ਲਿਟਲ ਇੰਡੀਆ ਵੱਲੋਂ ਪਾਪਾਟੋਏਟੋਏ ਵਿਖੇ ਕਰਵਾਏ ‘ਦਿਵਾਲੀ ਫ਼ੈਸਟੀਵਲ 2025’ਦੀ ਸਫਲਤਾ ‘ਤੇ ਸਪਾਂਸਰਜ਼ ਤੇ ਸਹਿਯੋਗੀਆਂ ਦਾ ਸਨਮਾਨ

ਪਾਪਾਟੋਏਟੋਏ, 7 ਨਵੰਬਰ – ਲਿਟਲ ਇੰਡੀਆ ਵੱਲੋਂ ਪਾਪਾਟੋਏਟੋਏ ਵਿਖੇ 18 ਅਕਤੂਬਰ ਦਿਨ ਸ਼ਨੀਵਾਰ ਨੂੰ ‘ਦਿਵਾਲੀ ਫ਼ੈਸਟੀਵਲ 2025’ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਅੱਜ ਇੱਥੇ ਗ੍ਰੇਟ ਸਾਊਥ ਰੋਡ ਸਥਿਤ ਹਲਵਾਈ ਰੈਸਟੋਰੈਂਟ ਵਿਖੇ ਪ੍ਰਬੰਧਕਾਂ ਵੱਲੋਂ ‘ਦਿਵਾਲੀ ਫ਼ੈਸਟੀਵਲ 2025’ ਦੀ ਸਫਲਤਾ ਮਗਰੋਂ ਸਪਾਂਸਰਜ਼, ਸਹਿਯੋਗ ਦੇਣ ਵਾਲਿਆਂ ਸੰਸਥਾਵਾਂ ਅਤੇ ਸਥਾਨਕ ਪੰਜਾਬੀ ਮੀਡੀਆ ਦਾ ਟ੍ਰਾਫੀਜ਼ ਅਤੇ ਸਰਟੀਫਿਕੇਟ ਰਾਹੀ ਸਨਮਾਨ ਕੀਤਾ ਗਿਆ।
ਇਹ ‘ਦਿਵਾਲੀ ਫ਼ੈਸਟੀਵਲ 2025’ 27 ਚਾਰਲਸ ਸਟਰੀਟ ਦੀ ਕਾਰ ਪਾਰਕਿੰਗ, ਪਾਪਾਟੋਏਟੋਏ ਵਿਖੇ ਸਵੇਰੇ 10.00 ਵਜੇ ਤੋਂ ਲੈ ਕੇ ਰਾਤ ਦੇ 8.00 ਵਜੇ ਤੱਕ ਕਰਵਾਇਆ ਗਿਆ ਸੀ। ਜਿਸ ਵਿੱਚ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਦੇ ਨਾਲ ਲਾਈਵ ਸਿੰਗਿਗ, ਗਿੱਧਾ, ਭੰਗੜਾ, ਬਾਲੀਵੁੱਡ ਡਾਂਸ, ਪੈਸਫਿਕਾ ਗਰੁੱਪ ਟ੍ਰਡੀਸ਼ਨਲ ਤੇ ਚਾਈਨਿਜ਼ ਪ੍ਰਫਾਰਮੈਂਸ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਫੂਡ ਅਤੇ ਰਿਟੇਲਰ ਸਟਾਲ ਵੀ ਲਗਾਏ ਗਏ ਸਨ।