ਨਿਊਜ਼ੀਲੈਂਡ ਪੁਲਿਸ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਸਾਵਧਾਨ ਰਹਿਣ, ਕਿ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅਪਰਾਧ ਕਰਨ ਲਈ ਵਰਤਿਆ ਜਾ ਰਿਹਾ ਹੈ।
ਜੂਨ 2025 ਦੇ ਅੰਤ ਤੱਕ ਦੇ 18 ਮਹੀਨਿਆਂ ਵਿੱਚ, ਪੁਲਿਸ ਨੇ ਆਕਲੈਂਡ ਖੇਤਰ ਵਿੱਚ 187 ਭੰਗ ਉਗਾਉਣ ਵਾਲੇ ਘਰਾਂ ਦਾ ਪਤਾ ਲਾਇਆ। ਬਦਕਿਸਮਤੀ ਨਾਲ, ਇਹਨਾਂ ਵਿੱਚੋਂ ਜ਼ਿਆਦਾਤਰ ਕਿਰਾਏ ਦੀਆਂ ਜਾਇਦਾਦਾਂ ਸਨ। ਇਹ ਸੈਟਅੱਪ ਨਾ ਸਿਰਫ ਗੈਰਕਾਨੂੰਨੀ ਹਨ, ਸਗੋਂ ਤੁਹਾਡੇ, ਕਿਰਾਏਦਾਰਾਂ ਅਤੇ ਪੂਰੇ ਸਮਾਜ ਲਈ ਗੰਭੀਰ ਖਤਰਾ ਪੈਦਾ ਕਰਦੇ ਹਨ।
ਅਸੀਂ ਤੁਹਾਨੂੰ ਅਜਿਹੀ ਗਤੀਵਿਧੀ ਦੇ ਸੰਕੇਤਾਂ ਲਈ ਸਚੇਤ ਰਹਿਣ ਦੀ ਅਪੀਲ ਕਰਦੇ ਹਾਂ ਤਾਂ ਜੋ ਤੁਸੀਂ ਕਿਸੇ ਕਾਨੂੰਨੀ ਜਾਂ ਵਿੱਤੀ ਨੁਕਸਾਨ ਤੋਂ ਬਚ ਸਕੋ। ਅਸੀਂ ਸਾਰੇ ਮਿਲ ਕੇ ਆਪਣੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਕਿਰਾਏਦਾਰਾਂ ਦੇ ਆਉਣ ਤੋਂ ਪਹਿਲਾਂ:
• ਹਵਾਲਾ ਜਾਂਚ: ਪਿਛਲੇ ਮਾਲਕਾਂ ਅਤੇ ਨੌਕਰੀਦਾਤਾਵਾਂ ਨਾਲ ਸੰਪਰਕ ਕਰਕੇ ਕਿਰਾਏਦਾਰ ਦੀ ਪਿਛੋਕੜ ਦੀ ਪੁਸ਼ਟੀ ਕਰੋ।
• ਕ੍ਰੈਡਿਟ ਅਤੇ ਆਮਦਨ ਦੀ ਜਾਂਚ: (ਸਹਿਮਤੀ ਨਾਲ) ਕ੍ਰੈਡਿਟ ਜਾਂਚ ਕਰੋ ਅਤੇ ਆਮਦਨ ਦੇ ਸਰੋਤ ਦੀ ਪੁਸ਼ਟੀ ਕਰੋ।
• ਸਿੱਧੀ ਮੁਲਾਕਾਤ: ਕਿਰਾਏਦਾਰ ਨਾਲ ਕਿਰਾਏਦਾਰੀ ਸਮਝੌਤਾ ਤੇ ਦਸਤਖਤ ਕਰਦੇ ਸਮੇਂ ਰੂਬਰੂ ਮਿਲੋ।
• ਪਛਾਣ ਦੀ ਪੁਸ਼ਟੀ: ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਅਤੇ ਬੈਂਕ ਸਟੇਟਮੈਂਟ ਮੰਗੋ। ਸਾਰੇ ਦਸਤਾਵੇਜ਼ਾਂ ਦੀ ਫੋਟੋ ਲੈ ਕੇ ਰਿਕਾਰਡ ਰੱਖੋ।
ਕਿਰਾਏਦਾਰੀ ਦੌਰਾਨ:
• ਲਗਾਤਾਰ ਸਾਵਧਾਨੀ ਜਰੂਰੀ ਹੈ।
• ਨਿਯਮਤ ਜਾਂਚ: ਕਿਰਾਏਦਾਰੀ ਸ਼ੁਰੂ ਹੋਣ ਤੋਂ 4 ਹਫ਼ਤਿਆਂ ਵਿੱਚ ਜਾਂਚ ਕਰੋ, ਫਿਰ ਹਰ ਮਹੀਨੇ।
• ਗੁਆਂਢੀਆਂ ਨਾਲ ਸੰਪਰਕ: ਆਪਣੇ ਗੁਆਂਢੀਆਂ ਨੂੰ ਜਾਣੋ ਅਤੇ ਉਨ੍ਹਾਂ ਨਾਲ ਸੰਪਰਕ ਜਾਣਕਾਰੀ ਸਾਂਝੀ ਕਰੋ—ਉਹ ਤੁਹਾਡੀਆਂ ਅੱਖਾਂ ਅਤੇ ਕੰਨ ਹੋ ਸਕਦੇ ਹਨ।
ਚੇਤਾਵਨੀ ਦੇ ਸੰਕੇਤ – ਕਿਰਾਏਦਾਰ ਦੇ ਵਿਹਾਰ:
• ਜਾਂਚ ਤੋਂ ਬਚਣ ਲਈ ਵਾਧੂ ਕਿਰਾਇਆ ਜਾਂ ਨਕਦ ਦੀ ਪੇਸ਼ਕਸ਼ ਕਰਨਾ
• ਪਛਾਣ ਜਾਂ ਹਵਾਲੇ ਦੇਣ ਤੋਂ ਇਨਕਾਰ ਜਾਂ ਹਿਚਕਚਾਹਟ
• ਨਕਦ ਭੁਗਤਾਨ ਨੂੰ ਤਰਜੀਹ ਦੇਣਾ
ਜਾਇਦਾਦ ਤੋਂ ਸੰਕੇਤ:
• ਭੰਗ ਦੀ ਤਿੱਖੀ ਗੰਧ
• ਖਿੜਕੀਆਂ ਢੱਕੀਆਂ ਹੋਈਆਂ ਜਾਂ ਪਰਦੇ ਹਮੇਸ਼ਾ ਲਟਕੇ ਹੋਏ
• ਕੰਧਾਂ ਜਾਂ ਛੱਤ ਵਿੱਚ ਛੇਦ
• ਭੰਗ ਉਗਾਉਣ ਵਾਲਾ ਸਾਜੋ-ਸਾਮਾਨ (ਗਮਲੇ, ਖਾਦ, ਲਾਈਟਾਂ, ਤਾਰਾਂ)
• ਬਿਜਲੀ ਨਾਲ ਛੇੜਛਾੜ ਜਾਂ ਚੋਰੀ ਦੇ ਸੰਕੇਤ
ਸਲਾਹ: ਤੁਸੀਂ ਬਿਜਲੀ ਸਪਲਾਇਰ ਨਾਲ ਸੰਪਰਕ ਕਰਕੇ ਸਪਲਾਈ ਦੀ ਪੁਸ਼ਟੀ ਕਰ ਸਕਦੇ ਹੋ ਅਤੇ ਅਸਮਾਨਤਾਵਾਂ ਦੀ ਜਾਂਚ ਕਰ ਸਕਦੇ ਹੋ।
ਮਾਲਕ ਦੀ ਜ਼ਿੰਮੇਵਾਰੀ:
1. ਬੀਮਾ ਦੇ ਖਤਰੇ – ਜੇਕਰ ਮਾਲਕ ਵੱਲੋਂ ਨਿਯਮਤ ਜਾਂਚਾਂ ਨਹੀਂ ਕੀਤੀਆਂ ਜਾਂ ਜ਼ਰੂਰੀ ਸਾਵਧਾਨੀਆਂ ਨਹੀਂ ਵਰਤੀਆਂ ਗਈਆਂ, ਤਾਂ ਬੀਮਾ ਕੰਪਨੀ ਦਾਅਵਾ ਰੱਦ ਕਰ ਸਕਦੀ ਹੈ।
2. ਵਿੱਤੀ ਨੁਕਸਾਨ – ਅੱਗ, ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਹੋਰ ਨੁਕਸਾਨ ਕਾਰਨ ਘਰ ਦੀ ਸਫਾਈ, ਸਾਜ਼ੋ-ਸਾਮਾਨ ਦੀ ਤਬਾਹੀ ਅਤੇ ਮੁਰੰਮਤ ਤੇ ਲੱਖਾਂ ਰੁਪਏ ਖਰਚ ਹੋ ਸਕਦੇ ਹਨ।
3. ਕਾਨੂੰਨੀ ਕਾਰਵਾਈ – ਜੇਕਰ ਮਾਲਕ ਨੂੰ ਘਰ ਵਿੱਚ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਰਤੋਂ ਦੀ ਜਾਣਕਾਰੀ ਹੋਵੇ ਅਤੇ ਉਹ ਕੋਈ ਕਾਰਵਾਈ ਨਾ ਕਰੇ, ਤਾਂ Misuse of Drugs Act 1975 ਅਧੀਨ ਮਾਲਕ ਖ਼ਿਲਾਫ਼ ਮਾਮਲਾ ਚੱਲ ਸਕਦਾ ਹੈ। ਘਰ ਵੀ ਜ਼ਬਤ ਕੀਤਾ ਜਾ ਸਕਦਾ ਹੈ।
ਜੇਕਰ ਤੁਹਾਨੂੰ ਭੰਗ ਉਗਾਉਣ ਵਾਲੀ ਸੈਟਅੱਪ ਬਾਰੇ ਪਤਾ ਲੱਗੇ:
• ਤੁਰੰਤ ਪੁਲਿਸ ਨਾਲ ਸੰਪਰਕ ਕਰੋ: 105 ਤੇ ਕਾਲ ਕਰੋ ਜਾਂ ਜੇ ਅਪਰਾਧੀ ਮੌਜੂਦ ਹੋਣ ਤਾਂ 111 ਤੇ ਕਾਲ ਕਰੋ।
• ਜਾਇਦਾਦ ਵਿੱਚ ਨਾ ਜਾਓ – ਥਾਂ ਅਸੁਰੱਖਿਅਤ ਹੋ ਸਕਦੀ ਹੈ।
ਜਾਰੀਕਰਤਾ:
ਲਵਲੀਨ ਕੌਰ (ਕਾਰਜਕਾਰੀ ਸੀਨੀਅਰ ਸਾਰਜੈਂਟ)
ਕਾਰਜਕਾਰੀ ਨਸਲੀ ਜਵਾਬਦੇਹੀ ਸਲਾਹਕਾਰ
ਤਾਮਾਕੀ ਮਕੌਰਾਊ, ਨਿਊਜ਼ੀਲੈਂਡ ਪੁਲਿਸ
(M) +64 21 191 6161
E-mail: lavleen.kaur@police.govt.nz
Columns ਮਕਾਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ?







