ਭਾਰਤ ਦੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦਾ ਦੇਹਾਂਤ

is (2)ਸ਼ਿਲੌਂਗ, 27 ਜੁਲਾਈ – ਇੱਥੇ ਹਸਪਤਾਲ ਵਿਖੇ ਭਾਰਤ ਦੇ ‘ਭਾਰਤ ਰਤਨ’ ਤੇ ‘ਮਿਜ਼ਾਈਲ ਮੈਨ’ ਦੇ ਨਾਂਅ ਨਾਲ ਜਾਣੇ ਜਾਂਦੇ 84 ਸਾਲਾ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦਾ ਦੇਹਾਂਤ ਹੋ ਗਿਆ। ਡਾ. ਕਲਾਮ ਸ਼ਾਮ ਨੂੰ ਲਗਭਗ ਸਾਢੇ 6 ਵਜੇ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ‘ਚ ਭਾਸ਼ਨ ਦੇ ਰਹੇ ਸਨ ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਨੋਨਗ੍ਰਿਮ ਹਿੱਲਜ਼ ਦੇ ਬੇਥਨੀ ਹਸਪਤਾਲ ਦੇ ਆਈਸੀਯੂ ਵਾਰਡ ‘ਚ ਦਾਖ਼ਲ ਕਰਾਇਆ ਗਿਆ ਜਿੱਥੇ ਉਨ੍ਹਾਂ ਅੰਤਿਮ ਸਾਹ ਲਏ।
ਡਾ. ਕਲਾਮ ਦੀ ਦੇਹ ਸ਼ਿਲੌਂਗ ਤੋਂ ਗੁਹਾਟੀ ਹੁੰਦਿਆਂ ਦਿੱਲੀ ਲਿਆਂਦੀ ਗਈ, ਜਿੱਥੇ ਉਨ੍ਹਾਂ ਦੀ 10, ਰਾਜਾਜੀ ਮਾਰਗ ਰਿਹਾਇਸ਼ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਦੇਹ ਨੂੰ ਤਿਰੰਗੇ ‘ਚ ਲਪੇਟੇ ਹੋਏ ਤਾਬੂਤ ‘ਚ ਰੱਖਿਆ ਗਿਆ ਹੈ। ਡਾ. ਕਲਾਮ ਦੇ ਦੇਹਾਂਤ ਉੱਤੇ ਦੇਸ਼ ‘ਚ ੭ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਡਾ. ਕਲਾਮ ਨੂੰ 30 ਜੁਲਾਈ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਜਨਮ ਅਸਥਾਨ ਤਾਮਿਲਨਾਡੂ ਦੇ ਰਾਮੇਸ਼ਵਰਮ ‘ਚ ਪੂਰੇ ਰਾਜਸੀ ਅਤੇ ਫ਼ੌਜੀ ਸਨਮਾਨਾਂ ਨਾਲ ਸਪੁਰਦ-ਏ-ਖਾਕ ਕੀਤਾ ਜਾਏਗਾ।