ਸਰਹਿੰਦ ਫਤਿਹ ਦਿਹਾੜੇ ‘ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰਖੀ

ਡਾ. ਚਰਨਜੀਤ ਸਿੰਘ ਗੁਮਟਾਲਾ (ਵਟਸ ਐਪ 91-9417533060, ਅਮਰੀਕਾ 001-9375739812)

ਨਾਂਦੇੜ ਦੇ ਕਿਆਮ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦੁਰ ਨੂੰ ਪੰਜਾਬ ਵੱਲ ਸਿੱਖਾਂ ਦਾ ਜਥੇਦਾਰ ਥਾਪ ਕੇ ਰਵਾਨਾ ਕੀਤਾ ਸੀ। ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਦੇ ਪੰਜ ਤੀਰ, ਪੰਜ ਪਿਆਰਿਆਂ ਦੇ ਰੂਪ ਵਿੱਚ ਭਾਈ ਬਾਜ਼ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਨੋਦ ਸਿੰਘ, ਭਾਈ ਰਣ ਸਿੰਘ ਅਤੇ ਭਾਈ ਦਇਆ ਸਿਘ, ਪੰਝੀ ਸਿੰਘਾਂ ਦਾ ਇੱਕ ਜੱਥਾ, ਇੱਕ ਨਿਸ਼ਾਨ ਸਾਹਿਬ, ਇੱਕ ਨਗ਼ਾਰਾ, ਪੰਜਾਬ ਦੇ ਪ੍ਰਮੁੱਖ ਸਿੰਘਾਂ ਦੇ ਨਾਂ ਹੁਕਮਨਾਮੇ ਦੇ ਕੇ ਰਵਾਨਾ ਕੀਤਾ ।
ਬੰਦਾ ਸਿੰਘ ਦਾ ਇਹ ਜੱਥਾ ਸੋਨੀਪਤ ਤੇ ਰੋਹਤਕ ਦੇ ਵਿਚਕਾਰ ਸਥਿਤ ਕਸਬਾ ਖਰਖੋਦਾ ਪੁੱਜਾ।ਰਸਤੇ ਵਿਚ ਕੈਥਲ ਨੇੜੇ ਸ਼ਾਹੀ ਖ਼ਜਾਨਾ , ਘੋੜੇ, ਹਥਿਆਰ ਲੁਟ ਕੇ ਆਪਣੀ ਸ਼ਕਤੀ ਨੂੰ ਮਜ਼ਬੂਤ ਕੀਤਾ।ਸਿਹਰੀ-ਖੰਡਾ ਦੇ ਮੁਕਾਮ ਦੌਰਾਨ ਬੰਦਾ ਸਿੰਘ ਬਹਾਦੁਰ ਨੇ ਯੁੱਧ ਨੀਤੀ ਦੀ ਪੈਂਤੜੇਬਾਜ਼ੀ ਉਪਰ ਵਿਚਾਰ ਕੀਤੀ। ਬੰਦਾ ਸਿੰਘ ਨੇ ਗੁਰੂ ਸਾਹਿਬ ਵੱਲੋਂ ਲਿਖੇ ਹੁਕਮਨਾਮੇ ਅਤੇ ਆਪਣੇ ਵੱਲੋਂ ਪੰਜਾਬ ਦੇ ਸਿੰਘਾਂ ਵੱਲ ਚਿੱਠੀਆਂ ਭੇਜੀਆਂ ।ਇਹ ਖ਼ਬਰ ਸੁਣਦੇ ਹੀ ਸਿੱਖ ਬਲਦ, ਘਰ ਘਾਟ ਵੇਚ ਕੇ ਹਥਿਆਰ, ਘੋੜੇ ਅਤੇ ਬਾਰੂਦ ਖਰੀਦ ਕੇ ਬੰਦਾ ਸਿੰਘ ਵੱਲ ਤੁਰੰਤ ਚਾਲੇ ਪਾ ਦਿੱਤੇ।
ਸਮਾਣਾ, ਬੰਦਾ ਸਿੰਘ ਬਹਾਦੁਰ ਦੇ ਹਮਲੇ ਦੀ ਫ਼ਰਿਸਤ ‘ਤੇ ਪਹਿਲੇ ਨੰਬਰ ‘ਤੇ ਆਉਂਦਾ ਸੀ। ਸਮਾਣਾ ਇੱਕ ਹਿਸਾਬ ਨਾਲ ਪੁੱਖਤਾ ਗੜ੍ਹੀ ਸੀ। ਗੁਰੂ ਤੇਗ ਬਹਾਦੁਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਫ਼ੌਜਦਾਰ ਜ਼ਾਲਮ ਜਲਾਲ-ਉ-ਦੀਨ, ਸਾਸ਼ਲ ਬੇਗ ਤੇ ਬਾਸ਼ਲ ਬੇਗ ਇੱਥੋਂ ਦੇ ਹੀ ਰਹਿਣ ਵਾਲੇ ਸਨ। ਬੰਦਾ ਸਿੰਘ ਨੇ 26 ਨਵੰਬਰ 1709 ਈ. ਨੂੰ ਕਿਲ੍ਹਾ-ਨੁਮਾ ਸਮਾਣੇ ਨੂੰ ਚਾਰ ਪਾਸਿਉਂ ਘੇਰਾ ਪਾ ਲਿਆ। ਬੜੇ ਘੁਮਸਾਨ ਦੀ ਲੜਾਈ ਹੋਈ। ਸਿੱਖਾਂ ਹੱਥੋਂ ਜਲਾਲ-ਉ-ਦੀਨ, ਸਾਸ਼ਲ ਬੇਗ ਅਤੇ ਬਾਸ਼ਲ ਬੇਗ ਮਾਰੇ ਗਏ। ਸਮਾਣੇ ਵਿੱਚ ਮੁਗਲ ਫ਼ੌਜੀ, ਸਯੱਦ ਆਦਿ ਦਸ ਹਜ਼ਾਰ ਦੇ ਕਰੀਬ ਮਾਰੇ ਗਏ। ਇਸ ਜਿੱਤ ਨੇ ਸਿੰਘਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਅਤੇ ਬੰਦੇ ਸਿੰਘ ਨੇ ਭਾਈ ਫਤਹਿ
ਸਮਾਣੇ ਤੋਂ ਬਾਅਦ ਬੰਦਾ ਸਿੰਘ ਨੇ ਕੈਥਲ ‘ਤੇ ਹਮਲਾ ਕੀਤਾ। ਥੋੜੀ ਜਿਹੀ ਲੜਾਈ ਤੋਂ ਬਾਅਦ ਮੁਗਲ ਫੌਜਾਂ ਬੇਸ਼ੁਮਾਰ ਹਥਿਆਰ, ਘੋੜੇ ਅਤੇ ਲਾਸ਼ਾਂ ਛੱਡ ਕੇ ਮੈਦਾਨੇ-ਜੰਗ ‘ਚੋਂ ਤਿੱਤਰ ਹੋ ਗਈਆਂ।ਸਰਹਿੰਦ ਤੋਂ ਪਹਿਲਾਂ ਬੰਦਾ ਸਿੰਘ ਨੇ ਘੁੜਾਮ, ਠਸਕਾ, ਸ਼ਾਹਬਾਦ ਤੇ ਮੁਸਤਫਾਬਾਦ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਮੁਸਤਫ਼ਾਬਾਦ ਵਿੱਚ ਗਹਿਗਚ ਲੜਾਈ ਹੋਈ ਜਿਥੇ ਦੋ ਹਜ਼ਾਰ ਫੌਜੀਆਂ ਨੇ ਬੰਦਾ ਸਿੰਘ ਅੱਗੇ ਹਥਿਆਰ ਸੁੱਟ ਕੇ ਹਾਰ ਮੰਨ ਲਈ।ਨਾਰਨੌਲ ਦੇ ਸਥਾਨ ‘ਤੇ ਬੰਦਾ ਸਿੰਘ ਨੇ ਲੋਕਾਂ ਨੂੰ ਲੁਟੇਰਿਆਂ ਤੇ ਡਾਕੂਆਂ ਤੋਂ ਮੁਕਤੀ ਦਿਵਾਈ ਅਤੇ ਕੈਥਲ ਦੇ ਫੌਜਦਾਰ ਨੂੰ ਸਬਕ ਸਿਖਾਇਆ। ਸਮਾਣੇ ਤੋਂ ਬਾਅਦ ਬੰਦਾ ਸਿੰਘ ਨੇ ਕਪੂਰੀ ‘ਤੇ ਹਮਲਾ ਕੀਤਾ। ਉਥੋਂ ਦੇ ਫੌਜਦਾਰ ਕਦਮ-ਉ-ਦੀਨ ਨੂੰ ਮਾਰ ਕੇ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ। ਇਸ ਲੜਾਈ ਵਿੱਚ ਬੇਸ਼ੁਮਾਰ ਹਥਿਆਰ, ਖਜ਼ਾਨਾ ਤੇ ਘੋੜੇ ਸਿੰਘਾਂ ਦੇ ਹੱਥ ਆਏ, ਜਿਨ੍ਹਾਂ ਦੀ ਉਨ੍ਹਾਂ ਨੂੰ ਤੁਰੰਤ ਲੋੜ ਸੀ। ਸਢੋਰਾ ਦੀ ਗਹਿਗਚ ਲੜਾਈ ਵਿੱਚ ਦੋਵੇਂ ਪਾਸਿਆਂ ਤੋਂ ਹਜ਼ਾਰਾਂ ਸੂਰਮੇ ਮੈਦਾਨ-ਏ-ਜੰਗ ਵਿੱਚ ਮਾਰੇ ਗਏ। ਅਖੀਰ ਸਢੋਰਾ ਬੰਦਾ ਸਿੰਘ ਦੇ ਕਬਜ਼ੇ ਵਿੱਚ ਆ ਗਿਆ। ਮਜ਼ਲੂਮ ਲੋਕਾਂ ਨੇ ਜ਼ਾਲਮਾਂ ਤੋਂ ਚੁਣ ਚੁਣ ਕੇ ਬਦਲੇ ਲਏ ਅਤੇ ਲੁੱਟ-ਮਾਰ ਕੀਤੀ।
ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਸਰਹਿੰਦ ਤੋਂ 12-15 ਕਿਲੋਮੀਟਰ ਦੂਰ ‘ਚਪੜ-ਚਿੜ੍ਹੀ’ ਦੇ ਸਥਾਨ ‘ਤੇ ਸਿੱਖਾਂ ਨਾਲ ਜੰਗ ਕਰਨ ਲਈ ਕਮਰਕਸੇ ਕਰ ਬੈਠਾ। ਸਿੱਖਾਂ ਕੋਲ ਵਜ਼ੀਰ ਖਾਂ ਦੇ ਮੁਕਾਬਲੇ ਬੜੇ ਘੱਟ ਘੋੜੇ ਤੇ ਹਥਿਆਰ ਸਨ ਪਰ ਸਿੱਖ ਸਾਹਿਬਜ਼ਾਦਿਆਂ ਦੇ ਖ਼ੂਨ ਦਾ ਬਦਲਾ ਲੈਣ ਲਈ ਉਤਾਵਲੇ ਸਨ। ਸਿੱਖਾਂ ਦੀ ਗਿਣਤੀ ਵੀ ਦੁਸ਼ਮਣ ਦੇ ਮੁਕਾਬਲੇ ਘੱਟ ਸੀ। ਸੂਬਾ ਵਜ਼ੀਰ ਖਾਂ ਕੋਲ ਕੁਝ ਤੋਪਾਂ ਸਨ। ਇਹ ਤੋਪਾਂ ਹਾਥੀਆਂ ਦੀਆਂ ਕਤਾਰਾਂ ਤੋਂ ਵਖਰੀਆਂ ਸਨ। ਖ਼ਾਲਸਾ ਫ਼ੌਜ਼ਾਂ ਦਾ ਸਵਾਗਤ ਵਜ਼ੀਰ ਖਾਨ ਦੀਆਂ ਤੋਪਾਂ ਨੇ ਕੀਤਾ। ਪਹਿਲੇ ਗੋਲਿਆਂ ਨਾਲ ਹੀ ਬੰਦਾ ਸਿੰਘ ਨਾਲ ਮਿਲੇ ਗ਼ੈਰ-ਸਿੱਖ ਧਾੜਵੀ ਦਸਤੇ, ਤੋਪਾਂ ਦੀ ਮਾਰ ਤੋਂ ਦੂਰ ਨਿਕਲ ਗਏ। ਬੰਦਾ ਸਿੰਘ ਬਹਾਦੁਰ ਦੇ ਹਰਾਵਲ ਦਸਤੇ ਤੋਪਾਂ ਤੇ ਹਾਥੀਆਂ ਦੀਆਂ ਕਤਾਰਾਂ ਤੋਂ ਹੁਸ਼ਿਆਰੀ ਨਾਲ ਅੱਗੇ ਵੱਧ ਕੇ ਦੁਸ਼ਮਣ ‘ਤੇ ਟੁੱਟ ਪਏ। ਤੋਪਾਂ ਨੇ ਭਾਵੇਂ ਸਿੱਖਾਂ ਦਾ ਨੁਕਸਾਨ ਕੀਤਾ ਅਤੇ ਦੁਸ਼ਮਣਾਂ ਨੇ ਵੀ ਜੰਮ ਕੇ ਲੜਾਈ ਲੜੀ।ਭਾਵੇਂ ਕੁਝ ਦੇਰ ਲਈ ਲੜਾਈ ਦਾ ਰੁੱਖ ਬਦਲ ਗਿਆ ਅਤੇ ਦੁਸ਼ਮਣ ਦਾ ਪਾਸਾ ਭਾਰੀ ਹੋ ਗਿਆ। ਬੰਦਾ ਸਿੰਘ ਬਹਾਦੁਰ ਦੂਰ ਉੱਚੇ ਟਿੱਬੇ ‘ਤੇ ਬੈਠਾ ਜੰਗ ਦੇ ਹਾਲਤਾਂ ‘ਤੇ ਨਜ਼ਰ ਰੱਖ ਰਿਹਾ ਸੀ। ਜਦੋਂ ਉਸ ਨੇ ਸਿੱਖਾਂ ਦੀ ਡਾਵਾਂ ਡੋਲ ਹਾਲਤ ਵੇਖੀ ਤਾਂ ਉਹ ਘੋੜੇ ਨੂੰ ਸਰਪਟ ਦੜਾਉਂਦਾ ‘ਅਕਾਲ ਅਕਾਲ’ ਦੇ ਜੈਕਾਰੇ ਛੱਡਦਾ, ਅੱਖ ਦੇ ਫੋਰ ਵਿੱਚ ਸ਼ਿਦਤ ਨਾਲ ਦੁਸ਼ਮਣ ‘ਤੇ ਟੁੱਟ ਪਿਆ। ਇਹ ਵੇਖ ਸਿੱਖਾਂ ਵਿੱਚ ਜੋਸ਼ ਠਾਠਾਂ ਮਾਰਨ ਲੱਗਾ ਅਤੇ ਮਲੇਰਕੋਟੀਏ ਸਰਦਾਰ ਸ਼ੇਰ ਮੁਹੰਮਦ ਖਾਨ ਤੇ ਖਵਾਜਾ ਅਲੀ ਨੂੰ ਇਕੋ ਹੱਲੇ ਵਿੱਚ ਮਾਰ ਦਿੱਤਾ। ਮੁਗਲ ਫੌਜ਼ਾਂ ਦੇ ਦੋ ਬਹਾਦੁਰ ਸਰਦਾਰਾਂ ਦੀ ਮੌਤ ਵੇਖ ਵਜ਼ੀਰ ਖਾਂ ਦੀ ਫੌਜ਼ ਵਿੱਚ ਖਲ-ਬਲੀ ਪੈ ਗਈ। ਸਵੇਰ ਤੋਂ ਸ਼ੁਰੂ ਹੋਈ ਲੜਾਈ ਸ਼ਾਮ ਦੇ ਚਾਰ ਵਜੇ ਤੱਕ ਚਲਦੀ ਰਹੀ। ਅਚਾਨਕ ਬੰਦਾ ਸਿੰਘ ਬਹਾਦੁਰ ਨੇ ਗੁਰੂ ਗੋਬਿੰਦ ਸਿੰਘ ਵਲੋਂ ਬਖਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਦਾ ਨਿਸ਼ਾਨਾ ਲਾ ਕੇ ਵਜ਼ੀਰ ਖਾਂ ਵੱਲ ਮਾਰਿਆ ਤਾਂ ਉਹ ਹਾਥੀ ਤੋਂ ਡਿੱਗ ਪਿਆ। ਵਜ਼ੀਰ ਖਾਂ ਦੀ ਮੌਤ ਦੀ ਖ਼ਬਰ ਸੁਣਦੇ ਹੀ ਮੁਗਲ ਫੌਜ ਮੈਦਾਨ-ਏ-ਜੰਗ ਵਿੱਚੋਂ ਭੱਜ ਗਈ ਅਤੇ ਸਿੱਖਾਂ ਨੇ ਜਿੱਤ ਦੇ ਨਗਾਰੇ ਸ਼ਾਦਿਆਨੇ ਵਜਾਉਂਦੇ, ਫਤਹਿ ਯਾਬੀਆਂ ਦੀ ਸ਼ਕਲ ਵਿੱਚ ਸਰਹਿੰਦ ਵੱਲ ਤੁਰ ਪਏ। ਵਜ਼ੀਰ ਖਾਂ ਹਾਲੀ ਜੀਉਂਦਾ ਸੀ ਕਿ ਸਿੱਖਾਂ ਨੇ ਉਸ ਦੀਆਂ ਲੱਤਾਂ ਬੰਨ ਕੇ ਘੋੜੇ ਪਿੱਛੇ ਨੂੜ ਦਿੱਤਾ। ਸਰਹਿੰਦ ਦੀਆਂ ਗਲੀਆਂ, ਬਜ਼ਾਰਾਂ ਵਿੱਚ ਉਸ ਦੀ ਲਾਸ਼ ਨੂੰ ਘਸੀਟਿਆ ਗਿਆ। ਆਖਰ ਉਸ ਦੀ ਲਾਸ਼ ਨੂੰ ਇੱਕ ਦਰੱਖਤ ਨਾਲ ਪੁੱਠਾ ਲਟਕਾ ਦਿੱਤਾ ਤਾਂ ਜੋ ਜ਼ਾਲਮਾਂ ਨੂੰ ਸਬਕ ਮਿਲੇ। ਸਿੱਖਾਂ ਨੂੰ ਭਾਰੀ ਜੰਗੀ ਸਮਾਨ, ਹਾਥੀ, ਘੋੜੇ, ਤੋਪਾਂ, ਹਥਿਆਰ ਹੱਥ ਲੱਗੇ ਅਤੇ ਉਹ ਜੈਕਾਰੇ ਲਾਉਂਦੇ ਸ਼ਹਿਰ ਸਰਹਿੰਦ ਵਿੱਚ ਦਾਖਲ ਹੋਏ।
ਸਰਹਿੰਦ ਦੇ ਬਾਸ਼ਾਂਦਿਆਂ ਨੇ ਜਦੋਂ ਵਜ਼ੀਰ ਖਾਂ ਦੇ ਮਰਨ ਦੀ ਖ਼ਬਰ ਸੁਣੀ ਤਾਂ ਲੋਕ ਘਰ-ਬਾਰ ਛੱਡ ਕੇ ਨੱਠ ਪਏ। ਵਜ਼ੀਰ ਖਾਂ ਦਾ ਬੇਟਾ ਆਪਣੇ ਕਬੀਲੇ ਨਾਲ ਦਿੱਲੀ ਵੱਲ ਭੱਜ ਗਿਆ। ਵਜ਼ੀਰ ਖਾਂ ਦਾ ਦੀਵਾਨ ਸੁੱਚਾ ਨੰਦ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨਾਲ ਧਰੋ ਕਮਾਇਆ ਸੀ ਅਤੇ ਗ਼ਰੀਬਾਂ, ਮਜ਼ਲੂਮਾਂ ਲੋਕਾਂ ‘ਤੇ ਬੜੇ ਜ਼ੁਲਮ ਕੀਤੇ ਸਨ, ਭੱਜਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਸਿੰਘਾਂ ਨੇ ਆਣ ਦਬੋਚ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਦੀਆਂ ਫੌਜ਼ਾਂ ਸ਼ਾਹੀ ਖਜ਼ਾਨੇ, ਸ਼ਾਹੀ ਮਹਿਲਾਂ, ਅਮੀਰਾਂ ਦੇ ਮਕਾਨਾਂ ਆਦਿ ਦੀ ਖੂਬ ਲੁੱਟ ਕੀਤੀ।
ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਚੌਥੇ ਦਿਨ ਬੰਦਾ ਸਿੰਘ ਨੇ ਲੁੱਟਮਾਰ, ਹੁਕਮ ਦੇ ਕੇ ਬੰਦ ਕਰਾ ਦਿੱਤੀ। ਕਿਲ੍ਹੇ ‘ਤੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ। ਸ. ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਤੇ ਭਾਈ ਆਲੀ ਸਿੰਘ ਨੂੰ ਉਸਦਾ ਸਹਾਇਕ ਮੁਕਰਰ ਕਰ ਦਿੱਤਾ। ਇਨ੍ਹਾਂ ਦੋਵਾਂ ਸਰਦਾਰਾਂ ਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਦਾ ਪ੍ਰਬੰਧ ਸੰਭਾਲ ਲਿਆ।ਡਾ.ਜਸਬੀਰ ਸਿੰਘ ਸਰਨਾ,ਆਪਣੀ ਪੁਸਤਕ ਤੇਗ਼-ਏ-ਆਤਿਸ਼ਬਾਰ,ਬੰਦਾ ਸਿੰਘ ਬਹਾਦੁਰ ਵਿਚ ਲਿਿਖਆ ਹੈ ਕਿ ਫ਼ਾਰਸੀ ਲਿਖਤਾਂ ਵਿੱਚ ਬਾਜ਼ ਸਿੰਘ ਨੂੰ ਆਮ ਤੌਰ ‘ਤੇ ਨਾਰ ਸਿੰਘ ਕਰਕੇ ਲਿਿਖਆ ਹੈ। ਫ਼ਾਰਸੀ ਸ਼ਬਦਾਵਲੀ ਵਿੱਚ ਨਾਰ ਦਾ ਅਰਥ ਉਹ ਸ਼ੇਰ ਜੋ ਅੱਗ ਵਰਸਾਉਂਦਾ ਸੀ। ਸਚਮੁੱਚ ਬਾਜ ਸਿੰਘ, ਨਾਰ ਸਿੰਘ ਬਣ ਕੇ ਮੈਦਾਨ-ਏ-ਜੰਗ ਵਿੱਚ ਅਜਿਹੀ ਬਹਾਦੁਰੀ ਦੇ ਕਾਰਨਾਮੇ ਕਰਦਾ ਸੀ ਕਿ ਦੁਸ਼ਮਣਾਂ ਵਿੱਚ ਭੱੜਥੂ ਪੈ ਜਾਂਦਾ ਸੀ। ਇਸੇ ਲਈ ਬਾਜ਼ ਸਿੰਘ ਨੂੰ ਨਾਰ ਸਿੰਘ ਕਰਕੇ ਫ਼ਾਰਸੀ ਲਿਖਾਰੀ ਮੁਖਾਤਿਬ ਹੁੰਦੇ ਸਨ।
ਸਰਹਿੰਦ ਦੀ ਜਿੱਤ ਤੋਂ ਬਾਅਦ ਸੁਨਾਮ, ਘੁੜਾਮ, ਮਲੇਰਕੋਟਲਾ ਆਦਿ ਮਾਮੂਲੀ ਝੱੜਪਾਂ ਪਿੱਛੋਂ ਸਿੱਖਾਂ ਦੇ ਕਬਜ਼ੇ ਵਿੱਚ ਆ ਗਏ। ਸਿੱਖਾਂ ਦਾ ਸਰਹਿੰਦ ਦੇ ਕੁਲ ਅਠਾਈ ਪਰਗਣਿਆਂ ‘ਤੇ ਕੰਟਰੋਲ ਹੋ ਚੱੁਕਾ ਸੀ। ਇਸ ਤਰ੍ਹਾਂ ਸਾਰੇ ਇਲਾਕੇ ਨੂੰ ਸ. ਬਾਜ਼ ਸਿੰਘ, ਬਿਨੋਦ ਸਿੰਘ, ਰਾਮ ਸਿੰਘ, ਸ਼ਾਮ ਸਿੰਘ, ਫ਼ਤਹਿ ਸਿੰਘ, ਕੋਇਰ ਸਿੰਘ ਆਦਿ ਸਿਆਸੀ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ।
ਸਰਹਿੰਦ ਦੀ ਲੜਾਈ ਮਗਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਤੇ ਮੁਸਲਮਾਨ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ, ਜਿਸ ਦੀ ਗਵਾਈ ਫ਼ਾਰਸੀ ਲਿਖਤਾਂ ਵਿੱਚ ਮੌਜੂਦ ਹੈ। 28 ਅਪ੍ਰੈਲ 1711 ਈ. ਦੀ ‘ਅਖ਼ਬਾਰਾਤ-ਏ-ਦਰਬਾਰ-ਮੁਆਲਾ ਦੀ ਰਿਪੋਰਟ ਅਨੁਸਾਰ ਬੰਦਾ ਸਿੰਘ ਬਹਾਦਰ ਦੀ ਫ਼ੌਜ਼ ਵਿੱਚ 5000 ਮੁਸਲਮਾਨ ਭਰਤੀ ਹੋ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉਸ (ਬੰਦਾ ਸਿੰਘ) ਨੇ ਮੁਸਲਮਾਨ ਨੂੰ ਖੁੱਤਬਾ ਅਤੇ ਨਿਮਾਜ਼ ਪੜ੍ਹਨ ਦੀ ਆਜ਼ਾਦੀ ਦੇ ਦਿੱਤੀ ਹੈ। ਉਹ ਮੁਸਲਮਾਨਾਂ ਨੂੰ ‘ਨਿਮਾਜ਼ੀ ਸਿੰਘ’ ਕਹਿ ਕੇ ਬੁਲਾਉਂਦਾ ਹੈ।ਕੀ ਹਿੰਦੂ ਤੇ ਕੀ ਮੁਸਲਮਾਨ, ਜਿਹੜਾ ਵੀ ਉਸ ਕੋਲ ਪੁੱਜ ਗਿਆ, ਉਸ ਨੂੰ ‘ਸਿੰਘ’ ਦੇ ਖਿਤਾਬ ਨਾਲ ਸੰਬੋਧਨ ਕਰਵਾਉਂਦਾ ਸੀ, ਜਿਵੇਂ ਕਿ ਦੀਨਦਾਰ ਖਾਂ, ਜਿਹੜਾ ਉਸ ਇਲਾਕੇ ਦਾ ਰਈਸ ਸੀ, ਨੂੰ ਦੀਨਦਾਰ ਸਿੰਘ ਦੀ ਉਪਾਧੀ ਦਿੱਤੀ ਅਤੇ ਸਰਹਿੰਦ ਦਾ ਖ਼ਬਰ ਨਵੀਸ ਮੀਰ ਨਸੀਰੁਦੀਨ ਸਿੰਘ ਬਣ ਗਿਆ।
ਉਪਰ ਦਿੱਤੀ ਸੰਖੇਪ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲ ਫ਼ੌਜ਼ਾਂ ਨੂੰ ਵੱਡੀ ਸ਼ਿਕਸਤ ਦੇ ਕੇ ਸਮਾਣਾ, ਸਢੋਰਾ, ਸਰਹਿੰਦ ਆਦਿ ‘ਤੇ ਖ਼ਾਲਸਈ ਝੰਡੇ ਝੁਲਾ ਕੇ ਨਵੇਂ ਅਧਿਆਇਆਂ ਦੀ ਸ਼ੁਰੂਆਤ ਕਰ ਦਿੱਤੀ ਸੀ।