ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 68.85 ਫੁੱਟ ਵਧਿਆ

ਚੰਡੀਗੜ੍ਹ, ੨੫ ਜੂਨ -ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਔਸਤ ਤੋਂ ਦਰਮਿਆਨੀ ਬਾਰਸ਼ ਰਿਕਾਰਡ ਕੀਤੀ ਗਈ। ਜਦੋਂ ਕਿ ਦੂਜੇ ਪਾਸੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1602.16 ਫੁੱਟ ਰਿਕਾਰਡ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ 68.85 ਫੁੱਟ ਜ਼ਿਆਦਾ ਹੈ।  
ਇਹ ਜਾਣਕਾਰੀ ਦਿੰਦੇ ਹੋਏ ਸਿੰਚਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ  ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੀਤੇ 24 ਘੰਟਿਆਂ ਦੌਰਾਨ ਜੋ ਮੀਂਹ ਰਿਕਾਰਡ ਕੀਤਾ ਗਿਆ।  ਉਸ ਅਨੁਸਾਰ ਅੰਮ੍ਰਿਤਸਰ ਵਿੱਚ 27 ਮਿਲੀਮੀਟਰ, ਬਠਿੰਡਾ 34 ਮਿਲੀਮੀਟਰ, ਕਪੂਰਥਲਾ 40 ਮਿਲੀਮੀਟਰ, ਫਤਹਿਗੜ੍ਹ ਸਾਹਿਬ 43ਮਿਲੀਮੀਟਰ, ਫਿਰੋਜ਼ਪੁਰ 48 ਮਿਲੀਮੀਟਰ, ਪਠਾਨਕੋਟ 57 ਮਿਲੀਮੀਟਰ,ਜਲੰਧਰ ੫੯ ਮਿਲੀਮੀਟਰ, ਲੁਧਿਆਣਾ 64 ਮਿਲੀਮੀਟਰ, ਮੋਗਾ 81 ਮਿਲੀਮੀਟਰ, ਐਸ.ਏ.ਐਸ. ਨਗਰ 86 ਮਿਲੀਮੀਟਰ, ਮੁਕਤਸਰ 84, ਪਟਿਆਲਾ 95 ਮਿਲੀਮੀਟਰ, ਸ਼ਹੀਦ ਭਗਤ ਸਿੰਘ ਨਗਰ 93 ਮਿਲੀਮੀਟਰ ਅਤੇ ਰੋਪੜ ਵਿਖੇ 101 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 26 ਜੂਨ, 2013 ਨੂੰ 1602.16 ਫੁੱਟ ਰਿਕਾਰਡ ਕੀਤਾ ਗਿਆ ਜੋ ਕਿ ਅੱਜ ਹੀ ਦੇ ਦਿਨ ਪਿਛਲੇ ਸਾਲ ਭਾਖੜਾ ਵਿੱਚ ਪਾਣੀ ਦੇ ਪੱਧਰ ਨਾਲੋਂ 68.85 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਵਿੱਚ ਪਾਣੀ ਦਾ ਪੱਧਰ 1533.31 ਫੁੱਟ ਰਿਕਾਰਡ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਵਿੱਚ ਮੌਜੂਦਾ ਸਮੇਂ ਪਾਣੀ ਦਾ ਪੱਧਰ 1321.83 ਫੁੱਟ ਹੈ ਜੋ ਕਿ ਪਿਛਲੇ ਸਾਲ ਅੱਜ ਹੀ ਦੇ ਦਿਨ ਰਿਕਾਰਡ ਕੀਤੇ ਪਾਣੀ ਦੇ ਪੱਧਰ 1295.87 ਫੁੱਟ ਨਾਲੋਂ 25.946 ਫੁੱਟ ਜ਼ਿਆਦਾ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਅੱਜ ਦੇ ਦਿਨ ਪਾਣੀ ਦਾ ਲੈਵਲ 513.13 ਮੀਟਰ ਰਿਕਾਰਡ ਕੀਤਾ ਗਿਆ ਜੋ ਕਿ ਬੀਤੇ ਸਾਲ ਨਾਲੋਂ 13.60 ਮੀਟਰ ਵੱਧ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਅੱਜ ਦੇ ਦਿਨ 64894 ਕਿਊਸਿਕ ਰਿਕਾਰਡ ਕੀਤੀ ਗਈ ਜੋ ਕਿ ਬੀਤੇ ਸਾਲ 39986 ਮੀਟਰ ਸੀ। ਭਾਖੜਾ ਵਿੱਚੋਂ 33130 ਕਿਊਸਿਕ ਪਾਣੀ ਛੱਡਿਆ ਗਿਆ ਜਦੋਂ ਕਿ ਬੀਤੇ ਸਾਲ ਅੱਜ ਦੇ ਦਿਨ 29542 ਕਿਊਸਿਕ ਪਾਣੀ ਛੱਡਿਆ ਗਿਆ ਸੀ। ਦੂਜੇ ਪਾਸੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ 33584 ਕਿਊਸਿਕ ਰਹੀ ਜਦੋਂ ਕਿ ਬੀਤੇ ਸਾਲ ਇਹ ਆਮਦ 11184 ਰਿਕਾਰਡ ਕੀਤੀ ਗਈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਆਮਦ 20196 ਕਿਊਸਿਕ ਰਹੀ ਬੀਤੇ ਸਾਲ ਆਮਦ 11293 ਕਿਊਸਿਕ ਸੀ ਜਦੋਂ ਕਿ ਰਣਜੀਤ ਸਾਗਰ ਡੈਮ ਵਿੱਚੋਂ 15263 ਕਿਊਸਿਕ ਪਾਣੀ ਛੱਡਿਆ ਗਿਆ  ਜਦੋਂ ਕਿ ਬੀਤੇ ਵਰ੍ਹੇ 8805 ਕਿਊਸਿਕ ਪਾਣੀ ਛੱਡਿਆ ਗਿਆ ਸੀ।