
(421 ਸਾਲਾ ਪਹਿਲੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼)
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁ: ਸ੍ਰੀ ਰਾਮਸਰ ਸਾਹਿਬ ਵਾਲੇ ਰਮਣੀਕ ਅਸਥਾਨ ‘ਤੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾਕੇ ਕਰਵਾਈ ਸੀ। ਵਿਦਵਾਨ ਲਿਖਾਰੀਆਂ ਅਨੁਸਾਰ ਇਹ ਪਵਿੱਤਰ ਕਾਰਜ ਗੁਰੂ ਜੀ ਨੇ ਸੰਨ 1603 ਈ: ਨੂੰ ਫਰਵਰੀ ਦੇ ਆਖਰੀ ਹਫਤੇ ਆਰੰਭ ਕਰਕੇ ਲਗਭਗ ਡੇਢ ਸਾਲ ਵਿਚ ਭਾਵ ਸੰਨ 1604 ਈ: ਅਗਸਤ ਦੇ ਆਖਰੀ ਹਫਤੇ ਵਿਚ ਸੰਪੂਰਨ ਕੀਤਾ ਸੀ (ਕਈ ਲਿਖਾਰੀਆਂ ਅਨੁਸਾਰ 1601-1604 ਈ: ਤਕ ਤਿੰਨ ਸਾਲ ‘ਚ ਅਤੇ ਕਈਆਂ ਨੇ ਨੌਂ ਮਹੀਨੇ ‘ਚ ਸੰਪੂਰਨਤਾ ਦੱਸੀ ਹੈ)।
ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਨੇ ਆਪਣੇ ਤੋਂ ਪਹਿਲੇ 4 ਗੁਰੂ ਸਾਹਿਬਾਨ ਜੀ ਦੀ ਇਕਤਰ ਕੀਤੀ ਬਾਣੀ ਅਤੇ ਆਪਣੀ ਲਿਖੀ ਬਾਣੀ ਤੋਂ ਇਲਾਵਾ 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ 4 ਗੁਰਸਿੱਖ ਸਾਹਿਬਾਨ (ਕਈ ਇਤਿਹਾਸਕਾਰ ਭਾਈ ਮਰਦਾਨਾ ਜੀ ਦੇ ਨਾਮ ਵਾਲੇ ਸ਼ਬਦਾਂ ਨੂੰ ਪਹਿਲੀ ਪਾਤਸ਼ਾਹੀ ਜੀ ਦੀ ਲਿਖੀ ਹੋਈ ਬਾਣੀ ਮੰਨਦੇ ਹਨ) ਦੀ ਬਾਣੀ ਦੀ ਤਰਤੀਬ ਨਾਲ 30 ਰਾਗਾਂ ‘ਚ ਸੰਪਾਦਨਾ ਕਰਨ ਦਾ ਪਵਿੱਤਰ ਅਤੇ ਮਹਾਨ ਸੁੱਭ ਕਾਰਜ ਕੀਤਾ । ਇਸ ਪਵਿੱਤਰ ਗ੍ਰੰਥ ਵਿੱਚ ਵੱਖ ਵੱਖ ਧਰਮਾਂ ਨਾਲ ਸਬੰਧ ਰੱਖਣ ਵਾਲੇ ਬਾਣੀਕਾਰਾਂ ਦੀ ਬਾਣੀ ਨੂੰ ਸ਼ਾਮਲ ਕਰਕੇ ਗੁਰੂ ਜੀ ਨੇ ਲੋਕਾਈ ਨੂੰ ਸੰਦੇਸ਼ ਦਿੱਤਾ ਕਿ ਸੱਚ ਦੀ ਆਵਾਜ਼ ਸਭ ਦੀ ਸਾਂਝੀ ਹੁੰਦੀ ਹੈ ਜਿਸ ਤੋਂ ਕੋਈ ਵੀ ਪ੍ਰਾਣੀ ਸੇਧ ਲੈ ਕੇ ਸੰਸਾਰ ਦੇ ਰਚਨਹਾਰ ਇੱਕ ਅਕਾਲ ਪੁਰਖ ਨਾਲ ਇਕਮਿਕ ਹੋ ਸਕਦਾ ਹੈ। ਇਸ ਗ੍ਰੰਥ ਵਿੱਚ ਸੰਪਾਦਨ ਕੀਤੀ ਬਾਣੀ ਦੁਨੀਆਂ ਦੇ ਧਾਰਮਿਕ ਲਿਖਤੀ ਗ੍ਰੰਥਾਂ ਵਿਚੋਂ ਨਿਵੇਕਲੀ ਅਤੇ ਪਰਮਾਰਥ ਦਾ ਸਹੀ ਤੇ ਸੌਖਾ ਰਸਤਾ ਦਿਖਾਉਣ ਵਾਲੀ ਮਿਸਾਲੀ ਦੇਣ ਹੈ, ਜਿਸ ਵਿੱਚ ਨਿਰੋਲ ਸੱਚੇ ਪ੍ਰਮਾਤਮਾ ਦੀ ਸਿਫਤ ਸਾਲਾਹ ਕੀਤੀ ਗਈ ਹੈ। ਪੰਚਮ ਪਾਤਸ਼ਾਹ ਜੀ ਨੇ ‘ਸ੍ਰੀ ਅੰਮ੍ਰਿਤਸਰ ਸਾਹਿਬ’ ਨਾਮ ਵਾਲੇ ਪਵਿੱਤਰ ਸਰੋਵਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਪਹਿਲਾਂ ਹੀ ਸੰਪੂਰਨ ਕਰ ਲਿਆ ਸੀ ਜਿਥੇ ਇਸ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਨ ਦੀ ਸੇਵਾ ਲਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕੀਤੀ ਗਈ। ਗੁਰੂ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਦਿਨ ਭਾਦੋਂ ਸੁਦੀ 1 ਸੰਮਤ 1661 ਮੁਤਾਬਕ 1 ਸਤੰਬਰ 1604 ਈ: ਨੂੰ ਨਿਯਤ ਕੀਤਾ ਗਿਆ ਜੋ ਸੰਸਾਰ ਦੇ ਇਤਿਹਾਸ ਵਿੱਚ ਅਤੇ ਖਾਸ ਕਰਕੇ ਸਿੱਖ ਤਵਾਰੀਖ਼ ‘ਚ ਬਹੁਤ ਹੀ ਭਾਗਾਂ ਵਾਲਾ ਦਿਨ ਹੋ ਨਿਬੜਿਆ । ਓਸ ਸਮੇਂ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਦਾ ਰਸਤਾ ਲਗਭਗ 2 ਕੁ ਕਿਲੋਮੀਟਰ ਦਾ ਸੀ । ਰਸਤੇ ਵਿਚ ਸੰਘਣੇ ਦਰਖਤਾਂ ਦੇ ਝੁੰਡ ਵਿੱਚੋਂ ਦੀ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਜਾਣ ਦਾ ਰਸਤਾ ਬਣਾਇਆ ਹੋਇਆ ਸੀ।
ਪੰਚਮ ਪਾਤਸ਼ਾਹ ਜੀ ਨੇ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਹੋਣ ਤੋਂ ਬਾਅਦ ਇਸ ਪਵਿੱਤਰ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਲਈ ਮਸੰਦਾਂ ਰਾਹੀਂ ਸੰਗਤਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ ਤਾਂ ਕਿ ਸੰਗਤਾਂ ਵੀ ਇਸ ਇਤਿਹਾਸਕ ਦਿਹਾੜੇ ‘ਤੇ ਗੁਰੂ ਜੀ ਦੀਆਂ ਅਸੀਸਾਂ ਦੀਆਂ ਪਾਤਰ ਬਣ ਸਕਣ। ਸੋ 1 ਸਤੰਬਰ 1604 ਈ: ਨੂੰ ਬਾਣੀ ਦੇ ਬੋਹਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ‘ਤੇ 975 ਅੰਗਾਂ ਵਾਲੇ ਵੱਡੇ ਆਕਾਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਛੋਟੇ ਪੀੜ੍ਹੇ ਵਿਚ ਸ਼ਸ਼ੋਭਿਤ ਸਨ, ਨੂੰ ਖੁਦ ਟਿਕਾਇਆ ਅਤੇ ਆਪ ਇਸ ਪਵਿੱਤਰ ਗ੍ਰੰਥ ਉਤੇ ਚੌਰ ਸਾਹਿਬ ਕਰਨ ਦੀ ਸੇਵਾ ਸੰਭਾਲ ਲਈ । ਗੁ: ਸ੍ਰੀ ਰਾਮਸਰ ਸਾਹਿਬ ਜੀ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਣ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਚਮ ਪਾਤਸ਼ਾਹ ਜੀ ਨੇ ਬੜੇ ਅਦਬ-ਸਤਿਕਾਰ ਨਾਲ ਸਹਿਜੇ ਸਹਿਜੇ ਕਦਮ ਪੁਟਣ ਲਈ ਬਚਨ ਕੀਤੇ ਤਾਂ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਦੇ ਰਸਤੇ ਉੱਪਰ ਚਲਣਾ ਆਰੰਭ ਕੀਤਾ । ਕੁਝ ਸਿਖਾਂ ਨੇ ਰਸਤੇ ‘ਚ ਜਲ ਦੇ ਛਿੜਕਾਅ ਕਰਨ ਦੀ ਸੇਵਾ ਸੰਭਾਲ ਲਈ । ਬਾਕੀ ਸੰਗਤਾਂ ਨੇ ਗੁਰੂ ਜੀ ਦੇ ਪਿਛੇ ਵਾਹਿਗੁਰੂ ਅਤੇ ਬਾਣੀ ਦੇ ਸ਼ਬਦਾਂ ਦਾ ਜਾਪ ਓਸ ਵੇਲੇ ਦੇ ਸਾਜ਼ਾਂ ਨਾਲ ਕਰਨ ਦੀ ਸੇਵਾ ਦਾ ਸੁਭਾਗ ਪ੍ਰਾਪਤ ਕਰ ਲਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਹੁੰਚਕੇ ਪੰਚਮ ਪਾਤਸ਼ਾਹ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਨਾਲ ਪੀਹੜਾ ਸਾਹਿਬ ‘ਚ ਟਿਕਾਇਆ । ਸਾਰੀਆਂ ਸੰਗਤਾਂ ਦੇ ਪਹੁੰਚਣ ‘ਤੇ ਪੰਚਮ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ (“ਬੁੱਢਾ ਸਾਹਿਬ ਖੋਲੋ ਗ੍ਰਿੰਥ ।। ਲੇਹੁ ਅਵਾਜ਼ ਸੁਨਹਿ ਸਭਿ ਪੰਥ।।……ਅਦਬ ਸੰਗ ਤਬ ਗ੍ਰਿੰਥ ਸੁ ਖੋਲਾ।। ਲੇ ਅਵਾਜ਼ ਬੁੱਢਾ ਮੁਖ ਬੋਲਾ।।”) …… ਤਦ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 783-84 ਅੰਗ ਤੋਂ ਛੇ-ਛੇ ਲਾਇਨਾ ਵਾਲਾ ਚਾਰ ਪਦਿਆਂ ਦਾ ਹੁਕਮਨਾਮਾ ਪੰਚਮ ਗੁਰੂ ਜੀ ਅਤੇ ਸੰਗਤਾਂ ਨੂੰ ਸਰਵਨ ਕਰਾਇਆ——-(ਸੂਹੀ ਮਹਲਾ ੫।। ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ…।।)।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਲਏ ਗਏ ਪਹਿਲੇ ਹੁਕਮਨਾਮੇ ਨੂੰ ਸਰਵਨ ਕਰਕੇ ਗੁਰੂ ਜੀ ਅਤੇ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ । ਸ੍ਰੀ ਹਰਿਮੰਦਰ ਸਾਹਿਬ ਵਿੱਚ ਪੰਚਮ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਆਦਿ ਨੂੰ ਸਾਰੀਆਂ ਸੰਗਤਾਂ ਇਸ ਮਹਾਨ ਕਾਰਜ ਦੀਆਂ ਵਧਾਈਆਂ ਦੇਣ ਲੱਗੀਆਂ । ਸ੍ਰੀ ਗੁਰੂ ਗ੍ਰੰਥ ਸਾਹਿਬ (ਸ੍ਰੀ ਪੋਥੀ ਸਾਹਿਬ) ਦਾ ਪਹਿਲਾ ਪ੍ਰਕਾਸ਼ ਹੋਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਰਾਤ ਸਮੇਂ ਪਲੰਗਾ ਸਾਹਿਬ ‘ਤੇ ਬਿਰਾਜਮਾਨ ਨਹੀਂ ਹੋਏ ਸਗੋਂ ਆਪ ਜੀ ਨੇ ‘ਸ਼ਬਦ ਗੁਰੂ’ ਜੀ ਦੇ ਸਤਿਕਾਰ ਹਿਤ ਜਮੀਨ ‘ਤੇ ਆਸਣ ਲਾਕੇ ਆਰਾਮ ਕਰਨਾ ਹੀ ਠੀਕ ਸਮਝਿਆ।
ਇਕ ਧੁਰ ਦਰਗਾਹ ਤੋਂ ਆਈ ਬਾਣੀ ਦੇ ਸੰਗ੍ਰਹਿ ਵਾਲੇ ‘ਨਾਮ ਰੂਪੀ ਜਹਾਜ਼’ ਦਾ ਪ੍ਰਕਾਸ਼, ਪੰਚਮ ਪਾਤਸ਼ਾਹ ਜੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਨਾਮਕ ਜਹਾਜ਼’ ਵਿਚ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਕਰਵਾਕੇ ਬਹੁਤ ਹੀ ਮਹਾਨ ਕਾਰਜ ਕੀਤਾ ਗਿਆ।
ਅੰਮ੍ਰਿਤ ਸਰੋਵਰ ਵਿੱਚ ਬਣੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਅਤੇ ਸਿਫਤ-ਸਾਲਾਹ ਪੰਚਮ ਪਾਤਸ਼ਾਹ ਜੀ ਖੁਦ ਆਪਣੇ ਮੁਖਾਰਬਿੰਦ ਤੋਂ ਉਚਾਰੀ ‘ਫੁਨਹੇ’ ਨਾਮ ਵਾਲੀ ਬਾਣੀ ਵਿੱਚ ਕਰਦੇ ਹੋਏ ਫੁਰਮਾਉਂਦੇ ਹਨ (“ਡਿਠੇ ਸਭੇ ਥਾਵ ਨਹੀ ਤੁਧ ਜੇਹਿਆ।। ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।”) –ਅਤੇ ਅਗਲੀ ਤੁਕ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਰੋਵਰ ਦੀ ਉਪਮਾ ਕਰਦੇ ਹੋਏ ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ (“ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ।। ਹਰਿਹਾਂ ਨਾਨਕ ਕਸਮਲ ਜਾਹਿ ਨਾਈਐ ਰਾਮਦਾਸ ਸਰ।।੧੦।।”)







