ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁ: ਦਾਤਾ ਬੰਦੀ ਛੋੜ ਗਵਾਲੀਅਰ ਲਈ ਪੈਦਲ ਸ਼ਬਦ ਚੌਕੀਂ ਯਾਤਰਾ ‘ਚ ਭਰੀ ਹਾਜ਼ਰੀ

ਪ੍ਰੋ: ਬਾਬਾ ਰੰਧਾਵਾ ਨੂੰ ਪ੍ਰਬੰਧਕਾਂ ਵਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 22 ਅਗਸਤ – ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਦੇ ਮੁੱਖੀ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਵਲੋਂ ਪਿਛਲੇ ਚਾਰ ਸਾਲਾਂ ਤੋਂ ਆਰੰਭੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਗੁ: ਦਾਤਾ ਬੰਦੀ ਛੋੜ ਗਵਾਲੀਅਰ ਲਈ ਪੰਜਵੀਂ ਸ਼ਬਦ ਚੌਕੀਂ ਪੈਦਲ ਯਾਤਰਾ ਦੀ ਆਰੰਭਤਾ ਹੋਈ । ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਪ੍ਰਬੰਧਕ ਅਤੇ ਸੰਗਤਾਂ ਵੀ ਸ਼ਾਮਲ ਹੋਈਆਂ ਹਨ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਦੀ 10ਵੀਂ ਪੀੜ੍ਹੀ ‘ਚੋਂ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਵੀ ਹਰ ਸਾਲ ਦੀ ਤਰ੍ਹਾਂ ਪੈਦਲ ਸ਼ਬਦ ਚੌਕੀਂ ਯਾਤਰਾ ਵਿਚ ਹਾਜ਼ਰੀ ਭਰੀ ਗਈ। ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੇ ਪ੍ਰਬੰਧਕਾਂ ਵਲੋਂ ਪ੍ਰੋ: ਬਾਬਾ ਰੰਧਾਵਾ ਜੀ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਜੀਤ ਸਿੰਘ ਵਲੋਂ ਪੈਦਲ ਸ਼ਬਦ ਚੌਕੀਂ ਯਾਤਰਾ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਪੈਦਲ ਸ਼ਬਦ ਚੌਂਕੀ ਯਾਤਰਾ ਨਾਲ ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਤੋਂ ਬਾਬਾ ਗੁਰਪ੍ਰੀਤ ਸਿੰਘ, ਪੈਦਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਸੁਸਾਇਟੀ ਬਟਾਲਾ ਦੇ ਮੁੱਖੀ ਡਾ. ਗੁਰਦੇਵ ਸਿੰਘ ਧਾਰੋਵਾਲੀ, ਬਾਬਾ ਰਣਧੀਰ ਸਿੰਘ, ਬਲਜਿੰਦਰ ਸਿੰਘ, ਹਰਪਾਲ ਸਿੰਘ ਧਾਰੋਵਾਲੀ, ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਚੌਕੀ ਸਾਹਿਬ ਸਜਾਉਣ ਵਾਲੇ ਭਾਈ ਜਗਦੀਸ਼ ਸਿੰਘ ਵਾਲੀਆ, ਦਰਬਾਰ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ, ਸੁਰਜੀਤ ਸਿੰਘ, ਜਗਜੀਤ ਸਿੰਘ, ਮੱਖਣ ਸਿੰਘ, ਕਾਲਾ ਸਿੰਘ, ਮਲਕੀਅਤ ਸਿੰਘ, ਗੁਰਦਿੱਤ ਸਿੰਘ, ਜਸਕੀਰਤ ਸਿੰਘ ਆਦਿ ਸ਼ਖ਼ਸੀਅਤਾਂ ਸ਼ਾਮਲ ਸਨ। ਕੇਸਰੀ ਨਿਸ਼ਾਨ ਦੀ ਅਗਵਾਈ ਵਿੱਚ ਪੈਦਲ ਯਾਤਰਾ ‘ਚ ਬਹੁਤ ਵੱਡੀ ਗਿਣਤੀ ਵਿਚ ਸ਼ਾਮਲ ਸੰਗਤਾਂ ਵਲੋਂ ਵੱਖ ਵੱਖ ਪੜਾਵਾਂ ‘ਤੇ ਰਾਤ ਦਾ ਵਿਸ਼ਰਾਮ ਕਰਕੇ 29 ਦਿਨਾਂ ਬਾਅਦ 17 ਸਤੰਬਰ ਨੂੰ ਗੁ: ਦਾਤਾ ਬੰਦੀ ਛੋੜ ਸਾਹਿਬ ਗਵਾਲੀਅਰ ਪਹੁੰਚੇਗੀ।
ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਸਮੇਂ ਦੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਕਿਲ੍ਹੇ ਵਿਚ ਕੈਦ ਕਰ ਲਿਆ ਗਿਆ ਸੀ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨਾ ‘ਤੇ ਅਰਦਾਸ ਕਰਕੇ ਸੰਗਤਾਂ ਸਮੇਤ ਪੈਦਲ ਸ਼ਬਦ ਚੌਕੀਂ ਦੇ ਰੂਪ ਗਵਾਲੀਅਰ ਕਿਲ੍ਹੇ ਤੱਕ ਕਈ ਵਾਰ ਪਹੁੰਚਕੇ ਗਵਾਲੀਅਰ ਕਿਲ੍ਹੇ ਦੀਆਂ ਸ਼ਬਦ ਚੌਂਕੀ ਦੇ ਰੂਪ ਵਿੱਚ ਪ੍ਰਕਰਮਾ ਕਰਦੇ ਅਤੇ ਕਿਲ੍ਹੇ ਦੀ ਕੰਧਾਂ ਨੂੰ ਚੁੰਮਦੇ ਵਾਪਸ ਆ ਜਾਂਦੇ ਸਨ। ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਦੇਸ਼ ਭੇਜਿਆ ਕਿ ਗਵਾਲੀਅਰ ਆਉਣ ਦੀ ਬਿਜਾਏ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਕਰਦੇ ਸ਼ਬਦ ਚੌਕੀਂ ਕੱਢ ਲਿਆ ਕਰੋ ਸੋ ਬਾਬਾ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਚੌਂਕੀ ਦੀ ਪਰੰਪਰਾ ਦੀ ਆਰੰਭਤਾ ਕੀਤੀ ਗਈ ਜੋ ਸਿੱਖ ਸੰਗਤਾਂ ਵਲੋਂ ਅੱਜ ਵੀ ਜਾਰੀ ਹੈ। ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਕਿਲ੍ਹੇ ਵਿਚ ਕੈਦ 52 ਰਾਜਿਆਂ ਨੂੰ ਵੀ ਆਪਣੇ 52 ਕਲੀਆਂ ਵਾਲੇ ਚੋਲੇ ਦੀਆਂ ਕਲੀਆਂ ਫੜਾਕੇ ਲਗਭਗ ਮਹੀਨੇ ਬਾਅਦ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਇਸ ਇਤਿਹਾਸਕ ਘਟਨਾ ਹਿੱਤ ਹੀ ਛੇਵੇਂ ਪਾਤਸ਼ਾਹ ਜੀ ਨੂੰ ‘ਬੰਦੀ ਛੋੜ ਦਾਤਾ’ ਕਿਹਾ ਜਾਂਦਾ ਹੈ। ਗਵਾਲੀਅਰ ਕਿਲ੍ਹੇ ਵਿਚ ਛੇਵੇਂ ਪਾਤਸ਼ਾਹ ਜੀ ਦੀ ਯਾਦ ਵਿੱਚ ਕਾਰ ਸੇਵਾ ਖਡੂਰ ਸਾਹਿਬ ਦੇ ਸੱਚਖੰਡ ਵਾਸੀ ਬਾਬਾ ਊਤਮ ਸਿੰਘ ਜੀ ਵਲੋਂ ਸ਼ਾਨਦਾਰ ਗੁ: ਦਾਤਾ ਬੰਦੀ ਛੋੜ ਸਾਹਿਬ’ ਬਣਾਇਆ ਗਿਆ ਹੈ। ਬਾਬਾ ਬੁੱਢਾ ਸਾਹਿਬ ਜੀ ਵਲੋਂ ਛੇਵੇਂ ਪਾਤਸ਼ਾਹ ਜੀ ਦੀਆਂ ਰਿਹਾਈ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਜੀ ਨੂੰ ਵਰ ਦਿੱਤਾ ਸੀ ਕਿ ਆਪ ਜੀ ਦੇ ਨਾਮ ‘ਤੇ ‘ਬਾਬਾ ਬੁੱਢਾ ਦਲ’ ਚਲੇਗਾ ਜੋ ਅੱਜ ਕਲ ਸਿੱਖ ਪੰਥ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਵਿਚ ‘ਬੁੱਢਾ ਦਲ’ ਨਾਮ ਦਾ ਸ਼੍ਰੋਮਣੀ ਦਲ ਪੰਥ ਚਲ ਰਿਹਾ ਹੈ।