ਸਿੱਧੀ ਅਦਾਇਗੀ ਬਾਰੇ ਬਿਆਨਬਾਜ਼ੀ ਬਾਜਵਾ ਦਾ ਪ੍ਰਧਾਨਗੀ ਖਾਤਰ ਰਚਿਆ ਸਿਆਸੀ ਡਰਾਮਾ – ਮਜੀਠੀਆ

ਕਿਹਾ-ਬਾਜਵਾ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ਼ ਮਨਜ਼ੂਰ ਕਰਵਾਉਣ
ਚੰਡੀਗੜ੍ਹ, 21 ਅਗਸਤ (ਏਜੰਸੀ) – ਯੂਥ ਅਕਾਲੀ ਦਲ ਪ੍ਰਧਾਨ ਤੇ ਮਾਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਕਿਸਾਨਾਂ ਨੂੰ ਸੋਕਾ ਰਾਹਤ ਪੈਕੇਜ਼ ਸਿੱਧੇ ਦੇਣ ਦੇ ਫੈਸਲੇ ਬਾਰੇ ਕੀਤੀ ਬਿਆਨਬਾਜ਼ੀ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪ੍ਰਾਪਤ ਕਰਨ ਲਈ ਨਿਰ੍ਹਾ ਸਿਆਸੀ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘੁਟਾਲਿਆਂ ਵਿੱਚ ਨੱਕੋ ਨੱਕ ਡੁੱਬੀ ਕਾਂਗਰਸ…… ਵਲੋਂ ਆਪਣੇ ਏਜੰਟਾਂ ਦੀਆਂ ਜੇਬਾਂ ਭਰਨ ਲਈ ਇਹ ਨਵਾਂ ਤਰੀਕਾ ਲੱਭਿਆ ਗਿਆ ਹੈ।
ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀਆਂ ਨੇ ਦੇਸ਼ ਦੇ ਕੇਂਦਰੀ ਪੂਲ ਵਿੱਚ 50 ਫੀਸਦੀ ਤੋਂ ਵੱਧ ਹਿੱਸਾ ਪਾ ਕੇ ਦੇਸ਼ ਦਾ ਢਿੱਡ ਭਰਦੇ ਵਾਲੇ ਕਿਸਾਨਾਂ ਲਈ ਪਹਿਲਾਂ ਐਲਾਨੇ ਗਏ 1900 ਕਰੋੜ ਦੇ ਸੋਕਾ ਰਾਹਤ ਪੈਕੇਜ਼ ਵਿਚੋਂ ਧੇਲਾ ਵੀ ਨਾ ਦਿਤੇ ਜਾਣ ਸਮੇਂ ਮੁਜਰਮਾਨਾ ਚੁੱਪ ਵੱਟੀ ਰੱਖੀ ਸੀ। ਉਨ੍ਹਾਂ ਕਿਹਾ ਕਿ Øਸਾਰਾ ਮਾਝਾ ਖੇਤਰ ਸਰਹੱਦੀ ਹੋਣ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਜੇਕਰ ਸ. ਬਾਜਵਾ ਨੂੰ ਸੱਚਮੁੱਚ ਇਸ ਖਿੱਤੇ ਦਾ ਫਿਕਰ ਹੈ ਤਾਂ ਉਹ ਕੇਂਦਰ ਸਰਕਾਰ ਤੋਂ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ਼ ਮਨਜ਼ੂਰ ਕਰਵਾਉਣ।
ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਸ ਸਰਕਾਰ ਨੂੰ ਸੰਵਿਧਾਨਕ ਆਡਿਟ ਏਜੰਸੀ ਕੈਗ ਨੇ 2 ਜੀ ਸਪੈਕਟ੍ਰਮ, ਆਦਰਸ਼ ਸੁਸਾਇਟੀ, ਕਾਮਨਵੈਲਥ ਖੇਡ, ਕੋਲੇ ਦੀਆਂ ਖਾਣਾਂ ਦੀ ਵੰਡ, ਸ਼ਹਿਰੀ ਹਵਾਬਾਜ਼ੀ ਤੇ ਗੈਸ ਵੰਡ ਦੇ ੫ ਲੱਖ ਕਰੋੜ ਰੁਪਏ ਤੋਂ ਵੱਧ ਦੇ ਘੁਟਾਲਿਆਂ ਦਾ ਦੋਸ਼ੀ ਗਰਦਾਨਿਆ ਹੋਵੇ ਉਹ ਪੰਜਾਬ ਸਰਕਾਰ ‘ਤੇ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਲਾ ਕੇ ਪੰਜਾਬ ਵਿੱਚ ਉਸ ਦੇ ਪ੍ਰਸ਼ਾਸ਼ਕੀ ਅਧਿਕਾਰ ਜੋ ਕਿ ਉਸ ਨੂੰ ਸੰਵਿਧਾਨ ਨੇ ਦਿੱਤਾ ਹੈ, ‘ਤੇ ਕਬਜ਼ਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ‘ਅੰਨਾ ਵੰਡੇ ਰੇਵੜੀਆਂ ਮੁੜ ਮੁੜ ਆਪਣਿਆਂ ਨੂੰ’ ਵਾਲੀ ਕਹਾਵਤ ਅਨੁਸਾਰ ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਸ੍ਰੋਤ ਕੋਲਾ, ਗੈਸ ਆਦਿ ਕੌਡੀਆਂ ਦੇ ਭਾਅ ਲੁਟਾ ਰਹੀ ਹੈ ਉਸ ਤੋਂ ਕਿਸਾਨਾਂ ਨੂੰ ਇਮਾਨਦਾਰ ਤਰੀਕੇ ਨਾਲ ਸਿੱਧੀ ਅਦਾਇਗੀ ਦੀ ਆਸ ਕੋਈ ਵੀ ਕਿਸਾਨ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਇਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਹੀ ਹੈ ਜਿਸ ਨੇ ਕਿਸਾਨਾਂ ਦੀ ਭਲਾਈ ਲਈ ਦੇਸ਼ ਵਿੱਚ ਸਭ ਤੋਂ ਪਹਿਲਾਂ ਮੁਫਤ ਬਿਜਲੀ ਦੇਣੀ ਸ਼ੁਰੂ ਕੀਤੀ ਤੇ ਇਸ ਵਾਰ ਵੀ 22 ਫੀਸਦੀ ਘੱਟ ਵਰਖਾ ਹੋਣ ਕਰਕੇ ਪਏ ਸੋਕੇ ਨਾਲ ਨਿਪਟਣ ਤੇ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਰਾਜ ਸਰਕਾਰ ਨੇ 7 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਖਰੀਦਕੇ ਕਿਸਾਨਾਂ ਨੂੰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਹੀ ਕੇਂਦਰ ਸਰਕਾਰ ਵਲੋਂ ਰਾਜਾਂ ਵਿਚੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਵਿਚੋਂ ਪੰਜਾਬ ਨੂੰ ਨਾਮਾਤਰ 1.32 ਫੀਸਦੀ ਹਿੱਸਾ ਹੀ ਦਿੱਤਾ ਜਾ ਰਿਹਾ ਹੈ, ਉੱਥੇ ਯੂ.ਪੀ.ਏ. ਸਰਕਾਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਪਾਣੀ ਨੂੰ ਸਮਵਰਤੀ ਸੂਚੀ ਵਿੱਚ ਸ਼ਾਮਿਲ ਕਰਕੇ ਪੰਜਾਬ ਦੇ ਇਕੋ ਇਕ ਕੁਦਰਤੀ ਸ੍ਰੋਤ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਪੰਜਾਬ ਵਿਰੋਧੀ ਕਦਮਾਂ ਤੋਂ ਜਾਣੂੰ ਲੋਕ ਜਿੱਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਿਕਾਸਮੁਖੀ ਏਜੰਡੇ ‘ਤੇ ਵਿਧਾਨ ਸਭਾ, ਨਗਰ ਨਿਗਮ ਚੋਣਾਂ ਦੌਰਾਨ ਮੋਹਰ ਲਾ ਚੁੱਕੇ ਹਨ ਉੱਥੇ ਉਹ 2014 ਦੀਆਂ ਲੋਕਾਂ ਸਭਾ ਚੋਣਾਂ ਵਿੱਚ ਕਾਂਗਰਸ ਦਾ ਪੰਜਾਬ ਦੇ ਸਿਆਸੀ ਸੀਨ ਤੋਂ ਸਫਾਇਆ ਕਰ ਦੇਣਗੇ।