ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ 18-19 ਜਨਵਰੀ ਨੂੰ ਜਲੰਧਰ ਵਿਖੇ

10 ਮੁਲਕਾਂ ਤੋਂ ਡੈਲੀਗੇਟ ਅਤੇ ਮਾਹਿਰ ਹੋਣਗੇ ਸ਼ਾਮਲ 
ਜਲੰਧਰ (18 ਦਸੰਬਰ) – ਵਰਲਡ ਪੰਜਾਬੀ ਟੈਲੀਵਿਜ਼ਨ/ਰੇਡੀਓ ਅਕੈਡਮੀ ਵਲੋਂ ਪਹਿਲੀ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ 18-19 ਜਨਵਰੀ 2013 ਨੂੰ ਜਲੰਧਰ ਵਿਖੇ ਕਰਵਾਈ ਜਾ ਰਹੀ  ਹੈ। ਪ੍ਰੈਸ ਕਲੱਬ ਜਲੰਧਰ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕੈਡਮੀ ਦੇ ਚੇਅਰਮੈਨ ਪ੍ਰੋ. ਕੁਲਬੀਰ ਸਿੰਘ ਨੇ ਕਿਹਾ ਕਿ ਕਾਨਫ਼ਰੰਸ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਜਰਮਨੀ, ਇਟਲੀ ਆਦਿ ਮੁਲਕਾਂ ਤੋਂ ਪੰਜਾਬੀ ਅਖ਼ਬਾਰਾਂ ਦੇ ਸੰਪਾਦਕ, ਟੈਲੀਵਿਜ਼ਨ ਅਤੇ ਰੇਡੀਓ ਦੇ ਡਾਇਰੈਕਟਰ/ਪ੍ਰਤੀਨਿਧ ਸ਼ਾਮਲ ਹੋਣਗੇ।
ਪੰਜਾਬ ਦੇ ਪੰਜਾਬੀ ਮੀਡੀਆ ਨਾਲ ਸੰਬੰਧਤ ਨਾਮਵਰ ਮੀਡੀਆ ਸ਼ਖ਼ਸੀਅਤਾਂ ਸਰਗਰਮ ਸ਼ਮੂਲੀਅਤ ਕਰਨਗੀਆਂ। ਇਸ ਅੰਤਰਰਾਸ਼ਟਰੀ ਪੰਜਾਬੀ ਮੀਡੀਆ ਕਾਨਫ਼ਰੰਸ ਦੌਰਾਨ ਪੰਜਾਬ ਦੀ ਪੰਜਾਬੀ ਪੱਤਰਕਾਰੀ, ਭਾਰਤ ਦਾ ਪੰਜਾਬੀ ਇਲੈਕਟ੍ਰਾਨਿਕ ਮੀਡੀਆ, ਪਰਵਾਸੀ ਪੰਜਾਬੀ ਪੱਤਰਕਾਰੀ, ਪਰਵਾਸੀ ਪੰਜਾਬੀ ਇਲੈਕਟ੍ਰਾਨਿਕ ਮੀਡੀਆ, ਪੰਜਾਬ ਦੇ ਭਖਦੇ ਮਸਲੇ ਅਤੇ ਪੰਜਾਬੀ ਮੀਡੀਆ, ਪਰਵਾਸੀ ਪੰਜਾਬੀਆਂ ਦੇ ਮਸਲੇ, ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਦਾ ਮਸਲਾ, ਪੰਜਾਬੀ ਮੀਡੀਆ ਅਤੇ ਪੰਜਾਬੀ ਭਾਸ਼ਾ, ਪੰਜਾਬੀ ਮੀਡੀਆ: ਵਿਰਸਾ ਅਤੇ ਵਰਤਮਾਨ, ਐਫ਼ ਐਮ. ਰੇਡੀਓ: ਦਸ਼ਾ ਤੇ ਦਿਸ਼ਾ, ਇੰਟਰਨੈਟ ਰੇਡੀਓ: ਆਗਾਜ਼ ਤੇ ਅੰਜਾਮ, ਆਨ ਲਾਈਨ ਪੰਜਾਬੀ ਮੀਡੀਆ: ਸਥਿਤੀ ਅਤੇ ਸੰਭਾਵਨਾਵਾਂ, ਸੋਸ਼ਲ ਮੀਡੀਆ: ਦਸ਼ਾ ਤੇ ਦਿਸ਼ਾ, ਆਧੁਨਿਕ ਤਕਨੀਕਾਂ ਅਤੇ ਪੰਜਾਬੀ ਮੀਡੀਆ, ਪੰਜਾਬੀ ਇਲੈਕਟ੍ਰਾਨਿਕ ਮੀਡੀਆ: ਆਕਾਸ਼ਵਾਣੀ ਅਤੇ ਦੂਰਦਰਸ਼ਨ ਜਲੰਧਰ ਦੀ ਭੂਮਿਕਾ ਜਿਹੇ ਵਿਸ਼ਿਆਂ ਬਾਰੇ ਦੇਸ਼-ਵਿਦੇਸ਼ ਦੇ ਮਾਹਿਰ ਪਰਚੇ ਪੜਨਗੇ ਜਿਨਾਂ ਨੂੰ ਬਾਅਦ ਵਿੱਚ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ ਜਾਵੇਗਾ।
ਲਾਇਲਪੁਰ ਖਾਲਸਾ ਕਾਲਜ ਫ਼ਾਰ ਵੋਮੇਨ ਜਲੰਧਰ ਦੇ ਸਹਿਯੋਗ ਨਾਲ ਉਨਾਂ ਦੇ ਆਡੀਟੋਰੀਅਮ ਵਿਖੇ ਕਰਵਾਈ ਜਾਣ ਵਾਲੀ ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਸੰਬੰਧੀ ਜਾਣਕਾਰੀ ਦੇਣ ਲਈ ਬੁਲਾਈ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰੋ. ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਕਾਨਫ਼ਰੰਸ ਦਾ ਮਨੋਰਥ ਦੁਨੀਆ ਭਰ ਦੇ ਪੰਜਾਬੀ ਮੀਡੀਆ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਨਾ, ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਠੋਸ ਨਤੀਜੇ ਦੇਣਾ ਹੈ।
ਇਸ ਮੌਕੇ ਆਸਟਰੇਲੀਆ ਅਤੇ ਕੈਨੇਡਾ ਤੋਂ ਆਏ ਸ਼੍ਰੀ ਸਰਤਾਜ ਸਿੰਘ ਧੌਲ ਅਤੇ ਸ਼੍ਰੀ ਸਤਿੰਦਰਪਾਲ ਸਿੰਘ ਸਿਧਵਾਂ ਨੇ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਕਰਵਾਉਣ ਲਈ ਵਰਲਡ ਪੰਜਾਬੀ ਟੈਲੀਵਿਜ਼ਨ/ਰੇਡੀਓ ਅਕੈਡਮੀ ਦੀ ਸਰਾਹਨਾ ਕੀਤੀ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰੋ. ਕੁਲਬੀਰ ਸਿੰਘ, ਸ਼੍ਰੀ ਸਤਿੰਦਰਪਾਲ ਸਿੰਘ ਸਿਧਵਾਂ(ਕੈਨੇਡਾ), ਸ਼੍ਰੀ ਸਰਤਾਜ ਸਿੰਘ ਧੌਲ (ਆਸਟਰੇਲੀਆ), ਡਾ. ਲਖਵਿੰਦਰ ਜੌਹਲ, ਡਾ. ਕਮਲੇਸ਼ ਦੁੱਗਲ, ਸ. ਮੇਜਰ ਸਿੰਘ, ਸ਼੍ਰੀ ਦੀਪਕ ਬਾਲੀ ਅਤੇ ਪ੍ਰੋ. ਸਿਮਰਨ ਸਿੱਧੂ ਆਦਿ ਸ਼ਾਮਲ ਸਨ।
conferenceworldpunjabitv.com

+91-9417153513