ਆਪਣੀ ਸਵੈ ਜੀਵਨੀ ਆਟੋਬਾਇਓਗ੍ਰਾਫੀ, ਪੁਸਤਕਾਂ ਅਤੇ ਸੰਸਥਾਵਾਂ ਬਾਰੇ ਦਿੱਤੀ ਜਾਣਕਾਰੀ
ਪਾਪਾਟੋਏਟੋਏ, 20 ਮਈ (ਪੰਜਾਬੀ ਕੂਕ ਸਮਾਚਾਰ) – ਨਿਊਜ਼ੀਲੈਂਡ ਦੀਆਂ ਨਿਆਮਤਾਂ (ਮੇਰਾ ਸਫਰਨਾਮਾ- ਨਿਊਜ਼ੀਲੈਂਡ ) ਲਿਖਣ ਵਾਲੇ ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਪਾਪਾਟੋਏਟੋਏ ਵਾਰ ਮੈਮੋਰੀਅਲ ਲਾਇਬਰੇਰੀ ਪਾਪਾਟੋਏਟੋਏ ਆਕਲੈਂਡ ਵਿਖੇ ਰੂਬਰੂ ਸਮਾਗਮ ਕਰਵਾਇਆ ਗਿਆ ਜੋ ਕਿ ਟੀ ਐਂਡ ਟੌਪਿਕਸ ਤਹਿਤ ਕੀਤਾ ਗਿਆ ਜਿਸ ਵਿੱਚ ਲੇਖਕ ਵੱਲੋਂ ਪੰਜਾਬ ਭਾਰਤ ਤੋਂ ਨਿਊਜ਼ੀਲੈਂਡ ਤੱਕ ਦਾ ਸਫਰ ਆਪਣੀ ਓਪਰੋਕਤ ਪੁਸਤਕ ਜੋ ਕਿ ਇੱਕ ਹੋਰ ਪੁਸਤਕ ਸਮੇਤ ਆਕਲੈਂਡ ਲਾਇਬਰੇਰੀਆਂ ਵਿੱਚ ਕੈਟਾਲੌਗ ਰਜਿਸਟਰ ਹੋ ਚੁੱਕੀਆਂ ਹਨ, ਸਮੇਤ ਹੁਣ ਤੱਕ ਛਪ ਚੁੱਕੀਆਂ ਆਪਣੀਆਂ 19 ਪੁਸਤਕਾਂ ਬਾਰੇ ਸੰਖੇਪ ਵਿੱਚ ਹਾਜ਼ਰ ਗੋਰੇ ਅਤੇ ਪੰਜਾਬੀ ਲੋਕਾਂ ਨੂੰ ਜਾਣਕਾਰੀ ਦਿੱਤੀ।
ਸ੍ਰੀ ਸ਼ੇਖਪੁਰੀਆ ਨੇ ਆਪਣੀ ਆਟੋਬਾਓਗ੍ਰਾਫੀ ਸਵੈਜੀਵਨੀ “ਮੇਰੀਆਂ ਪੈੜਾਂ” ਚੋਂ ਜਾਣਕਾਰੀ ਦਿੰਦਿਆਂ ਸੰਖੇਪ ਵਿੱਚ ਆਪਣੇ ਜੀਵਨ ਤੇ ਵੀ ਝਾਤ ਪਾਈ। ਉਹਨਾਂ ਨੇ ਆਪਣੀ ਸਵੈਜੀਵਨੀ ਮੇਰੀਆਂ ਪੈੜਾਂ ਦਾ ਹੱਥ ਲਿਖਤ ਵੱਡਾ ਵਰਕਾ ਵੀ ਹਾਜ਼ਰ ਲੋਕਾਂ ਨੂੰ ਦਿਖਾਇਆ ਜਿਸ ਬਾਰੇ ਉਹਨਾਂ ਦੱਸਿਆ ਕਿ ਅਜਿਹੇ ਸੈਂਕੜੇ ਵਰਕੇ ਹਨ ਜਿਹਨਾਂ ਵਿੱਚ ਉਹਨਾਂ ਦੀ ਆਪਣੀ ਹੀ ਜੀਵਨੀ ਨਹੀਂ ਹੈ, ਬਲਕਿ ਪੰਜਾਬ ਤੋਂ ਲੈ ਕੇ ਇਥੋਂ ਨਿਊਜ਼ੀਲੈਂਡ ਤੱਕ ਦੇ ਨਾਲ ਨਾਲ ਬਹੁਤ ਸਾਰੀਆਂ ਘਟਨਾਵਾਂ, ਖਬਰਾਂ, ਲੇਖ, ਵੱਖ-ਵੱਖ ਵਿਧਾ ਵਿੱਚ ਉਹਨਾਂ ਦੀਆਂ ਸਮੇਂ-ਸਮੇਂ ਤੇ ਕੀਤੀਆਂ ਲਿਖਤਾਂ, ਬਹੁਤ ਸਾਰੇ ਭੋਗ, ਵਿਆਹ ਆਦਿ ਸ਼ਾਮਿਲ ਹਨ ਭਾਵ ਕਿ ਜਿੱਥੇ ਵੀ ਉਹਨਾਂ ਦਾ ਜਾਣਾ ਹੋਇਆ, ਉਹਨਾਂ ਨੇ ਆਪਣੀ ਡੇਲੀ ਡਾਇਰੀ ਸੰਕਲਿਤ ਕੀਤੀ ਹੈ।
ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿਸਟਰਡ ਪੰਜਾਬ ਦੇ ਫਾਊਂਡਰ ਪ੍ਰਧਾਨ ਅਤੇ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜ ਕਰਤਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਆਪਣੀਆਂ ਦੂਸਰੀਆਂ ਸੰਸਥਾਵਾਂ ਅਤੇ ਵੱਖ-ਵੱਖ ਸਾਹਿਤਕ ਤੇ ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਵੱਖ-ਵੱਖ ਸਮਿਆਂ ਤੇ ਉਹਨਾਂ ਨੂੰ ਮਿਲੇ ਸਨਮਾਨਾਂ ਬਾਰੇ ਵੀ ਸੰਖੇਪ ਵਿੱਚ ਵਰਣਨ ਕੀਤਾ । ਉਹਨਾਂ ਨੇ ਪਿਛਲੇ ਸਮੇਂ ਇੰਡੀਆ ਪੰਜਾਬ ਵਿੱਚ ਵੱਖ ਵੱਖ ਚੈਨਲਾਂ ਵੱਲੋਂ ਅਤੇ ਇਧਰ ਨਿਊਜ਼ੀਲੈਂਡ ਵਿੱਚ ਵੱਖ-ਵੱਖ ਚੈਨਲਾਂ ਜਿਵੇਂ ਰੇਡੀਓ ਸਪਾਈਸ, ਸਾਡੇਆਲਾ ਰੇਡੀਓ ਚੈਨਲ ਤੇ ਐੱਨ ਜੈੱਡ ਨਿਊਜ਼ ਪੰਜਾਬੀ ਚੈਨਲ ਵੱਲੋਂ ਤੇ ਕੀਤੀਆਂ ਇੰਟਰਵਿਊਆਂ ਬਾਰੇ ਵੀ ਦੱਸਿਆ ਜਦੋਂ ਕਿ ਇਧਰ ਦੇ ਪੰਜਾਬੀ ਅਖਬਾਰ ਪੰਜਾਬੀ ਹੈਰਲਡ, ਤਸਵੀਰ ਅਤੇ ਪੰਜਾਬੀ ਕੂਕ ਸਮਾਚਾਰ ਵਿੱਚ ਵੀ ਕਈ ਵਾਰੀ ਉਹਨਾਂ ਦੀਆਂ ਲਿਖਤਾਂ ਨੂੰ ਛਾਪਣ ਦਾ ਸੁਭਾਗ ਪ੍ਰਾਪਤ ਹੋਇਆ।
ਲਾਇਬਰੇਰੀ ਦੇ ਮੈਨੇਜਰ ਰੋਜ਼ਲੀਨ ਲਾਇਬਰੇਰੀਅਨ ਸੁਨੀਤਾ, ਫਿਰਾਸਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰੂਬਰੂ ਸਮਾਗਮ ਵਿੱਚ ਅਜਮੇਰ ਸਿੰਘ ਜੌੜਾ, ਸਪਾਈਸ ਰੇਡੀਓ ਤੋਂ ਨਵਤੇਜ ਰੰਧਾਵਾ, ਨਿਊਜ਼ੀਲੈਂਡ ਫੌਰਮ ਫਾਰ ਇਮੀਗਰੇਸ਼ਨ ਪ੍ਰੋਫੈਸ਼ਨਲ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ, ਮੱਖਣ ਸਿੰਘ, ਧਨਵੰਤ ਸਿੰਘ, ਗੁਰਾਂ ਦਿੱਤਾ ਸਿੰਘ ਭਾਗੀਵਾਂਦਰ, ਤਿਰਲੋਚਨ ਸਿੰਘ ਉਰਫ ਟੋਨੀ ਸਿੰਘ, ਸਤਨਾਮ ਸਿੰਘ, ਖੁਸ਼ੀ ਰਾਮ, ਬਚਨ ਸਿੰਘ, ਰਾਮਚੰਦ, ਅਜੀਤ ਪਾਲ ਅਤੇ ਧਰਮਪਾਲ ਸਮੇਤ ਲੋਕ ਹਾਜ਼ਰ ਸਨ। ਇਸ ਮੌਕੇ ਲਾਇਬਰੇਰੀ ਦੇ ਸਟਾਫ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
Home Page ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਦਾ ਪਾਪਾਟੋਏਟੋਏ ਲਾਇਬਰੇਰੀ ਆਕਲੈਂਡ ਵਿਖੇ ਹੋਇਆ ਰੂਬਰੂ ਬਹੁ...