ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਵੱਲੋਂ ਗੁ: ਗੁਰੂ ਕੇ ਮਹਿਲ ਵਿਖੇ 50ਵੀਂ ਸ਼ਬਦ ਚੌਂਕੀ ਸਜਾਈ ਗਈ

ਅੰਮ੍ਰਿਤਸਰ, 1 ਜੁਲਾਈ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹਰ ਮਹੀਨੇ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ, ਗੁਰੂ ਕੀ ਵਡਾਲੀ-ਛੇਹਰਟਾ) ਵੱਲੋਂ ਜਥੇ ਸਮੇਤ ਮਹੀਨਾਵਾਰੀ 50ਵੀਂ ਸ਼ਬਦ ਚੌਕੀਂ ਸਾਹਿਬ ਸਜਾਈ ਗਈ । ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਯਾਦਗਾਰੀ ਅਸਥਾਨ (ਐਨ.ਆਰ.ਆਈ ਭਵਨ) ਸੰਨ੍ਹ ਸਾਹਿਬ ਰੋਡ ਪਿਛਲੇ ਪਾਸੇ ਗੁ: ਛੇਹਰਟਾ ਸਾਹਿਬ ਤੋਂ ਚਲਕੇ ਸ਼ਬਦ ਚੌਕੀ ਜਥਾ ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪਹੁੰਚਿਆ।
ਗੁ: ਗੁਰੂ ਕੇ ਮਹਿਲ ਦੇ ਥੜ੍ਹੇ ਸਾਹਿਬ ਦਾ ਰੋਜ਼ਾਨਾ ਇਸ਼ਨਾਨ ਕਰਾਉਣ ਵਾਲੇ ਸੇਵਾਦਾਰਾਂ ਨਾਲ ਸ਼ਬਦ ਚੌਕੀਂ ਜਥੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦੇ ਸਰੋਵਰ ਵਿੱਚੋਂ ਜਲ ਦੀ ਗਾਗਰ ਭਰਕੇ ਗੁ: ਗੁਰੂ ਕੇ ਮਹਿਲ ਵਿਖੇ ਲਿਆਉਣ ਦੀ ਸੇਵਾ ਕੀਤੀ ਅਤੇ ਥੜਾ ਸਾਹਿਬ ਦੇ ਇਸ਼ਨਾਨ ਕਰਾਉਣ ਦੀ ਸੇਵਾ ਵਿੱਚ ਵੀ ਹਿੱਸਾ ਲਿਆ।
ਸਬਦ ਚੌਕੀ ਜਥੇ ਵੱਲੋਂ ਗੁ: ਸਾਹਿਬ ਦੇ ਵੱਡੇ ਦਰਬਾਰ ਦੀਆਂ ਸ਼ਬਦ ਪੜ੍ਹਦੇ ਹੋਏ ਪੰਜ ਪ੍ਰਕਰਮਾ ਕਰਨ ਉਪਰੰਤ ਭੋਰਾ ਸਾਹਿਬ ਦੀਆਂ ਵੀ ਪੰਜ ਪ੍ਰਕਰਮਾ ਕਰਨ ਉਪਰੰਤ ਬੈਠਕੇ ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਪ੍ਰੋ: ਬਾਬਾ ਰੰਧਾਵਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼ਬਦ ਚੌਂਕੀ ਜਥੇ ‘ਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਭਾਈ ਗੁਰਦੇਵ ਸਿੰਘ, ਭਾਈ ਜੀਤ ਸਿੰਘ ਨਾਮਧਾਰੀ, ਰਜਿੰਦਰ ਭਸੀਨ, ਬਲਜਿੰਦਰ ਸਿੰਘ, ਗੁਰਮੀਤ ਸਿੰਘ ਗੁੜਗਾਵਾਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀਆ ਸੰਗਤਾਂ ਵੀ ਹਾਜਰ ਸਨ। ਯਾਦ ਰਹੇ ਕਿ ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਕਾਰ ਸੇਵਾ ਵਾਲੇ ਬਾਬਾ ਵਾਹਿਗੁਰੂ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 2021ਈ: ਵਿਚ 400 ਸਾਲਾ ਪ੍ਰਕਾਸ਼ ਪੁਰਬ ‘ਤੇ ਬਾਬਾ ਬੁੱਢਾ ਵੰਸ਼ਜ ਪ੍ਰੋ: ਰੰਧਾਵਾ ਨੂੰ ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਸ਼ਬਦ ਚੌਂਕੀ ਸਜਾਉਣ ਦੀ ਸੇਵਾ ਝੋਲੀ ਵਿੱਚ ਪਾਈ ਸੀ।