ਭਾਰਤ ‘ਚ ਮਾਨਸੂਨ 23% ਘੱਟ – ਮੌਸਮ ਵਿਭਾਗ

ਨਵੀਂ ਦਿੱਲੀ – ਭਾਰਤੀ ਮੌਸਮ ਵਿਭਾਗ ਅਮੁਤਾਬਕ ਭਾਰਤ ‘ਚ ਇਸ ਵਾਰ ਮਾਨਸੂਨ 23% ਘੱਟ ਹੋਣ ਦੇ ਆਸਾਰ ਹਨ। ਭਾਵੇਂ ਦੱਖਣੀ-ਪੱਛਮੀ ਮਾਨਸੂਨ ਪੂਰੇ ਦੇਸ਼ ਵਿੱਚ ਪੁੱਜ ਗਿਆ ਹੈ, ਪਰ ਹਾਲੇ ਤੱਕ ਮੀਂਹ ਦੀ ਮਾਤਰਾ ਆਮ ਨਾਲੋਂ 23% ਘੱਟ ਹੈ। ਗੌਰਤਲਬ ਹੈ ਕਿ ਮਾਨਸੂਨ ੫ ਜੂਨ ਨੂੰ ਕੇਰਲ ਤੱਟ ਤੋਂ ਦਾਖਲ ਹੋਇਆ ਸੀ, ਪਰ ਮੀਂਹ ਦੀ ਰਫ਼ਤਾਰ ਢਿੱਲੀ ਰਹੀ। ਇਸੇ ਵਜ੍ਹਾ ਦੇ ਕਰਕੇ ਝੋਨਾ, ਦਾਲਾਂ ਅਤੇ ਮੋਟੇ ਅਨਾਜ ਦੀ ਬਿਜਾਈ ਪਛੜ ਗਈ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਐਲ ਐਸ ਰਾਠੌਰ ਨੇ ਕਿਹਾ ਕਿ ਦੇਸ਼ ਵਿੱਚ ਮੀਂਹ ਦੀ ਹਾਲਤ ਸੁਧਰੀ ਹੈ, ਪਰ ਅਜੇ ਵੀ ਮੀਂਹ ਆਮ ਨਾਲੋਂ 23% ਘੱਟ ਹੈ। ਮਾਨਸੂਨ ਪੂਰੇ ਦੇਸ਼ ਵਿੱਚ ਆ ਗਿਆ ਹੈ। ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਪਿਆ। ਮਾਨਸੂਨੀ ਮੀਂਹ ‘ਚ ਸੁਧਾਰ ਨਾਲ ਝੋਨਾ, ਸੋਇਆਬੀਨ ਅਤੇ ਮੁੰਗਫਲੀ ਦੀ ਖੇਤੀ ‘ਚ ਤੇਜ਼ੀ ਆਵੇਗੀ। ਹਾਲਾਂਕਿ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਘੱਟ ਮੀਂਹ ਨਾਲ ਮੋਟੇ ਅਨਾਜ ਦੀ ਖੇਤੀ ਪ੍ਰਭਾਵਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਿਮਾਲਿਆ, ਤਰਾਈ ਅਤੇ ਪੂਰਬੀ ਖੇਤਰ ‘ਚ ਮੀਂਹ ਦਾ ਜ਼ੋਰ ਵਧੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰਨਾਟਕ, ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਮੱਧ ਪ੍ਰਦੇਸ਼ ਦੇ ਵਿਚਕਾਰਲੇ ਹਿੱਸਿਆਂ ‘ਚ ਹਲਕਾ ਮੀਂਹ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਨਸੂਨ ਦੇ ਵਧੀਆ ਰਹਿਣ ਨਾਲ ਫਸਲ ਉਤਪਾਦਨ 2526 ਕਰੋੜ ਟਨ ਰਿਹਾ ਸੀ। ਭਾਰਤ ਦਾ ਹਾਲੇ ਵੀ ਖੇਤੀਯੋਗ 40% ਖੇਤਰ ਸਿੰਚਾਈ ‘ਤੇ ਨਿਰਭਰ ਹੈ, ਇਸ ਲਈ ਭਰਵੇ ਮਾਨਸੂਨ ਦਾ ਆਉਣਾ ਬਹੁਤ ਜ਼ਰੂਰੀ ਹੈ।