ਮਨਜੀਤ ਸਿੰਘ ਜੀ. ਕੇ. ਪ੍ਰਧਾਨ ਤੇ ਸਿਰਸਾ ਜਨਰਲ ਸਕੱਤਰ ਥਾਪੇ

ਨਵੀਂ ਦਿੱਲੀ (26 ਫਰਵਰੀ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਹੀ ਵਿੱਚ ਸ਼੍ਰੋਮਣੀ ਅਕਾਲੀ ਦੱਲ (ਬਾਦਲ) ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਭਾਰੀ ਜਿੱਤ ਤੋਂ ਬਾਅਦ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਬਾਦਲ ਨੇ ਮਨਜੀਤ ਸਿੰਘ ਜੀ. ਕੇ. ਨੂੰ ਨਵੀਂ ਬਣਾਈ ਕਮੇਟੀ ਦਾ ਪ੍ਰਧਾਨ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਜਨਰਲ ਸਕੱਤਰ ਥਾਪ ਦਿੱਤਾ। ਇਨ੍ਹਾਂ ਦੋਵਾਂ ਨੂੰ ਥਾਪਣ ਦੇ ਨਾਲ ਬਾਕੀ ਹੋਰ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਵੀ ਕਰ ਦਿੱਤੀ। ਨਵੇਂ ਚਣੇ ਗਏ ਪ੍ਰਧਾਨ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਪ੍ਰਧਾਨ ਵਾਂਗ ਸ. ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਸੀਲਬੰਦ ਲਿਫਾਫੇ ‘ਚੋਂ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਲਈ ਮਨਜੀਤ ਸਿੰਘ ਜੀ. ਕੇ., ਸ. ਅਵਤਾਰ ਸਿੰਘ ਹਿੱਤ ਤੇ ਓਂਕਾਰ ਸਿੰਘ ਥਾਪਰ ਦਾ ਨਾਂਮ ਸਾਹਮਣੇ ਆ ਰਿਹਾ ਸੀ ਪਰ ਪ੍ਰਧਾਨਗੀ ਦੇ ਅਹੁਦੇ ਦੀ ਬਾਜ਼ੀ ਮਨਜੀਤ ਸਿੰਘ ਜੀ. ਕੇ. ਮਾਰ ਗਏ। ਬਾਕੀ ਅਹੁਦੇਦਾਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਜੂਨੀਅਰ ਮੀਤ ਪ੍ਰਧਾਨ ਤਨਵੰਤ ਸਿੰਘ, ਮੀਤ ਸਕੱਤਰ ਹਰਮੀਤ ਸਿੰਘ ਕਾਲਕਾ ਹਨ। 10 ਐਗਜ਼ੈਕਟਿਵ ਬੋਰਡ ਮੈਂਬਰਾਂ ਵਿਚੋਂ 9 ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀਬੀ ਦਲਜੀਤ ਕੌਰ, ਕੁਲਵੰਤ ਸਿੰਘ ਬਾਠ, ਜਤਿੰਦਰ ਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇ. ਪੀ., ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ, ਚਮਨ ਸਿੰਘ ਅਤੇ ਜਸਬੀਰ ਸਿੰਘ ਜੱਸੀ ਹਨ ਜਦੋਂ ਕਿ 10ਵੇਂ ਐਗਜ਼ੈਕਟਿਵ ਮੈਂਬਰ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਹਨ, ਜੋ ਇਕਲੋਤੀ ਸੀਟ ਜਿੱਤੇ ਸਨ।