ਵਾਇਲਰ ਰਵੀ ਵਲੋਂ ਪੰਜਾਬ ਸਰਕਾਰ ਦੀਆਂ ਪ੍ਰਵਾਸੀ ਭਾਰਤੀਆਂ ਦੀ ਭਲਾਈ ਵੱਲ ਸੇਧਤ ਪਹਿਲਕਦਮੀਆਂ ਦੀ ਸ਼ਲਾਘਾ

ਕਿਹਾ ਦੂਸਰੇ ਰਾਜ ਵੀ ਪੰਜਾਬ ਵਾਂਗ ਕਰਨ ਉਪਰਾਲੇ
ਕੋਚੀ/ਚੰਡੀਗੜ੍ਹ, 9 ਜਨਵਰੀ – ਕੇਂਦਰੀ ਓਵਰਸੀਜ਼ ਇੰਡੀਅਨ ਅਫੇਅਰਜ਼ ਮੰਤਰੀ ਸ਼੍ਰੀ ਵਾਇਲਰ ਰਵੀ ਨੇ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਦੂਸਰੇ ਰਾਜ ਵੀ ਪ੍ਰਵਾਸੀ ਭਾਰਤੀਆਂ ਬਾਰੇ ਪੰਜਾਬ ਦੀ ਸਭ ਤੋਂ ਵਿਆਪਕ ਨੀਤੀ ਦੀ ਤਰਜ਼ ‘ਤੇ ਉਪਰਾਲੇ ਕਰਨਗੇ।
ਕੇਂਦਰੀ ਮੰਤਰੀ ਅੱਜ ਵੱਖ ਵੱਖ ਰਾਜਾਂ ਦੇ ਵਿਸ਼ੇਸ਼ ਸੈਸ਼ਨਾਂ ਦੀ ਲੜੀ ਦੌਰਾਨ ਪੰਜਾਬ ਦੇ ਸੈਸ਼ਨ ਵਿੱਚ ਨਿੱਜੀ ਤੌਰ ‘ਤੇ ਪਹੁੰਚੇ ਜਿਥੇ ਉਨ੍ਹਾਂ ਨੂੰ ਪੰਜਾਬ ਦੇ ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਸ਼੍ਰੀ ਐਸ. ਐਸ. ਚੰਨੀ ਨੇ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਉਨ੍ਹਾਂ ਨੂੰ ਸੰਖੇਪ ਵੇਰਵਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਪੜਿਆ ਹੈ ਕਿ ਪੰਜਾਬ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ ਜਿਸ ਨੇ ਹਾਈ ਕੋਰਟ ‘ਤੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਪ੍ਰਵਾਸੀ ਭਾਰਤੀਆਂ ਦੀ ਮੁਸ਼ਕਲ ਹੱਲ ਕਰਨ ਲਈ ਜਿਥੇ ਪੰਜਾਬ ਅਰਬਨ ਰੈਂਟ ਕੰਟਰੋਲ ਐਕਟ ਵਿੱਚ ਕਾਨੂੰਨੀ ਸੋਧ ਕੀਤੀ ਹੈ ਉਥੇ ਪ੍ਰਵਾਸੀ ਭਾਰਤੀਆਂ ਦੀ ਸਮੱਸਿਆਵਾਂ ਦੇ ਨਿਪਟਾਰੇ ਲਈ ਲਾਜ਼ਮੀ ਵਿਆਹ ਰਜਿਸਟਰੇਸ਼ਨ ਕਾਨੂੰਨ ਅਤੇ ਮਨੁੱਖੀ ਤਸਕਰੀ ਰੋਕਣ ਸਬੰਧੀ ਕਾਨੂੰਨ ਵੀ ਬਣਾਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਅਤੇ ਮਾਲ ਮੰਤਰੀ ਸ਼੍ਰੀ ਬਿਕਰਮ ਸਿੰਘ ਮਜੀਠੀਆ ਵਲੋਂ ਬਣਵਾਏ ਗਏ ਜ਼ਮੀਨੀ ਰਿਕਾਰਡ ਦੇ ਪੋਰਟਲ ਜਿਸ ਤਹਿਤ ਕੋਈ ਵੀ ਪ੍ਰਵਾਸੀ ਭਾਰਤੀ ਆਪਣੀ ਜ਼ਮੀਨ ਦੇ ਇੰਤਕਾਲ ਨੂੰ ਆਨ ਲਾਈਨ ਰੁਕਵਾ ਸਕਦਾ ਹੈ ਤੋਂ ਵੀ ਬਹੁਤ ਪ੍ਰਭਾਵਤ ਹੋਏ ਹਨ। ਸ਼੍ਰੀ ਚੰਨੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੂਹ ਸਰਕਾਰੀ ਰਿਹਾਇਸ਼ੀ ਅਤੇ ਸਨਅਤੀ ਮਿਲਖਾਂ ਵਿੱਚ ਪ੍ਰਵਾਸੀ ਭਾਰਤੀਆਂ ਲਈ 10 ਫੀਸਦੀ ਕੋਟਾ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਜਿਲ੍ਹਿਆਂ ਅੰਦਰ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਤੋਂ ਇਲਾਵਾ ਭਗੌੜੇ ਕਰਾਰ ਦਿੱਤੇ ਗਏ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਦਾ ਵੀ ਤੇਜ਼ੀ ਨਾਲ ਨਿਪਟਾਰਾ ਕਰਵਾਇਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਲਈ ਜਾਰੀ ਵਿਸ਼ੇਸ਼ ਕਾਰਡ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪਣੇ ਮੰਤਰਾਲੇ ਨੂੰ ਇਸ ਦਾ ਅਧਿਐਨ ਕਰਨ ਲਈ ਕਹਿਣਗੇ ਤਾਂ ਜੋ ਇਹ ਕਾਰਡ ਉਨ੍ਹਾਂ ਦੇ ਮੰਤਰਾਲੇ ਵਲੋਂ ਕੁਲ ਹਿੰਦ ਪੱਧਰ ‘ਤੇ ਜਾਰੀ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਪੰਜਾਬ ਦੀ ਇੰਸਪੈਕਟਰ ਜਨਰਲ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਸ੍ਰੀਮਤੀ ਗੁਰਪ੍ਰੀਤ ਦਿਓ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਿਨ੍ਹਾਂ ਕੇਂਦਰੀ ਮੰਤਰੀ ਨੂੰ ਪੰਜਾਬ ਪੁਲਿਸ ਵਲੋਂ ਫਰਜ਼ੀ ਵਿਆਹਾਂ ਦੇ ਭੈੜ ਨੂੰ ਖਤਮ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਿਆ।
ਕੇਂਦਰੀ ਮੰਤਰੀ ਪੰਜਾਬ ਦੇ ਵਫ਼ਦ ਦਾ ਪ੍ਰਵਾਸੀ ਭਾਰਤੀਆਂ ਦੀ ਚੰਗੀ ਆਓ-ਭਗਤ ਲਈ ਧੰਨਵਾਦ ਕਰਦਿਆਂ ਪ੍ਰਵਾਸੀ ਭਾਰਤੀਆਂ ਦੀ ਭਲਾਈ ਅਤੇ ਸੁਰੱਖਿਆ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਨੂੰ ਮੁਕੰਮਲ ਕਰਨ ਲਈ ਆਪਣੇ ਮੰਤਰਾਲੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।