ਸ਼ਾਂਤਮਈ ਕਿਸਾਨਾਂ ‘ਤੇ ਗੱਡੀ ਚੜ੍ਹਾ ਕੇ ਸ਼ਹੀਦ ਕਰਨਾ : ਦਰਿੰਦਗੀ ਦੀ ਨਿਸ਼ਾਨੀ

ਲੇਖਕ – ਉਜਾਗਰ ਸਿੰਘ
ਸਾਬਕਾ ਜਿੱਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ: +91 94178 13072
E-mail: ujagarisngh48@yahoo.com

ਭਾਰਤੀ ਜਨਤਾ ਪਾਰਟੀ ਦੇ ਕਥਿਤ ਨੇਤਾਵਾਂ ਦੇ ਬੱਚਿਆਂ ਅਤੇ ਪਾਲਤੂ ਗੁੰਡਿਆਂ ਨੇ ਅਣਮਨੁੱਖੀ ਢੰਗ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਹੇਠ ਦਰੜ ਕੇ ਪਰਜਾਤੰਤਰ ਦੇ ਮਖੌਟੇ ਵਿੱਚ ਮੁਗ਼ਲ ਰਾਜ ਦੁਹਰਾ ਦਿੱਤਾ ਹੈ। ਖ਼ਬਰਾਂ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਤਿਕੋਨੀਆਂ-ਬਨਬੀਰਪੁਰ ਸੜਕ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਭਾਰਤ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਤੇ ਭਰਾ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫ਼ਲਾ ਚੜ੍ਹਾ ਕੇ 4 ਕਿਸਾਨਾਂ ਨੂੰ ਦਰੜਿਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਆਪਣੇ ਬੇਟੇ ਦੇ ਘਟਨਾ ਵਾਲੀ ਥਾਂ ‘ਤੇ ਮੌਜੂਦ ਨਾ ਹੋਣ ਬਾਰੇ ਕਿਹਾ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਉੱਚ ਪੱਧਰੀ ਪੜਤਾਲ ਕਰਵਾਉਣ ਦਾ ਐਲਾਨ ਕਰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੜਤਾਲ ਤੋਂ ਬਾਅਦ ਸਭ ਕੁਝ ਸਾਹਮਣੇ ਆ ਜਾਵੇਗਾ। ਇਹ ਘਟਨਾ ਮਨੁੱਖੀ ਹੱਕਾਂ ਦਾ ਘਾਣ ਅਤੇ ਹੈਵਾਨੀਅਤ ਦਾ ਪ੍ਰਚੰਡ ਪ੍ਰਗਟਾਵਾ ਹੈ। ਇਸ ਇਨਸਾਨੀਅਤ ਤੋਂ ਗਿਰੀ ਹੋਈ ਅਣਮਨੁੱਖੀ ਘਟਨਾ ਤੋਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਪਰਜਾ ਬਾਰੇ ਸੋਚ ਦਾ ਵੀ ਪਤਾ ਲੱਗਦਾ ਹੈ। ਸ਼ਾਂਤਮਈ ਕਿਸਾਨ ਅੰਦੋਲਨ ਦੀ ਸਫ਼ਲਤਾ ਜੱਗ ਜ਼ਾਹਿਰ ਹੋਣ ਕਰਕੇ ਬੌਖਲਾਹਟ ਵਿੱਚ ਆਈ ਸਰਕਾਰ ਦੀ ਘ੍ਰਿਣਾ ਵਾਲੀ ਪ੍ਰਵਿਰਤੀ ਦੀ ਇਹ ਦਰਿੰਦਗੀ ਦੀ ਉਦਾਹਰਣ ਹੈ, ਜਿਸ ਕਰਕੇ 4 ਕਿਸਾਨਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਕਿਸਾਨ ਨੇਤਾ ਤੇਜਿੰਦਰ ਸਿੰਘ ਵਿਰਕ ਊਧਮ ਸਿੰਘ ਨਗਰ ਵੀ ਸ਼ਾਮਲ ਹਨ। ਇਤਨਾ ਜ਼ਾਲਮਾਨਾ ਅਤੇ ਹਿਰਦੇਵੇਦਿਕ ਤਸ਼ੱਦਦ ਅੰਗਰੇਜ਼ਾਂ ਅਤੇ ਮੁਗ਼ਲਾਂ ਦੇ ਸਮੇਂ ਨੂੰ ਯਾਦ ਕਰਵਾਉਂਦਾ ਹੈ। ਉਦੋਂ ਭਾਰਤ ਗ਼ੁਲਾਮ ਸੀ, ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਐਮਰਜੈਂਸੀ ਵੀ ਲੱਗੀ ਪ੍ਰੰਤੂ ਅਜਿਹੀ ਘ੍ਰਿਣਾ ਭਰਪੂਰ ਘਟਨਾ ਕਦੀ ਵੀ ਨਹੀਂ ਹੋਈ। ਭਾਰਤ ਵਾਸੀਆਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਮੁੜ ਕੇ ਇਕ ਪਾਰਟੀ ਦਾ ਗ਼ੁਲਾਮ ਹੋਣ ਜਾ ਰਿਹਾ ਹੈ।
ਅਜੇ ਥੋੜ੍ਹੇ ਦਿਨ ਪਹਿਲਾਂ ਹੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਗਏ ਸਨ ਤਾਂ ਉੱਥੋਂ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਬਾਰੇ ਸੁਚੇਤ ਕੀਤਾ ਸੀ। ਲਖੀਮਪੁਰ ਖੀਰੀ ਦੀ ਘਟਨਾ ਉਨ੍ਹਾਂ ਦਾ ਅੰਦੇਸ਼ਾ ਸੱਚ ਸਾਬਤ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਕਿਸੇ ਤਰ੍ਹਾਂ ਵੀ ਕਿਸਾਨ ਅੰਦੋਲਨ ਨੂੰ ਹਿੰਸਕ ਕਹਿਕੇ ਬਦਨਾਮ ਕਰਨਾ ਚਾਹੁੰਦੀ ਹੈ। ਸਰਕਾਰ ਦੀ ਡਿਕਟੇਟਰਸ਼ਿਪ ਵਾਲੀ ਇਸ ਘਟਨਾ ਤੋਂ ਵੱਡੀ ਹੋਰ ਕੀ ਉਦਾਹਰਣ ਹੋ ਸਕਦੀ ਹੈ? ਭਾਰਤੀ ਜਨਤਾ ਪਾਰਟੀ ਦੀ ਬੌਖਲਾਹਟ ਦਾ ਮੁੱਖ ਕਾਰਨ ਫ਼ਰਵਰੀ 2022 ਵਿੱਚ 5 ਰਾਜਾਂ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾ ਹਨ। ਉਤਰ ਪ੍ਰਦੇਸ਼ ਉਨ੍ਹਾਂ ਵਿੱਚੋਂ ਇਕ ਅਜਿਹਾ ਰਾਜ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਕੇਂਦਰ ਸਰਕਾਰ ਲਈ ਉਤਰ ਪ੍ਰਦੇਸ਼ ਦੀ ਚੋਣ ਇੱਜ਼ਤ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਭਾਰਤ ਦਾ ਇਹ ਸਭ ਤੋਂ ਵੱਡਾ ਰਾਜ ਹੈ, ਜਿੱਥੋਂ 80 ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਹਨ। 5 ਰਾਜਾਂ ਦੀ ਚੋਣ ਦੇ ਨਤੀਜੇ 2024 ਵਿੱਚ ਲੋਕ ਸਭਾ ਦੀ ਚੋਣ ਲਈ ਮਹੱਤਵਪੂਰਨ ਹੋਣਗੇ। ਭਾਰਤੀ ਜਨਤਾ ਪਾਰਟੀ ਕਿਸਾਨ ਅੰਦੋਲਨ ਦੇ ਉਤਰ ਪ੍ਰਦੇਸ਼ ਵਿੱਚ ਭਖ ਜਾਣ ਕਰਕੇ ਆਪਣੀ ਹੋਂਦ ਨੂੰ ਖ਼ਤਰਾ ਮਹਿਸੂਸ ਕਰ ਰਹੀ ਹੈ। ਮੁਜ਼ੱਫ਼ਰਨਗਰ ਵਿਖੇ ਕਿਸਾਨਾਂ ਦੀ ਮਹਾਂ ਪੰਚਾਇਤ ਵਿੱਚ ਲੱਖਾਂ ਕਿਸਾਨਾਂ ਦੇ ਸ਼ਾਮਲ ਹੋਣ ਕਰਕੇ ਉਤਰ ਪ੍ਰਦੇਸ਼ ਸਰਕਾਰ ਨੂੰ ਹਾਰ ਸਾਹਮਣੇ ਕੰਧ ‘ਤੇ ਲਿਖੀ ਵਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਕਹਿ ਰਹੀ ਸੀ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਹੀ ਕਿਸਾਨ ਹਨ। ਮੁਜ਼ਫਰਪੁਰ ਦੀ ਮਹਾਂ ਪੰਚਾਇਤ ਵਿੱਚ ਕਿਸਾਨਾਂ ਦੇ ਹੋਏ ਬੇਸ਼ੁਮਾਰ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ। ਜੇਕਰ ਮੁਜ਼ੱਫ਼ਰਪੁਰ ਦਾ ਇਤਨਾ ਵੱਡਾ ਇਕੱਠ ਸ਼ਾਂਤਮਈ ਰਹਿ ਸਕਦਾ ਹੈ ਤਾਂ ਇਹ ਇਕ ਹਜ਼ਾਰ ਕਿਸਾਨਾਂ ਦਾ ਇਕੱਠ ਹਿੰਸਕ ਕਿਵੇਂ ਹੋ ਸਕਦਾ ਹੈ? ਇਸ ਸਮੇਂ ਕਿਸਾਨ ਅੰਦੋਲਨ ਸਮੁੱਚੇ ਭਾਰਤ ਵਿੱਚ ਫੈਲ ਚੁੱਕਾ ਹੈ, ਜਿਸ ਕਰਕੇ ਕੇਂਦਰ ਸਰਕਾਰ ਘਬਰਾਈ ਹੋਈ ਹੈ। ਕਿਸਾਨ ਅੰਦੋਲਨ ਦੌਰਾਨ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾ ਵਿੱਚ ਸਾਰਾ ਕੇਂਦਰੀ ਮੰਤਰੀ ਮੰਡਲ ਅਤੇ ਸਾਰੇ ਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਅਤੇ ਸੰਸਦ ਮੈਂਬਰਾਂ ਵੱਲੋਂ ਧੂੰਆਂਧਾਰ ਮੁਹਿੰਮ ਚਲਾਉਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ। ਕੱਲ੍ਹ ਹੀ ਪੱਛਮੀ ਬੰਗਾਲ ਦੀਆਂ 3 ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜਿਆਂ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ 58,835 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤਣਾ ਅਤੇ ਤਿੰਨੋ ਸੀਟਾਂ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਹਾਰਨਾ ਹਜ਼ਮ ਨਹੀਂ ਹੋ ਰਿਹਾ। ਇਸ ਘਟਨਾ ਤੋਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਉਤਰ ਪ੍ਰਦੇਸ਼ ਸਰਕਾਰ ਦੀ ਮਿਲੀ ਭੁਗਤ ਨਾਲ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟਾਂ ਵਿੱਚ ਵੜ ਕੇ ਹਮਲੇ ਕੀਤੇ ਸਨ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਕਿਸਾਨਾਂ ‘ਤੇ ਹਮਲੇ ਕੀਤੇ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਨਬੀਰਪੁਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪਿੰਡ ਹੈ। ਇੱਥੇ ਹੀ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦਿ ਮੌਰੀਆ ਨੇ ਆਉਣਾ ਸੀ। ਪਿੰਡ ਦੇ ਬਾਹਰਵਾਰ ਤਿਕੋਨੀਆਂ ਕੋਲ ਹੈਲੀਪੈਡ ਬਣਾਇਆ ਗਿਆ ਸੀ। ਕਿਸਾਨਾਂ ਨੇ ਹੈਲੀਪੈਡ ਘੇਰਿਆ ਹੋਇਆ ਸੀ। ਉਪ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਕਿਸਾਨਾਂ ਦੇ ਵਿਰੋਧ ਕਰਕੇ ਬਦਲ ਦਿੱਤਾ ਸੀ। ਇਸ ਕਰਕੇ ਕਿਸਾਨ ਸ਼ਾਂਤਮਈ ਢੰਗ ਨਾਲ ਵਾਪਸ ਆ ਰਹੇ ਸਨ। ਕਿਹਾ ਜਾਂਦਾ ਹੈ ਕਿ ਕੁਝ ਐਸ ਯੂ ਵੀ ਗੱਡੀਆਂ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਸਪੁੱਤਰ ਅਸ਼ੀਸ਼ ਮਿਸ਼ਰਾ ਅਤੇ ਮੰਤਰੀ ਦਾ ਭਰਾ ਸਵਾਰ ਸਨ, ਉਨ੍ਹਾਂ ਨੇ ਆਪਣਾ ਕਾਫ਼ਲਾ ਵਾਪਸ ਆ ਰਹੇ ਕਿਸਾਨਾਂ ‘ਤੇ ਚੜ੍ਹਾਅ ਦਿੱਤਾ, ਜਿਸ ਕਰਕੇ ਕਿਸਾਨ ਸ਼ਹੀਦ ਹੋ ਗਏ। ਉਹ ਹਫ਼ੜਾ ਦਫ਼ੜੀ ਵਿੱਚ ਗੱਡੀਆਂ ਭਜਾ ਕੇ ਲੈ ਗਏ ਪ੍ਰੰਤੂ ਇਕ ਗੱਡੀ ਤੇਜ਼ ਹੋਣ ਕਰਕੇ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਉਹ ਗੱਡੀ ਖੇਤਾਂ ਵਿੱਚ ਉਲਟ ਗਈ ਅਤੇ ਉਸ ਨੂੰ ਅੱਗ ਲੱਗ ਗਈ। ਜਿਸ ਕਰਕੇ ਵਿਅਕਤੀ ਮਾਰੇ ਗਏ। ਦੋ ਦਿਨ ਪਹਿਲਾਂ ਗ੍ਰਹਿ ਮੰਤਰੀ ਦੇ ਬੇਟੇ ਨੇ ਬਿਆਨ ਦਿੱਤਾ ਸੀ ਕਿ ਲਖੀਮਪੁਰ ਖ਼ੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਸਬਕ ਸਿਖਾਇਆ ਜਾਵੇਗਾ। ਇਸ ਤੋਂ ਸਰਕਾਰ ਦੀ ਨੀਅਤ ਅਤੇ ਸਾਜ਼ਿਸ਼ ਦਾ ਪਤਾ ਲੱਗਦਾ ਹੈ। ਸੋਚਣ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਕਰ ਰਹੇ ਹਨ। ਉੱਥੇ ਰਾਜ ਦੇ ਉਪ ਮੁੱਖ ਮੰਤਰੀ ਨੇ ਆਉਣਾ ਹੋਵੇ ਅਤੇ ਪੁਲਿਸ ਤਾਇਨਾਤ ਨਾ ਕੀਤੀ ਜਾਵੇ ਕੀ ਇਹ ਸੰਭਵ ਹੋ ਸਕਦਾ ਹੈ? ਦੂਜੇ ਜਦੋਂ ਉਪ ਮੁੱਖ ਮੰਤਰੀ ਦਾ ਹੈਲੀਪੈਡ ‘ਤੇ ਆਉਣ ਦਾ ਪ੍ਰੋਗਰਾਮ ਬਦਲ ਗਿਆ ਤਾਂ ਫਿਰ ਅਸ਼ੀਸ਼ ਮਿਸ਼ਰਾ ਅਤੇ ਉਨ੍ਹਾਂ ਦੇ ਸਾਥੀ ਉੱਥੇ ਕੀ ਕਰਨ ਗਏ ਸਨ? ਕੇਂਦਰੀ ਅਤੇ ਯੋਗੀ ਅਦਿਤਯ ਨਾਥ ਦੀ ਸਰਕਾਰ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਬਣਾ ਕੇ ਬਦਨਾਮ ਕਰਨਾ ਚਾਹੁੰਦੀ ਹੈ। ਇਸ ਘਟਨਾ ਤੋਂ ਬਾਅਦ ਉਤਰ ਪ੍ਰਦੇਸ਼ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਹੋ ਪ੍ਰਚੰਡ ਰੂਪ ਵਿੱਚ ਸਾਹਮਣੇ ਆਵੇਗਾ। ਯੋਗੀ ਸਰਕਾਰ ਨੇ ਕਿਸਾਨਾਂ ਨਾਲ ਨਵਾਂ ਪੰਗਾ ਲੈ ਲਿਆ ਹੈ, ਜਿਸ ਦਾ ਇਵਜ਼ਾਨਾ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਚੋਣਾ ਵਿੱਚ ਪੱਛਮੀ ਬੰਗਾਲ ਦੀ ਤਰ੍ਹਾਂ ਭੁਗਤਣਾ ਪਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਸ਼ਹੀਦ ਅਤੇ ਬਾਕੀ ਕਿਸਾਨਾਂ ‘ਤੇ ਇਤਨਾ ਤਸ਼ੱਦਦ ਹੋਣ ਦੇ ਬਾਵਜੂਦ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਇਸ ਤੋਂ ਕਿਸਾਨਾਂ ਦੀ ਭਾਵਨਾ ਦਾ ਪਤਾ ਚਲਦਾ ਹੈ। ਇਸ ਦੁਰਘਟਨਾ ਵਿੱਚ ਸ਼ਹੀਦ ਹੋਏ ਕਿਸਾਨਾਂ ਵਿੱਚ ਨਛੱਤਰ ਸਿੰਘ 65, ਦਲਜੀਤ ਸਿੰਘ 35, ਲਵਪ੍ਰੀਤ ਸਿੰਘ 20 ਅਤੇ ਗੁਰਿੰਦਰ ਸਿੰਘ 20 ਸਾਲ ਉਮਰ ਦੇ ਸਨ। ਕਿਸਾਨਾਂ ਵੱਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੰਨਾ ਨੇ ਗੋਲੀਆਂ ਵੀ ਚਲਾਈਆਂ ਹਨ, ਜਿਸ ਕਰਕੇ ਇਕ ਕਿਸਾਨ ਦੀ ਮੌਤ ਗੋਲੀ ਲੱਗਣ ਕਰਕੇ ਹੋਈ ਹੈ। ਇਨ੍ਹਾਂ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਕਿਉਂਕਿ ਸਮੁੱਚੇ ਦੇਸ਼ ਵਿੱਚ ਗ਼ੁੱਸੇ ਦੀ ਲਹਿਰ ਦੌੜ ਗਈ ਹੈ। ਹੁਣ ਤੱਕ ਜਿਹੜੇ ਕਿਸਾਨ ਮਜ਼ਦੂਰ ਚੁੱਪ ਬੈਠੇ ਸਨ, ਉਹ ਵੀ ਸਰਗਰਮ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜ਼ਾ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 3 ਖੇਤੀਬਾੜੀ ਕਾਨੂੰਨ ਕਿਸੇ ਕੀਮਤ ‘ਤੇ ਵੀ ਰੱਦ ਨਹੀਂ ਹੋਣਗੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੂੰ ਇਹ ਕਹਿਣਾ ਕਿ ਡੰਡਿਆਂ ਨਾਲ ਲੈਸ ਹੋ ਕੇ ਜੈਸੇ ਦਾ ਜਵਾਬ ਤੈਸੇ ਨਾਲ ਦਿਓ, ਭੜਕਾਉਣ ‘ਤੇ ਉਕਸਾਉਣ ਵਾਲੇ ਹਨ। ਉਨ੍ਹਾਂ ਵਿਅਕਤੀਆਂ ਵੱਲੋਂ ਇਹ ਬਿਆਨ ਦੇਣਾ ਜਿਨ੍ਹਾਂ ਦੀ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ, ਬਹੁਤ ਹੀ ਸ਼ਰਮ ਅਤੇ ਸੰਵਿਧਾਨ ਦੇ ਵਿਰੁੱਧ ਹਨ। ਇਨ੍ਹਾਂ ਦੇ ਉਕਸਾਉਣ ਕਰਕੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸ਼ਰੇਆਮ ਕਿਸਾਨ ਦੇ ਕਤਲ ਕੀਤੇ ਹਨ। ਇੰਜ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਕਫ਼ਨ ਵਿੱਚ ਕਿੱਲ ਠੋਕ ਰਹੀ ਹੈ। ਪਰਜਾਤੰਤਰ ਨੂੰ ਇੰਟਰਨੈੱਟ ਬੰਦ ਕਰਕੇ, ਦਫ਼ਾ 144 ਲਗਾ ਕੇ ਅਤੇ ਸਿਆਸਤਦਾਨਾਂ ਦਾ ਦਾਖ਼ਲਾ ਬੰਦ ਕਰਕੇ ਕਲੰਕਿਤ ਕਰ ਰਹੇ ਹਨ। ਇਉਂ ਮਹਿਸੂਸ ਹੋ ਰਿਹਾ ਹੈ ਕਿ ਪਰਜਾਤੰਤਰ ਦਾ ਗੱਲਾ ਘੋਟਿਆ ਜਾ ਰਿਹਾ ਹੈ।