‘ਮਿਸ ਵਰਲਡ 2025’ ਦਾ ਤਾਜ ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਦੇ ਸਿਰ ਸਜਿਆ

ਹੈਦਰਾਬਾਦ, 31 ਮਈ – ਅੱਜ ਇੱਥੇ ਹੋਏ ‘ਮਿਸ ਵਰਲਡ 2025’ ਦੇ ਫਾਈਨਲ ਮੁਕਾਬਲੇ ਵਿੱਚ ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ 72ਵੀਂ ਮਿਸ ਵਰਲਡ ਦੀ ਜੇਤੂ ਦਾ ਖਿਤਾਬ ਜਿੱਤ ਲਿਆ ਹੈ। ਜਦੋਂ ਕਿ ਇਥੋਪੀਆ ਦੀ ਹੈਸੇਟ ਡੇਰੇਜੇ ਅਦਮਾਸੂ ਨੂੰ ਉਪ ਜੇਤੂ ਐਲਾਨਿਆ ਗਿਆ। ਭਾਰਤ ਦੀ ਨੰਦਿਨੀ ਗੁਪਤਾ ਸਿਖਰਲੀਆਂ ਅੱਠ ਸੁੰਦਰੀਆਂ ਵਿੱਚ ਜਗ੍ਹਾ ਬਣਾਉਣ ਤੋਂ ਪਹਿਲਾਂ ਹੀ ਬਾਹਰ ਹੋ ਗਈ।
ਪ੍ਰਬੰਧਕਾਂ ਅਨੁਸਾਰ ਦੁਨੀਆ ਭਰ ਦੀਆਂ 108 ਪ੍ਰਤੀਯੋਗੀਆਂ ਨੇ ‘ਮਿਸ ਵਰਲਡ 2025’ ਦੇ ਤਾਜ ਲਈ ਮੁਕਾਬਲਾ ’ਚ ਹਿੱਸਾ ਲਿਆ।
ਜੇਤੂ ਓਪਲ ਕੌਮਾਂਤਰੀ ਸਬੰਧਾਂ ਦੀ ਵਿਦਿਆਰਥਣ ਹੈ। ਉਸ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ ਵਿੱਚ ਦਿਲਚਸਪੀ ਹੈ ਅਤੇ ਉਹ ਰਾਜਦੂਤ ਬਣਨਾ ਚਾਹੁੰਦੀ ਹੈ। ਉਸ ਨੇ ਛਾਤੀ ਦੇ ਕੈਂਸਰ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਸਵੈ-ਇੱਛਾ ਨਾਲ ਕੰਮ ਕੀਤਾ ਹੈ। ਮਿਸ ਵਰਲਡ ਵੈੱਬਸਾਈਟ ਅਨੁਸਾਰ ਓਪਲ ਕੋਲ ਪਾਲਤੂ ਜਾਨਵਰ ਵਜੋਂ ਸੋਲਾਂ ਬਿੱਲੀਆਂ ਅਤੇ ਪੰਜ ਕੁੱਤੇ ਹਨ।
ਮਿਸ ਵਰਲਡ ਦੀ ਚੇਅਰਵੁਮੈਨ ਜੂਲੀਆ ਮੋਰਲੇ ਸੀਬੀਈ ਨੇ ਜਿਊਰੀ ਦੀ ਅਗਵਾਈ ਕੀਤੀ ਅਤੇ 72ਵੀਂ ਮਿਸ ਵਰਲਡ ਦੀ ਜੇਤੂ ਦਾ ਐਲਾਨ ਕੀਤਾ। ਪ੍ਰਸਿੱਧ ਅਦਾਕਾਰ ਸੋਨੂੰ ਸੂਦ ਨੂੰ ਵੱਕਾਰੀ ਮਿਸ ਵਰਲਡ ਹਿਊਮੈਨਟੇਰੀਅਨ ਐਵਾਰਡ ਮਿਲਿਆ।