੰਦ, ਵਿਗਿਆਨਕ ਅਤੇ ਅਗਾਂਹ-ਵਧੂ ਨਜ਼ਰੀਏ ਨਾਲ ਲੈਸ ਕਰਨ ਦਾ ਸੁਲੱਖਣਾ ਵਰਤਾਰਾ ਉਭਾਰਦਾ ਹੋਇਆ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ।
ਚੇਤਨਾ ਕੈਂਪ ਦੇ ਸਿਖਰਲੇ ਸੈਸ਼ਨ ਮੌਕੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦੀ ਮੰਚ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ, ਜਗਰੂਪ, ਮੰਗਤ ਰਾਮ ਪਾਸਲਾ, ਬਲਬੀਰ ਕੌਰ ਬੁੰਡਾਲਾ, ਹਰਬੀਰ ਕੌਰ ਬੰਨੋਆਣਾ, ਦੇਵ ਰਾਜ ਨਯੀਅਰ ਅਤੇ ਮਨਜੀਤ ਸਿੰਘ ਸਸ਼ੋਭਿਤ ਸਨ। ਸਿਖਰਲੇ ਸੈਸ਼ਨ ਨੂੰ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਨੇ ਆਪਣੇ ਸੰਬੋਧਨ ‘ਚ ਚੇਤਨਾ, ਚਿੰਤਨ, ਅਧਿਐਨ, ਸਿਧਾਂਤ ਅਤੇ ਅਮਲ ਦਾ ਸੁਮੇਲ ਕਰਨ ‘ਤੇ ਜ਼ੋਰ ਦਿੱਤਾ।  ਇਸ ਵੇਲੇ 99 ਵਰ੍ਹਿਆਂ ਨੂੰ ਢੁੱਕੇ ਆਜ਼ਾਦੀ ਸੰਗਰਾਮੀਏ ਗੰਧਰਵ ਸੇਨ ਕੋਛੜ ਨੇ ਕਿਹਾ ਕਿ ਸਮਾਜ ਅੰਦਰ ਆਰਥਕ ਸਮਾਜਕ ਵਿਤਕਰੇ, ਜ਼ਬਰ-ਜ਼ੁਲਮ ਦੀ ਜੜ੍ਹ ਵੱਢਣ ਲਈ ਸਿਰਫ਼ ਹਾਕਮਾਂ ਦੀ ਤਬਦੀਲੀ ਕਾਫੀ ਨਹੀਂ।  ਇਸ ਲਈ ਰਾਜ ਅਤੇ ਸਮਾਜ ਬਦਲਣਾ ਜ਼ਰੂਰੀ ਹੈ।  ਲੋਕਾਂ ਦੇ ਸਵੈ-ਮਾਣ ਭਰੇ ਜੀਵਨ ਵਾਲਾ, ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੋਹਣ ਵਾਲਾ……… ਖ਼ੂਬਸੂਰਤ ਸਮਾਜ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਨੇ ਸਦੀ ਲੰਮੇ ਸੰਘਰਸ਼ਮਈ ਜੀਵਨ ਵਿੱਚੋਂ ਕੱਸੀਦੇ ਆਪਣੇ ਤਜਰਬਿਆਂ ਨੂੰ ਆਧਾਰ ਬਣਾਉਂਦਿਆਂ ਦੱਸਿਆ ਕਿ ਅੰਧ-ਰਾਸ਼ਟਰਵਾਦ, ਫ਼ਿਰਕੂ ਫਾਸ਼ੀਵਾਦ, ਸਾਮਰਾਜ ਅਤੇ ਦੇਸੀ ਹਾਕਮ ਜਮਾਤਾਂ ਨਾਲ ਦਸਤ-ਪੰਜਾ ਲੈਣ ਲਈ ਸੂਝਬੂਝ ਨਾਲ ਲੈਸ, ਜੁਝਾਰੂ ਸਿਰੜੀ ਲੋਕ-ਤਾਕਤ ਉਸਾਰਨ ਲਈ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੇ ਕਥਨ ਅਨੁਸਾਰ ਕਿਰਤੀ ਲੋਕਾਂ ਵਿੱਚ ਜੀਵਨ ਵਾਰਨ ਲਈ ਅੱਗੇ ਆਉਣਾ ਪਵੇਗਾ।  ਇਹੋ ਚੇਤਨਾ ਦੀ ਜਾਗ ਲਾਉਣਾ ਕੈਂਪ ਦਾ ਮਨੋਰਥ ਹੈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖ਼ਜ਼ਾਨਚੀ ਸੀਤਲ ਸਿੰਘ ਸੰਘਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਕਮੇਟੀ ਜਿਵੇਂ ਗ਼ਦਰ ਇਤਿਹਾਸ ਨੂੰ ਵਰਤਮਾਨ ਅਤੇ ਭਵਿੱਖ ਨਾਲ ਜੋੜ ਕੇ ਅੱਗੇ ਲਿਜਾਉਣ, ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਚੇਤਨ ਕਰਨਾ ਆਪਣਾ ਇਤਿਹਾਸਕ ਅਤੇ ਨੈਤਿਕ ਫ਼ਰਜ਼ ਸਮਝਦੀ ਹੈ, ਕੈਂਪ ਦੇ ਹੁੰਗਾਰੇ ਨੇ ਉਸ ਨੂੰ ਹੋਰ ਬਲ ਬਖ਼ਸ਼ਿਆ ਹੈ। ਕਾਮਰੇਡ ਜਗਰੂਪ ਨੇ ਮਾਰਕਸੀ ਫ਼ਲਸਫ਼ੇ ਦਾ ਅਧਿਐਨ ਕਰਨ ਵੱਲ ਸਿੱਖਿਆਰਥੀਆਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਉਨ੍ਹਾਂ ਕਿਹਾ ਕਿ ‘ਸਮਾਜ ਬਦਲਣ ਲਈ ਖ਼ੁਦ ਨੂੰ ਬਦਲੋ’ ਦਾ ਮਾਟੋ ਸਾਨੂੰ ਜੀਵਨ ਦਾ ਆਦਰਸ਼ ਬਣਾਉਣਾ ਚਾਹੀਦਾ ਹੈ।
ਬਲਬੀਰ ਕੌਰ ਬੁੰਡਾਲਾ ਨੇ ਕੈਂਪ ‘ਚ ਵੱਡੀ ਗਿਣਤੀ ਵਿੱਚ ਜੁੜੀਆਂ ਸਿਖਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਔਰਤ ਵਰਗ ਦੀ ਜਾਗਦੀ ਅਤੇ ਜੂਝਦੀ ਸ਼ਕਤੀ ਬਿਨਾਂ ਨਿਜ਼ਾਮ ਬਦਲਿਆ ਨਹੀਂ ਜਾ ਸਕਦਾ।
ਗੁਰਮੀਤ ਨੇ ਸਿੱਖਿਆਰਥੀਆਂ ਦੇ ਮਨਾਂ ਨੂੰ ਟੋਂਹਦਿਆਂ ਕੀਤੀਆਂ ਵਿਚਾਰਾਂ ਦਾ ਸਾਰ-ਤੱਤ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆਰਥੀਆਂ ਦਾ ਇਹ ਮਨ ਬਣਨਾ ਕਿ,”ਜੋ ਅਸੀਂ ਯੂਨੀਵਰਸਿਟੀਆਂ ਵਿੱਚੋਂ ਵੀ ਹਾਸਲ ਨਹੀਂ ਕਰ ਸਕਦੇ ਉਹ ਸਾਨੂੰ ਕੈਂਪ ‘ਚੋਂ ਹਾਸਲ ਹੋਇਆ’ ਇਹੋ ਕਮੇਟੀ ਦਾ ਹਾਸਲ ਹੈ।
ਬਲਵਿੰਦਰ ਕੌਰ ਬਾਂਸਲ, ਸੁਮਨ ਲੱਤਾ, ਗੁਰਦੀਪ ਸਿੰਘ ਅਤੇ ਮਨਜੀਤ ਕੌਰ ਨੇ ਸਿੱਖਿਆਰਥੀਆਂ ਵੱਲੋਂ ਕੈਂਪ ਦੇ ਪ੍ਰਬੰਧਾਂ ਵਿੱਚ ਕੀਤੇ ਸਹਿਯੋਗ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।
170 ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਨੇ ਵਾਰੋ ਵਾਰੀ ਮੰਚ ‘ਤੇ ਆ ਕੇ ਕੈਂਪ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ,”ਕੈਂਪ ‘ਚ ਹੋਏ ਭਾਸ਼ਣਾਂ, ਵਿਚਾਰਾਂ, ਪ੍ਰਬੰਧਾਂ ਅਤੇ ਕੁੱਲ ਮਾਹੌਲ ਨੇ ਸਾਡੀ ਜ਼ਿੰਦਗੀ ਦੀ ਨੁਹਾਰ ਹੀ ਬਦਲ ਦਿੱਤੀ ਨਹੀਂ ਤਾਂ ਅਸੀਂ ਜ਼ਿੰਦਗੀ ‘ਚ ਐਵੇਂ ਹਨੇਰਾ ਹੀ ਢੋਂਦੇ ਰਹਿਣਾ ਸੀ।  ਅਸੀਂ ਜੋ ਰੌਸ਼ਨੀ ਇੱਥੋਂ ਹਾਸਲ ਕੀਤੀ ਹੈ, ਉਸ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ।  ਸਮਾਜ ਦੀ ਦਸ਼ਾ ਅਤੇ ਦਿਸ਼ਾ ਬਦਲਣ ਲਈ ਜੀਵਨ ਸਮਰਪਿਤ ਕਰਾਂਗੇ।”
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਪਣੇ ਅਕਾਦਮਿਕ ਸਫ਼ਰ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਿਆਨ ਹਾਸਲ ਕਰਨ ਲਈ ਸਾਡੇ ਸਮਿਆਂ ‘ਚ ਕਠਨ ਜੀਵਨ ਹਾਲਤਾਂ ਸਨ ਪਰ ਅਜੋਕੇ ਸਮੇਂ ਵਿਗਿਆਨਕ ਖੋਜਾਂ ਅਤੇ ਨਵੀਂ ਤਕਨੀਕ ਦੀ ਆਮਦ ਨੇ ਵੇਖਣ ਨੂੰ ਹੀ ਜ਼ਿੰਦਗੀ ਨੂੰ ਸੌਖਿਆਂ ਕੀਤਾ ਹੈ।  ਪਰ ਹਕੀਕਤ ਇਹ ਹੈ ਕਿ ਬਦਲੇ ਸਮੇਂ ਅੰਦਰ ਨੌਜਵਾਨ ਵਰਗ ਨੂੰ ਚੌਪਾਸਿਓਂ ਤਿੱਖੀਆਂ ਚੁਣੌਤੀਆਂ ਹਨ।  ਕਮੇਟੀ ਵੱਲੋਂ ਚੇਤਨਾ ਕੈਂਪ ਵਰਗੇ ਯਤਨਾਂ ਰਾਹੀਂ ਖ਼ਾਸ ਕਰਕੇ ਨੌਜਵਾਨਾਂ ਨੂੰ ਨਵ-ਮਾਰਗ ਦਿਖਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਤੁਹਾਡੀ ਦਿਲਚਸਪੀ ਅਤੇ ਸਿੱਖਣ ਦੀ ਜਗਿਆਸਾ ਤੱਕ ਕੇ ਕਮੇਟੀ ਨੂੰ ਹੋਰ ਵੀ ਉਤਸ਼ਾਹ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਸਾਡਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਤੁਸੀਂ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਸਫ਼ਲ ਬਣਾਉਣ ਲਈ ਹਰ ਪੱਖੋਂ ਅੱਗੇ ਆਉਗੇ।
ਕੈਂਪ ਦੇ ਮੰਚ ਸੰਚਾਲਕ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਿੱਖਿਆਰਥੀਆਂ ਨੂੰ ਸੱਦਾ ਦਿੱਤਾ ਕਿ ਚੇਤਨਾ ਕੈਂਪ ਦੀ ਇਹ ਲੜੀ ਵੱਖ-ਵੱਖ ਖੇਤਰਾਂ ਅੰਦਰ ਅੱਗੇ ਤੋਰਨ ਲਈ ਉਹ ਸਥਾਨਕ ਪੱਧਰਾਂ ‘ਤੇ ਨੌਜਵਾਨਾਂ ਨੂੰ ਜੋੜਦੇ ਹੋਏ ਅੱਗੇ ਆਉਣ ਤਾਂ ਜੋ ਸਮਾਜਕ ਪਰਿਵਰਤਨ ਦੀ ਇਨਕਲਾਬੀ ਜੱਦੋ-ਜਹਿਦ ਦੇ ਮੋਰਚੇ ਦੇ ਦ੍ਰਿਸ਼ ‘ਤੇ ਨੌਜਵਾਨਾਂ ਨੂੰ ਅਗਲੀ ਕਤਾਰ ‘ਚ ਲਿਆਂਦਾ ਜਾ ਸਕੇ।
ਕੈਂਪ ਦੇ ਸਿਖਰ ‘ਤੇ ਸਮੂਹ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰਾਂ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਗਿਆ।  ਆਪਣੇ ਆਪ ਨੂੰ ਨਵੇਂ ਵਿਚਾਰਾਂ ਨਾਲ ਲੈਸ ਮਹਿਸੂਸ ਕਰਦੇ ਅਤੇ ਮਚਲਦੇ ਜਜ਼ਬਿਆਂ ਨੂੰ ਜ਼ਰਬਾਂ ਦਿੰਦੇ ਹੋਏ ਸਿੱਖਿਆਰਥੀ ਖ਼ੁਸ਼ੀ ਖ਼ੁਸ਼ੀ ਹਾਲ ਵਿਚੋਂ ਆਪਣੇ ਖੇਤਰਾਂ ਵੱਲ ਰਵਾਨਾ ਹੋਏ।
ਜਾਰੀ ਕਰਤਾ – ਅਮੋਲਕ ਸਿੰਘ, ਕਨਵੀਨਰ, ਸਭਿਆਚਾਰਕ ਵਿੰਗ