ਮੁੱਖ ਮੰਤਰੀ ਬਾਦਲ ਨੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਇੱਥੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ੭ ਅਕਤੂਬਰ ਦਿਨ ਸ਼ੁਕਰਵਾਰ ਨੂੰ ਦੁਪਹਿਰ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੀ ਜਾ ਰਹੇ ‘ਖਾਲਸਾ ਵਿਰਾਸਤੀ ਕੇਂਦਰ’ ਦਾ ਉਦਘਾਟਨ ਕਰਨ ਲਈ ਸੱਦਾ ਦਿੱਤਾ, ਇਸ ਕੇਂਦਰ ਦਾ ਉਦਘਾਟਨ ਨਵੰਬਰ ਦੇ ਦੂਜੇ ਹਫ਼ਤੇ ਹੋਵੇਗਾ। ਮੁੱਖ ਮੰਤਰੀ ਬਾਦਲ ਨੇ ਪੈਧਾਨ ਮੰਤਰੀ ਨੂੰ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਨੀਂਹ-ਪੱਥਰ ਰੱਖਣ ਦੀ ਅਪੀਲ ਵੀ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਸ. ਬਾਦਲ ਦੀ ਅਪੀਲ ਨੂੰ ਸਿਧਾਂਤਕ ਤੌਰ ‘ਤੇ ਪ੍ਰਵਾਨ ਕਰ ਲਿਆ ਹੈ ਤੇ ਇਨ੍ਹਾਂ ਦੋਵਾਂ ਸਮਾਰੋਹਾਂ ਦੀਆਂ ਤਾਰੀਕਾਂ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੂਬਾ ਸਰਕਾਰ ਨਾਲ ਵਿਚਾਰ ਕਰਨ ਪਿਛੋਂ ਤੈਅ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ…. ਸ. ਬਾਦਲ ਨੇ ਮੈਕਸੀਕੋ ਦੇ ਅੰਤਰ-ਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ ਅਧੀਨ ਲੁਧਿਆਣਾ ਵਿਖੇ ‘ਬੌਰਲਾਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ’ (ਬੀਸਾ) ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇਣ ਅਤੇ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਪਾਸੋਂ ਹੁਡਕੋ ਵੱਲੋਂ ਰਾਜ ਸਰਕਾਰ ਨੂੰ ੭੫੦ ਕਰੋੜ ਰੁਪਏ ਦੇ ਕਰਜ਼ਾ ਦੇਣ ਬਾਰੇ ਲੋੜੀਂਦੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਲਈ ਕੇਂਦਰੀ ਮਕਾਨ, ਸ਼ਹਿਰੀ ਵਿਕਾਸ ਅਤੇ ਗ਼ਰੀਬੀ ਮਿਟਾਉਣ ਬਾਰੇ ਮੰਤਰਾਲੇ ਨੂੰ ਨਿਰਦੇਸ਼ ਦੇਣ ਲਈ ਕਿਹਾ।
ਮੁੱਖ ਮੰਤਰੀ ਨੇ ਡਾ: ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੀ ਯਾਦ ਵਿਚ ਬਣ ਰਹੀਆਂ ਯਾਦਗਾਰਾਂ, ਜਿਨ੍ਹਾਂ ਵਿਚ ਕਾਹਨੂੰਵਾਨ (ਗੁਰਦਾਸਪੁਰ) ‘ਚ ਛੋਟਾ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ, ਕੁੱਪ ਰੋਹੀੜਾ (ਸੰਗਰੂਰ) ਵਿਚ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਅਤੇ ਚੱਪੜਚਿੜੀ (ਮੁਹਾਲੀ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਿੱਤੀ ਜੰਗ ਦੀ ਯਾਦ ‘ਚ ਯਾਦਗਾਰ ਸ਼ਾਮਿਲ ਹਨ, ਲਈ ਤੁਰੰਤ ੯੪.੪੦ ਕਰੋੜ ਰੁਪਏ ਜਾਰੀ ਕੀਤੇ ਜਾਣ। ਸ: ਬਾਦਲ ਨੇ ਇਹ ਮੰਗ ਕੀਤੀ ਕਿ ਹੜ੍ਹਾਂ ਨਾਲ ਨੁਕਸਾਨੇ ਜਾਂਦੇ ਬੁਨਿਆਦੀ ਢਾਂਚੇ ਨੂੰ ਮੁੜ ਸਥਾਪਤ ਕਰਨ ਦੇ ਮੌਜੂਦਾ ੪੫ ਦਿਨ ਦੇ ਸਮੇਂ ਨੂੰ ਵਧਾ ਕੇ ਛੇ ਤੋਂ ਨੌਂ ਮਹੀਨੇ ਕੀਤਾ ਜਾਵੇ। ਸ. ਬਾਦਲ ਨੇ ਮੰਗ ਕੀਤੀ ਕਿ ਫ਼ਸਲ ਦਾ ੧੦੦% ਨੁਕਸਾਨ ਹੋਣ ‘ਤੇ ਪ੍ਰਤੀ ਏਕੜ ੧੦,੦੦੦ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਬਾਦਲ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮਾਮਲਿਆਂ ਬਾਰੇ ਚੱਲ ਰਹੀ ਪ੍ਰਕਿਰਿਆ ਤੇਜ਼ ਕਰਨ ਲਈ ਸਾਰੇ ਸੰਬੰਧਿਤ ਮੰਤਰੀਆਂ ਨਾਲ ਗੱਲਬਾਤ ਕਰਨਗੇ।
ਆਪਣੀ ਦਿੱਲੀ ੇਰੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਏ.ਕੇ. ਐਂਟੋਨੀ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਦੋ ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) ਬਟਾਲੀਅਨਾਂ ਲਈ ਤੁਰੰਤ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚੋਂ ਲੜਕਿਆਂ ਦੀ ਬਟਾਲੀਅਨ ਰੂਪਨਗਰ ਵਿਖੇ ਤੇ ਲੜਕੀਆਂ ਦੀ ਬਟਾਲੀਅਨ ਮਲੋਟ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਕਾਇਮ ਕਰਨ ਦੀ ਤਜਵੀਜ਼ ਰੱਖੀ ਹੈ। ਕੇਂਦਰੀ ਰੱਖਿਆ ਮੰਤਰੀ ਸ੍ਰੀ ਐਂਟੋਨੀ ਨੇ ਮੁੱਖ ਮੰਤਰੀ ਨੀ ਉਨ੍ਹਾਂ ਦੀਆਂ ਪ੍ਰਤੀ ਹਾਂਪੱਖੀ ਹੁੰਗਾਰਾ ਦਿੱਤਾ।