ਬਿਹਾਰ ‘ਚ ਮਹਾਂਗੱਠਜੋੜ ਦੀ ਹੂੰਝਾ ਫੇਰ ਜਿੱਤ, ਨਿਤਿਸ਼ ਹੀ ਹੋਣਗੇ ਮੁੱਖ ਮੰਤਰੀ

Nitish-Lalu-PTIਸੂਬੇ ‘ਚ ਨਹੀਂ ਚੱਲਿਆ ਮੋਦੀ ਦਾ ਜਾਦੂ
ਪਟਨਾ, 8 ਨਵੰਬਰ – ਬਿਹਾਰ ‘ਵਿਧਾਨ ਸਭਾ ਚੋਣਾਂ 2015’ ਵਿੱਚ ਜਨਤਾ ਦਲ (ਯੂ), ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਮਹਾਂਗੱਠਜੋੜ ਨੇ ਵੱਡੀ ਜਿੱਤ ਦਰਜ ਕਰਦਿਆ ਦੋ-ਤਿਹਾਈ ਬਹੁਮਤ ਹਾਸਲ ਕੀਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨਡੀਏ ਨੂੰ ਕਰਾਰੀ ਮਾਤ ਦਿੱਤੀ। ਮਹਾਂਗੱਠਜੋੜ ਦੀ ਜਿੱਤ ਅਤੇ ਭਾਜਪਾ ਵਾਲੇ ਐਨਡੀਏ ਦੀ ਹਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਮੋਹਰਲੀ ਕਤਾਰ ਦੀ ਲੀਡਰਸ਼ਿਪ ਦੀ ਹਾਰ ਕਿਹਾ ਜਾ ਸਕਦਾ ਹੈ ਕਿਉਂਕਿ ਸ੍ਰੀ ਮੋਦੀ ਨੇ ਸੂਬੇ ਵਿੱਚ 30 ਤੋਂ ਵੀ ਵੱਧ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਸੂਬੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਨਹੀਂ ਚੱਲਿਆ ਜਿਸ ਦੇ ਕਰਕੇ ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਪੰਜ ਪੜਾਵੀਂ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਮਹਾਂਗੱਠਜੋੜ ਨੇ 243 ਸੀਟਾਂ ਚੋਂ 178 ‘ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ 58 ਸੀਟਾਂ ਹੀ ਪ੍ਰਾਪਤ ਹੋਈਆਂ। ਮਹਾਂਗੱਠਜੋੜ ਵਿੱਚ ਲਾਲੂ ਯਾਦਵ ਦੀ…. ਅਗਵਾਈ ਹੇਠਲੇ ਰਾਸ਼ਟਰੀ ਜਨਤਾ ਦਲ ਨੇ ਸਭ ਤੋਂ ਵੱਧ 80 ਜਦੋਂ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਨੇ 71 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਦੋਵੇਂ ਪਾਰਟੀਆਂ ਨੇ 101-101 ਸੀਟਾਂ ‘ਤੇ ਚੋਣ ਲੜੀ ਸੀ। ਮਹਾਂਗਠਜੋੜ ਦੀ ਤੀਜੀ ਪਾਰਟੀ ਕਾਂਗਰਸ ਨੇ 27 ਸੀਟਾਂ ਹਾਸਲ ਕੀਤੀਆਂ ਜਦੋਂ ਕਿ ਕਾਂਗਰਸ ਨੇ 41 ਸੀਟਾਂ ‘ਤੇ ਚੋਣ ਲੜੀ ਸੀ। ਗੌਰਤਲਬ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਸਿਰਫ਼ 4 ਸੀਟਾਂ ਹੀ ਮਿਲੀਆਂ ਸਨ।
ਦੂਜੇ ਪਾਸੇ ਭਾਜਪਾ ਨੂੰ 53 ਸੀਟਾਂ ‘ਤੇ ਹੀ ਜਿੱਤ ਮਿਲ ਸਕੀ, ਜਦੋਂ ਕਿ ਭਾਜਪਾ ਨੇ 157 ਸੀਟਾਂ ‘ਤੇ ਚੋਣ ਲੜੀ ਸੀ। ਭਾਜਪਾ ਦੀ ਭਾਈਵਾਲਾਂ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੇ ਲੋਕ ਜਨਸ਼ਕਤੀ ਪਾਰਟੀ ਅਤੇ ਉਪਿੰਦਰ ਕੁਸ਼ਵਾਹਾ ਦੀ ਆਰਐਲਐਸਪੀ ਨੂੰ 2-2 ਸੀਟਾਂ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨ ਅਵਾਮ ਮੋਰਚਾ ਨੂੰ 1 ਸੀਟ ਮਿਲੀ। ਸ੍ਰੀ ਮਾਂਝੀ ਦੀ ਪਾਰਟੀ 19 ਸੀਟਾਂ ‘ਤੇ ਬੁਰੀ ਤਰ੍ਹਾਂ ਹਾਰੀ ਜਦੋਂ ਕਿ ਉਹ ਖ਼ੁਦ 2 ਸੀਟਾਂ ਤੋਂ ਚੋਣ ਲੜੇ ਸਨ ਅਤੇ ਆਪਣੀ 1 ਸੀਟ ਹੀ ਬਚਾਉਣ ‘ਚ ਕਾਮਯਾਬ ਰਹੇ।
ਮਹਾਂਗੱਠਜੋੜ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਚੋਟੀ ਦੇ ਆਗੂਆਂ, ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਖੱਬੀਆਂ ਪਾਰਟੀਆਂ ਦੇ ਨਾਲ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਨਿਤਿਸ਼ ਕੁਮਾਰ ਨੂੰ ਵਧਾਈਆਂ ਦਿੱਤੀਆਂ ਹਨ। ਖ਼ਬਰ ਹੈ ਕਿ ਪਾਰਟੀ ਦੀ ਹਾਰ ਪਿੱਛੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿੱਚ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਚੋਣਾਂ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) 80 ਸੀਟਾਂ ਲੈ ਕੇ ਭਾਵੇਂ ਸੂਬੇ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਪਾਰਟੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਇਸ ਦੇ ਬਾਵਜੂਦ ਨਿਤਿਸ਼ ਕੁਮਾਰ ਹੀ ਬਿਹਾਰ ਦੇ ਮੁੱਖ ਮੰਤਰੀ ਹੋਣਗੇ।