ਅੰਮ੍ਰਿਤਸਰ, 6 ਮਈ – ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ (ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਜੀਟੀ ਰੋਡ) ਵਿਖੇ “Forever Queen ਮਹਾਰਾਣੀ ਜਿੰਦਾਂ” ਨਾਟਕ ਦਾ ਬਾਖੂਬੀ ਮੰਚਨ ਕੀਤਾ ਗਿਆ। ਡਾ. ਆਤਮਾ ਸਿੰਘ ਗਿੱਲ ਦੁਆਰਾ ਲਿਖੇ ਅਤੇ ਈਮੈਨੂਅਲ ਸਿੰਘ ਗੁਮਟਾਲਾ ਦੁਆਰਾ ਨਿਰਦੇਸ਼ਿਤ ਕੀਤੇ ਇਸ ਇਤਿਹਾਸਕ ਨਾਟਕ ਰਾਹੀਂ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣ ਦਾ ਸਫਲ ਯਤਨ ਕੀਤਾ ਗਿਆ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਾਟਕ ਦੀ ਪੇਸ਼ਕਾਰੀ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ਬੁਲਾਏ ਗਏ ਬਾਬਾ ਬੁੱਢਾ ਜੀ ਦੀ ਅੰਸ-ਬੰਸ਼ ਵਿਚੋਂ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਜੀ ਵਲੋਂ ਨਾਟਕ ਦੇ ਲੇਖਕ ਪ੍ਰੋ: ਡਾ. ਆਤਮਾ ਸਿੰਘ ਗਿੱਲ ਅਤੇ ਡਾਇਰੈਕਟਰ ਈਮੈਨੂਅਲ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ।
ਨਾਟਕ ਨੂੰ ਵੇਖਣ ਲਈ ਹੱਲਕਾ ਅੰਮ੍ਰਿਤਸਰ ਪੱਛਮੀ ਦੇ ਐਮਐਲਏ ਜਸਬੀਰ ਸਿੰਘ ਸੰਧੂ ਤੋਂ ਇਲਾਵਾ ਗਰੁੱਪ ਆਫ ਅੰਮ੍ਰਿਤਸਰ ਕਾਲਜਿਜ਼ ਤੋਂ ਡਾਇਰੈਕਟਰ, ਪ੍ਰਿੰਸੀਪਲ ਡਾ. ਗੌਤਮ ਤੇਜਪਾਲ, ਚਾਰਟਡ ਅਕਾਉਟੈਟ ਆਸ਼ਿਮਾ ਧੀਰ, ਨਰਿੰਦਰ ਸਾਂਘੀ, ਭਾਈ ਜਸਪਾਲ ਸਿੰਘ, ਨਵਪ੍ਰੀਤ ਸਿੰਘ ਸਫੀਪੁਰ, ਵੱਖ-ਵੱਖ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਨਾਟਕ ਵਿੱਚ ਪ੍ਰੀਤਪਾਲ ਹੁੰਦਲ, ਗੁਰਪਿੰਦਰ ਕੌਰ, ਈਮੈਨੂਅਲ ਸਿੰਘ, ਮਰਕਸਪਾਲ ਗੁਮਟਾਲਾ, ਡਾ. ਆਤਮਾ ਸਿੰਘ ਗਿੱਲ, ਆਲਮ ਸਿੰਘ, ਲਖਵਿੰਦਰ ਲੱਕੀ, ਪ੍ਰਭਜੋਤ ਸੰਘਾ, ਸਾਰੰਗੀ ਵਾਦਕ ਪ੍ਰੋ. ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰੀਆਦੀਪ ਕੌਰ, ਰਵੀ ਕੁਮਾਰ, ਵਿਕਰਮ ਗੁਮਟਾਲਾ, ਸੁਰਭੀ, ਸੁਨੇਹਾ, ਇੰਦੂ ਸ਼ਰਮਾ, ਅਚਲ ਮਹਾਜਨ, ਗੁਰਲੀਨ ਕੌਰ, ਅਨਮੋਲ ਰਾਣਾ, ਦਿਵਾਂਸ਼ੂ, ਪ੍ਰਾਬੀਰ ਸਿੰਘ ਆਦਿ ਅਦਾਕਾਰਾਂ ਨੇ ਮਹਾਰਾਣੀ ਜਿੰਦਾਂ ਨਾਟਕ ਵਿੱਚ ਅਹਿਮ ਭੂਮਿਕਾ ਨਿਭਾਈ। ਨਾਟਕ ਵਿੱਚ ਸਿੱਖ ਰਾਜ ਦੀ ਅਧੋਗਤੀ ਦੇ ਨਾਲ ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਵਿਭਿੰਨ ਨਾਟਕੀ ਜੁਗਤਾਂ ਰਾਹੀਂ ਪ੍ਰਸਤੁਤ ਕੀਤਾ ਗਿਆ। ਨਾਟਕ ਵਿੱਚ ਮਹਾਰਾਣੀ ਜਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਆਪਣੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸਦੇ ਹੱਕ-ਹਕੂਕ ਦਿਵਾਉਣ ਲਈ ਮਹਾਰਾਣੀ ਜਿੰਦਾਂ ਜਦੋ-ਜਹਿਦ ਦ੍ਰਿਸ਼ਟੀਗੋਚਰ ਹੁੰਦੀ ਦਿਖਾਈ ਗਈ ਹੈ।
ਸ਼ਾਹ ਮੁਹੰਮਦ ਦੇ ਪ੍ਰਸਿੱਧ ਕਿੱਸੇ “ਜੰਗਨਾਮਾ ਸਿੰਘਾਂ ਤੇ ਫਰੰਗੀਆਂ” ਨੂੰ ਅਧਾਰ ਬਣਾ ਕੇ ਅਤੇ ਇਸ ਦੇ ਲਿਖਤਕਾਰ ਸ਼ਾਹ ਮੁਹੰਮਦ ਨੂੰ ਹੀ ਸੂਤਰਧਾਰ ਬਣਾਕੇ ਨਾਟਕੀ ਪੇਸ਼ਕਾਰੀ ਨੂੰ ਕਿੱਸਾਗੋਈ, ਲੋਕ ਵਾਰ-ਢਾਡੀ ਪ੍ਰੰਪਰਾ ਦੀ ਸ਼ੈਲੀ ਰਾਹੀਂ ਲੋਕਧਾਰਾਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ।
Home Page ਬਾਬਾ ਬੁੱਢਾ ਜੀ ਵੰਸ਼ਜ਼ ਪ੍ਰੋ: ਬਾਬਾ ਰੰਧਾਵਾ ਵੱਲੋਂ ਮਹਾਰਾਣੀ ਜਿੰਦਾਂ ਨਾਟਕ ਦੇ...