ਰਾਈਸ ਪਾਲਿਸੀ ਵਿਚ ਸੋਧ ਮੁਲਾਜ਼ਮਾਂ ਦੀ ਵੱਡੀ ਜਿੱਤ : ਅਮਨਦੀਪ ਸਿੰਘ ਧੂਰੀ

ਧੂਰੀ, 6 ਅਕਤੂਬਰ (ਏਜੰਸੀ) – ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਧੂਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਇਸ ਪਾਲਿਸੀ ਵਿੱਚ ਸੋਧ ਕਰਨ ਦਾ ਫੈਸਲਾ ਇਕ ਸ਼ਲਾਘਾਯੋਗ ਕਦਮ ਹੈ ਅਤੇ ਖਰੀਦ ਏਜੰਸੀਆਂ ਨਾਲ ਜੁੜੇ ਮੁਲਾਜ਼ਮਾਂ ਦੇ ਸੰਘਰਸ਼ ਦੀ ਇਕ ਵੱਡੀ ਜਿੱਤ ਹੈ। ਉਨ੍ਹਾਂ ਖੁਰਾਕ ਸਪਲਾਈ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ….. ਕਰਦਿਆਂ ਕਿਹਾ ਕਿ ਇਸ ਨਾਲ ਸਮੂਹ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਥੇ ਇਹ ਜਿਕਰ ਯੋਗ ਹੈ ਕਿ ਸਮੂਹ ਖਰੀਦ ਏਜੰਸੀਆਂ ਦੇ ਮੁਲਾਜ਼ਮ ਲਗਾਤਾਰ ਤਾਲਮੇਲ ਕਮੇਟੀ ਪੰਜਾਬ ਦੀ ਸਰਪ੍ਰਸਤੀ ਹੇਠ ਸੰਘਰਸ਼ ਕਰ ਰਹੇ ਸਨ ਅਤੇ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਖਰੀਦ ਦਾ ਬਾਈਕਾਟ ਕੀਤਾ ਹੋਇਆ ਸੀ। ਮੁਲਾਜ਼ਮਾਂ ਦੀ ਵੱਡੀ ਮੰਗ ਸੀ ਕਿ ਸ਼ੈਲਰ ਵਿੱਚ ਭੰਡਾਰ ਕੀਤੇ ਗਏ ਝੋਨੇ ਦੀ ਨਿਗਰਾਨੀ ਸ਼ੈਲਰ ਮਾਲਕ ਕੋਲ ਹੀ ਹੁੰਦੀ ਹੈ ਇਸ ਲਈ ਇਸ ਸਬੰਧੀ ਜੇਕਰ ਕੋਈ ਘਾਟ ਆਉਂਦੀ ਹੈ ਤਾਂ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਉਣਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਲਏ ਨਵੇਂ ਫੈਸਲੇ ਅਨੁਸਾਰ ਸ਼ੈਲਰ ਵਿੱਚ ਸਟੋਰ ਕੀਤੇ ਗਏ ਝੋਨੇ ਦੀ ਗੁਣਵੱਤਾ ਅਤੇ ਮਾਤਰਾ ਦੀ ਜ਼ਿੰਮੇਵਾਰੀ ਹੁਣ ਨਿਰੋਲ ਸ਼ੈਲਰ ਮਾਲਕ ਦੀ ਹੋਵੇਗੀ।
ਉਨ੍ਹਾਂ ਪੰਜਾਬ ਪ੍ਰਧਾਨ ਸ: ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਮੰਨੀਆਂ ਗਈਆਂ ਮੰਗਾਂ ਲਈ ਤਾਲਮੇਲ ਕਮੇਟੀ ਪੰਜਾਬ ਅਤੇ ਸਮੂਹ ਮੁਲਾਜ਼ਮਾਂ ਨੂੰ ਵਧਾਈ ਦਿੱਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ੈਲਰ ਮਾਲਕ ਵੀ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਸਹਿਮਤ ਹਨ, ਕਿਉਂਕਿ ਇਕ ਪ੍ਰਤੀਸ਼ਤ ਤੋਂ ਵੀ ਘੱਟ ਡਿਫਾਲਟਰ ਸ਼ੈਲਰ ਮਾਲਕਾਂ ਨੇ ਪੂਰੀ ਟ੍ਰੇਡ ਦਾ ਨਾਮ ਖਰਾਬ ਕੀਤਾ ਹੋਇਆ ਹੈ ਹੁਣ ਇਸ ਫੈਸਲੇ ਨਾਲ ਅਜਿਹੇ ਡਿਫਾਲਟਰ ਸ਼ੈਲਰਾਂ ਨੂੰ ਨੱਥ ਪਾਈ ਜਾ ਸਕੇਗੀ। ਇਸ ਸਮੇਂ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਰਜੇਸ਼ ਬਾਂਸਲ, ਗੁਰਿੰਦਰ ਸਿੰਘ ਰਾਣਾ, ਪੁਸ਼ਪਿੰਦਰ ਸਿੰਘ, ਹਰੀ ਚਰਨ ਸ਼ਰਮਾ, ਪਰਮਜੀਤ ਸਿੰਘ, ਮਥੁਰਾ ਦਾਸ ਵੀ ਹਾਜ਼ਰ ਸਨ।