ਨਵੀਂ ਦਿੱਲੀ, 7 ਮਈ – ਭਾਰਤੀ ਫ਼ੌਜ ਨੇ ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਂਦਿਆਂ ਬੁੱਧਵਾਰ ਤੜਕੇ 25 ਮਿੰਟਾਂ ਦੇ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ 9 ਦਹਿਸ਼ਤੀ ਟਿਕਾਣਿਆਂ ਨੂੰ ਮਿਜ਼ਾਈਲਾਂ, ਬੰਬਾਂ, ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਮੁਰੀਦਕੇ ‘ਚ ਲਸ਼ਕਰ-ਏ-ਤਇਬਾ ਦਾ ਮੁੱਖ ਟਿਕਾਣਾ ਵੀ ਸ਼ਾਮਲ ਹਨ, ਜੋ ਲਹਿੰਦੇ ਪੰਜਾਬ ‘ਚ ਪੈਂਦੇ ਹਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਹਮਲਿਆਂ ‘ਚ 70 ਤੋਂ ਵੱਧ ਦਹਿਸ਼ਤਗਰਦ ਮਾਰੇ ਗਏ ਹਨ ਜਦੋਂ ਕਿ ੬੦ ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਮਾਰੇ ਗਏ ਦਹਿਸ਼ਤਗਰਦਾਂ ‘ਚ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਦੇ ਸਿਖਰਲੇ ਕਮਾਂਡਰ ਵੀ ਸ਼ਾਮਲ ਹਨ। ਭਾਰਤ ਮੁਤਾਬਿਕ ਕਿਸੇ ਪਾਕਿਸਤਾਨੀ ਫ਼ੌਜੀ ਟਿਕਾਣੇ ਜਾਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਫ਼ੌਜ ਦੀ ਕਾਰਵਾਈ ‘ਸਟੀਕ ਅਤੇ ਨੱਪੀ-ਤੁਲੀ’ ਰਹੀ। ਰੱਖਿਆ ਮੰਤਰਾਲੇ ਨੇ ਵੱਡੇ ਤੜਕੇ ਜਾਰੀ ਬਿਆਨ ‘ਚ ਕਿਹਾ, ”ਥੋੜ੍ਹਾ ਸਮਾਂ ਪਹਿਲਾਂ, ਭਾਰਤੀ ਹਥਿਆਰਬੰਦ ਬਲਾਂ ਨੇ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਭਾਰਤ ਵਿਰੁੱਧ ਦਹਿਸ਼ਤੀ ਹਮਲਿਆਂ ਦੀ ਯੋਜਨਾ ਘੜੀ ਜਾਂਦੀ ਸੀ ਅਤੇ ਨਿਰਦੇਸ਼ ਦਿੱਤੇ ਜਾਂਦੇ ਸਨ।” ਭਾਰਤੀ ਫ਼ੌਜ ਨੇ ਕਿਹਾ, ”ਕਿਸੇ ਵੀ ਪਾਕਿਸਤਾਨੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਨਿਸ਼ਾਨਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਕਾਫ਼ੀ ਸੰਜਮ ਨਾਲ ਕੰਮ ਲਿਆ ਹੈ।” ਜਾਣਕਾਰੀ ਮੁਤਾਬਿਕ ਫ਼ੌਜ ਨੇ ਹਮਲਿਆਂ ਦੌਰਾਨ ਮਿਜ਼ਾਈਲਾਂ, ਬੰਬਾਂ, ਡਰੋਨਾਂ, ਸਟੀਕ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ। ਮੁਰੀਦਕੇ ਅਤੇ ਬਹਾਵਲਪੁਰ ਤੋਂ ਇਲਾਵਾ ਮਕਬੂਜ਼ਾ ਕਸ਼ਮੀਰ ‘ਚ ਕੋਟਲੀ ਤੇ ਮੁਜ਼ੱਫਰਾਬਾਦ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿੱਥੇ ਲਸ਼ਕਰ ਅਤੇ ਜੈਸ਼ ਦੇ ਲੰਬੇ ਸਮੇਂ ਤੋਂ ਕੈਂਪ ਅਤੇ ਸਿਖਲਾਈ ਕੇਂਦਰ ਹਨ। ਇਸ ਤੋਂ ਇਲਾਵਾ ਸਿਆਲਕੋਟ ‘ਚ ਮਹਿਮੂਨਾ ਜੋਇਆ ‘ਚ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣੇ, ਲਸ਼ਕਰ ਦੇ ਬਰਨਾਲਾ ‘ਚ ਮਰਕਜ਼ ਅਹਿਲੇ ਹਾਥਿਦ ਅਤੇ ਮੁਜ਼ੱਫਰਾਬਾਦ ਦੇ ਸ਼ਵਾਈ ਨਾਲਾ ‘ਚ ਉਸ ਦੇ ਕੈਂਪ ਸ਼ਾਮਲ ਹਨ। ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ, ”ਇਹ ਕਦਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿੱਚ 25 ਭਾਰਤੀਆਂ ਅਤੇ 1 ਨੇਪਾਲੀ ਨਾਗਰਿਕ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿੱਚ ਲਹਿੰਦੇ ਪੰਜਾਬ ਦਾ ਇਕ ਹਿੱਸਾ ਵੀ ਸ਼ਾਮਲ ਹੈ। 1971 ਦੀ ਜੰਗ ਤੋਂ ਬਾਅਦ 54 ਸਾਲਾਂ ਵਿੱਚ ਪਾਕਿਸਤਾਨੀ ਪੰਜਾਬ ਉੱਤੇ ਭਾਰਤ ਵੱਲੋਂ ਇਹ ਪਹਿਲਾ ਫ਼ੌਜੀ ਹਮਲਾ ਹੈ। ਇਹ ਹਮਲਾ ਲੰਘੀ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ। ਇਸ ਹਮਲੇ ਵਿੱਚ 26 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।
ਭਾਰਤੀ ਫ਼ੌਜ ਦੇ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਨਿਸ਼ਾਨਾ ਬਣਾਏ ਗਏ 9 ਅਤਿਵਾਦੀ ਕੈਂਪਾਂ ‘ਚੋਂ 4 ਕੈਂਪ ਪਾਕਿਸਤਾਨ ਵਾਲੇ ਪੰਜਾਬ ਵਿੱਚ ਸਨ। ਇਨ੍ਹਾਂ ਵਿੱਚ ਸਰਜਾਲ ਕੈਂਪ, ਸਿਆਲਕੋਟ ਵੀ ਸ਼ਾਮਲ ਸੀ। ਇਹ ਕੈਂਪ ਸਾਂਬਾ-ਕਠੂਆ ਸਾਹਮਣੇ ਕੌਮਾਂਤਰੀ ਸਰਹੱਦ ਤੋਂ ਲਗਪਗ 6 ਕਿੱਲੋਮੀਟਰ ਦੂਰ ਸਥਿਤ ਸੀ। ਇਸ ਤੋਂ ਇਲਾਵਾ ਮਹਿਮੂਨਾ ਜੋਯਾ ਕੈਂਪ ਵੀ ਸਿਆਲਕੋਟ ‘ਚ ਹੀ ਸਥਿਤ ਸੀ। ਇਹ ਸਿਆਲਕੋਟ ਨੇੜੇ ਕੌਮਾਂਤਰੀ ਸਰਹੱਦ ਤੋਂ ਕਰੀਬ 12 ਕਿੱਲੋਮੀਟਰ ਦੂਰ ਸੀ। ਮਰਕਜ਼ ਤਾਇਬਾ ਕੈਂਪ ਕੌਮਾਂਤਰੀ ਸਰਹੱਦ ਤੋਂ ਲਗਭਗ 25 ਕਿੱਲੋਮੀਟਰ ਦੂਰ ਸੀ। ਮਰਕਜ਼ ਸੁਭਾਨ ਕੈਂਪ, ਬਹਾਵਲਪੁਰ ਕੌਮਾਂਤਰੀ ਸਰਹੱਦ ਤੋਂ ਲਗਭਗ 100 ਕਿੱਲੋਮੀਟਰ ਦੂਰ ਸਥਿਤ ਸੀ ਤੇ ਜੈਸ਼-ਏ-ਮੁਹੰਮਦ ਦਾ ਹੈੱਡਕੁਆਟਰ ਸੀ। ਇਸ ਕੈਂਪ ਦਾ ਇਸਤੇਮਾਲ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਦੀ ਭਰਤੀ ਤੇ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਕੀਤਾ ਜਾਂਦਾ ਸੀ। ਇਸ ਕੈਂਪ ਵਿੱਚ ਅਕਸਰ ਮਸੂਦ ਅਜ਼ਹਰ ਸਣੇ ਅਤਿਵਾਦੀ ਕਮਾਂਡਰ ਆਉਂਦੇ ਸਨ ਜੋ ਕਿ ਇਸ ਕੈਂਪ ਤੋਂ ਆਪਣੇ ਕੇਡਰ ਨੂੰ ਨਿਰਦੇਸ਼ ਦਿੰਦੇ ਸਨ।
Home Page ਭਾਰਤ ਫ਼ੌਜ ਵੱਲੋਂ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਪੀਓਕ ‘ਚ 9 ਵੱਡੇ...