ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਤੇ ਨਸ਼ਾ ਛੁਡਾਉਣ ਲਈ ਵਿਆਪਕ ਯੋਜਨਾ ਲਾਗੂ – ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ – 18 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁਕੰਮਲ ਤੌਰ ‘ਤੇ ਨਸ਼ਾ ਰਹਿਤ ਕਰਨ ਤੇ ਨਸ਼ਿਆਂ ਦੀ ਲਤ ਦਾ ਸ਼ਿਕਾਰ ਵਿਅਕਤੀਆਂ ਦਾ ਇਲਾਜ ਕਰਕੇ ਉਨ੍ਹਾਂ ਦਾ ਪੁਨਰ ਵਸੇਬਾ ਕਰਨ ਲਈ ਇਕ ਵਿਸਥਾਰਤ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਪੁਲਿਸ, ਸਿਹਤ ਵਿਭਾਗ, ਸਿਵਲ ਪ੍ਰਸ਼ਾਸਨ ਅਤੇ ਗੈਰ ਸਰਕਾਰੀ ਸੰਗਠਨ ਮਿਲ ਕੇ ਕੰਮ ਕਰਨਗੇ। ਜੰਗੀ ਪੱਧਰ ‘ਤੇ ਚੱਲ ਰਹੇ ਇਸ ਮਿਸ਼ਨ ਦੀ ਨਿਗਰਾਨੀ ਲਈ ਪੰਜਾਬ ਸਟੇਟ ਨਾਰਕੋਟਿਕ ਬਿਊਰੋ ਦੀ ਵੀ ਸਥਾਪਨਾ ਕੀਤੀ ਗਈ ਹੈ। ਇੱਥੇ ਮੁੱਖ ਸਕੱਤਰ ਪੰਜਾਬ ਸ੍ਰੀ ਸਰਵੇਸ਼ ਕੌਸ਼ਲ ਤੇ ਬਿਉਰੋ ਦੇ ਆਈ. ਜੀ. ਸ੍ਰੀ ਈਸ਼ਵਰ ਸਿੰਘ ਨਾਲ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਦੂਜੇ ਪੜਾਅ ਵਿੱਚ ਸ਼ਾਮਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ 27,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 200 ਮੁੱਖ ਸਰਗਣੇ ਸ਼ਾਮਿਲ ਹਨ ਜਿਨ੍ਹਾਂ ਵਿਚੋਂ 140 ਕਾਬੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝ ਬੀ. ਐਸ. ਐਫ. ਦੇ ਜਵਾਨ ਤੇ ਪੰਜਾਬ ਪੁਲਿਸ ਦੇ 24 ਮੁਲਾਜ਼ਮ ਤੇ ਇਕ ਡੀ. ਐਸ. ਪੀ. ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਨਸ਼ਿਆਂ ਦੇ ਕੈਪਸੂਲ, ਦਵਾਈਆਂ ਅਤੇ ਟੀਕਿਆਂ ਤੋਂ ਇਲਾਵਾ ਭਾਰੀ ਮਾਤਰਾ ਵਿਚ ਨਸ਼ੀਲੀਆਂ ਵਸਤਾਂ ਕਾਬੂ ਕੀਤੀਆਂ ਗਈਆਂ ਹਨ……… ਜੋ ਕਿ ਦੇਸ਼ ਵਿੱਚ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੀ ਨਿਗਰਾਨੀ ਲਈ ਸਥਾਪਿਤ ਕੀਤੀ ਗਈ ‘ਪੰਜਾਬ ਸਟੇਟ ਨਾਰਕੋਟਿਕ ਬਿਊਰੋ’ ਆਈ. ਜੀ. ਸ੍ਰੀ ਈਸ਼ਵਰ ਸਿੰਘ ਦੀ ਨਿਗਰਾਨੀ ਹੇਠ ਆਜ਼ਾਦਾਨਾ ਤੌਰ ‘ਤੇ ਕੰਮ ਕਰੇਗੀ, ਜਿਸ ਵਿੱਚ ਸਿਹਤ ਵਿਭਾਗ ਤੋਂ ਡਾ. ਅਵਸਥੀ ਤੇ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਸ੍ਰੀ ਪ੍ਰਮੋਦ ਕੁਮਾਰ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਾ ਤਸਕਰੀ ਲਈ ਅੰਤਰਰਾਸ਼ਟਰੀ ਰੂਟ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਰਾਹੀਂ ਪਾਕਿਸਤਾਨ ਤੋਂ ਸਪਲਾਈ ਨਸ਼ੀਲੇ ਪਦਾਰਥ ਅੱਗੇ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਿਊਰੋ ਨਾਰਕੋਟਿਕ ਕੰਟਰੋਲ ਬਿਊਰੋ ਆਫ਼ ਇੰਡੀਆ, ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ ਤੇ ਬੀ. ਐਸ. ਐਫ. ਨਾਲ ਤਾਲਮੇਲ ਕਰਕੇ ਕੰਮ ਕਰੇਗੀ। ਬਿਊਰੋ ਵੱਲੋਂ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਕੰਮ ਕੀਤਾ ਜਾਵੇਗਾ ਉੱਥੇ ਸਿਹਤ ਵਿਭਾਗ ਨਾਲ ਮਿਲ ਕੇ ਨਸ਼ਾ ਛੁਡਾਉਣ ਲਈ ਇਕ ਡੀ. ਆਈ. ਜੀ ਪੱਧਰ ਦਾ ਅਧਿਕਾਰੀ ਨਿਗਰਾਨੀ ਰੱਖੇਗਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਸਖ਼ਤੀ ਕਾਰਨ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਕਾਰਨ ਨਸ਼ਿਆਂ ਦੀ ਸਪਲਾਈ ਲਾਇਨ ਟੁੱਟ ਚੁੱਕੀ ਹੈ, ਜਿਸ ਕਰਕੇ ਹੁਣ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉਣ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ਮੁੱਖ ਸਕੱਤਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ 141 ਮੁੱਢਲੇ ਸਿਹਤ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਨਸ਼ਾ ਛੁਡਾਊ ਕੇਂਦਰਾਂ ਨੂੰ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ਾ ਛੱਡਣ ਜਾਣਗੇ ਉਨ੍ਹਾਂ ਦੇ ਮੁੜ ਵਸੇਬੇ ਲਈ 220 ਮੁੜ ਵਸੇਬਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਅਤੇ ਇਸ ਸਾਰੀ ਪ੍ਰਕ੍ਰਿਆ ਦੀ ਦੇਖ-ਰੇਖ ਸੂਬੇ ਭਰ ਵਿੱਚ 11 ਆਈ. ਏ. ਐਸ. ਤੇ ਆਈ. ਪੀ. ਐਸ. ਅਧਿਕਾਰੀ ਕਰਨਗੇ। ਇਸ ਮੌਕੇ ਸ. ਬਾਦਲ ਨੇ ਨਸ਼ਿਆਂ ਦੀ ਸਪਲਾਈ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਹੈਲਪ ਲਾਇਨ 181 ਤੋਂ ਇਲਾਵਾ, ਫ਼ੋਨ ਨੰ: 76961-81181 ‘ਤੇ ਐਸ. ਐਮ. ਐਸ., 0172-6626181 ਫੈਕਸ, sncbpunjab@bmail.com, www.facebook.com/page/state-Narcotics-Bureau-Punjab-India ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਅਜਿਹੀ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨਾਲ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ , ਉਹ ਭਾਵੇਂ ਕੋਈ ਵੀ ਰੁਤਬਾ ਰਖਦਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹ ਕਹਿ ਸਕਦੇ ਹਨ ਕਿ ਸੂਬੇ ਵਿਚ ਨਸ਼ਾ ਤਸਕਰਾਂ ਨੂੰ ਸਿਆਸੀ ਸ਼ਹਿ ਬਿਲਕੁਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਡੀਕਲ ਨਸ਼ਿਆਂ ਨੂੰ ਰੋਕਣ ਲਈ ਪਿਛਲੇ ੩ ਸਾਲ ਤੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ, ਜਿਸ ਤਹਿਤ ਸਾਲ 2011 ਦੌਰਾਨ 61 ਲੱਖ ਨਸ਼ੀਲੇ ਕੈਪਸੂਲ, 2012 ਦੌਰਾਨ 1 ਕਰੋੜ 14 ਲੱਖ ਤੇ 2013 ਦੌਰਾਨ 3 ਕਰੋੜ 50 ਲੱਖ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ ਹੁਣ ਡਰੱਗ ਇੰਸਪੈਕਟਰਾਂ ਨੂੰ ਪੰਜਾਬ ਨਾਰਕੋਟੈਕਿਟ ਬਿਊਰੋ ਵਿੱਚ ਡੈਪੂਟੇਸ਼ਨ ‘ਤੇ ਲਿਆਂਦਾ ਜਾ ਰਿਹਾ ਹੈ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਫਾਸਟ ਟਰੈਕ ਅਦਾਲਤ ਦੀ ਸਥਾਪਨਾ ਲਈ ਬੇਨਤੀ ਕੀਤੀ ਗਈ ਹੈ। ਸ. ਬਾਦਲ ਨੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਗੰਭੀਰ ਹੈ, ਪਰ ਮੀਡੀਆ ਵੱਲੋਂ ਪੰਜਾਬ ਦੀ ਤਸਵੀਰ ਇਸ ਤਰ੍ਹਾਂ ਪੇਸ਼ ਕੀਤੀ ਜਾ ਰਹੀ ਹੈ, ਜਿਵੇਂ ਸਾਰੇ ਪੰਜਾਬੀ ਨਸ਼ੇ ਕਰਦੇ ਹੋਣ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ, ਕਿਉਂਕਿ ਜਿਸ ਰਿਪੋਰਟ ਦੇ ਆਧਾਰ ‘ਤੇ ਪੰਜਾਬੀਆਂ ਨੂੰ ਨਸ਼ੇੜੀ ਗਰਦਾਨਿਆ ਜਾ ਰਿਹਾ ਹੈ, ਉਸ ਸਰਵੇ ਵਿੱਚ ਸਿਰਫ਼ ਤੇ ਸਿਰਫ਼ ਨਸ਼ੇ ਦੀ ਮਾਰ ਹੇਠਲੇ ਲੋਕਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਸੀ, ਤੇ ਉਨ੍ਹਾਂ ਵਿਚੋਂ ੭੦ ਫੀਸਦੀ ਨੌਜਵਾਨ ਸਨ। ਇਰਾਕ ਵਿੱਚ ਅਗਵਾ ਕੀਤੇ ਗਏ ਪੰਜਾਬੀਆਂ ਬਾਰੇ ਸਵਾਲ ਦੇ ਉੱਤਰ ਵਿਚ ਸ. ਬਾਦਲ ਨੇ ਕਿਹਾ ਕਿ ਅੱਜ ਸਵੇਰ ਹੀ ਉਨ੍ਹਾਂ ਨੂੰ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਵੱਲੋਂ ਫ਼ੋਨ ਕੀਤਾ ਗਿਆ ਸੀ, ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ‘ਤੇ ਕੇਂਦਰ ਸਰਕਾਰ ਨਾਲ ਸਿੱਧਾ ਸੰਪਰਕ ਬਣਾਇਆ ਹੋਇਆ ਹੈ। ਇਸ ਮੌਕੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਪ੍ਰਮੁੱਖ ਸਕੱਤਰ ਪੀ. ਐਸ. ਔਜਲਾ, ਏ. ਡੀ. ਜੀ. ਪੀ ਇੰਟੈਲੀਜੈਂਸ ਸ਼੍ਰੀ ਹਰਦੀਪ ਸਿੰਘ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਅਸ਼ਵਨੀ ਸ਼ਰਮਾ ਵੀ ਹਾਜ਼ਰ ਸਨ।