ਮੁੱਖ ਮੰਤਰੀ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਮੁੜ ਗਠਨ ਨੂੰ ਪ੍ਰਵਾਨਗੀ

news-en152ਚੰਡੀਗੜ੍ਹ, 27 ਜੂਨ – ਪੰਜਾਬ ਸਰਕਾਰ ਨੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦਾ ਮੁੜ ਗਠਨ ਕਰਕੇ ਇਸ ਵਿੱਚ ਮਾਲਕਾਂ ਅਤੇ ਮਜ਼ਦੂਰਾਂ ਦੇ ਛੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵਿੱਚ ਨਵੇਂ ਨੁਮਾਇੰਦੇ ਸ਼ਾਮਲ ਕਰਨ ਸਬੰਧੀ ਫਾਈਲ ਉੱਤੇ ਸਹੀ ਪਾ ਦਿੱਤੀ ਹੈ ਅਤੇ ਇਸ ਬਾਰੇ ਰਸਮੀ ਹੁਕਮ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ੍ਰੀ ਰਜਿੰਦਰ ਮਿੱਤਲ, ਐਮ.ਡੀ., ਮੈਸ. ਡੀ.ਡੀ. ਮਿੱਤਲ, ਸ੍ਰੀ ਜੋਗਿੰਦਰ ਸਿੰਘ, ਗੁਰਅਰਸ਼ ਇੰਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਅਤੇ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ, ਵੀ.ਐਨ. ਸ਼ਰਮਾ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੂੰ ਮਾਲਕਾਂ ਦੀ ਸ਼੍ਰੇਣੀ ਵਿਚੋਂ ਇਸ ਬੋਰਡ ਦੇ ਨੁਮਾਇੰਦੇ ਲਿਆ ਗਿਆ ਹੈ ਜਦੋਂ ਕਿ ਸ੍ਰੀ ਕਰਤਾਰ ਸਿੰਘ ਰਾਠੌਰ, ਭਾਰਤੀਯ ਮਜ਼ਦੂਰ ਸੰਘ, ਸ੍ਰੀ ਹਰਿੰਦਰਪਾਲ ਸਿੰਘ, ਗੁਰੂ ਕਿਰਪਾ ਐਲ/ਸੀ ਸੋਸਾਇਟੀ, ਮੁਸਤਫਾਪੁਰ ਅਤੇ ਸ੍ਰੀ ਮਨਜੀਤ ਸਿੰਘ, ਸਰੀਂਹ ਐਲ/ਸੀ ਸੋਸਾਇਟੀ ਨੂੰ ਮਜ਼ਦੂਰਾਂ ਦੇ ਨੁਮਾਇੰਦੇ ਵਜੋਂ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ।