ਸੰਗਤਾਂ ਦੇ ਫੈਸਲੇ ਨੂੰ ਪ੍ਰਵਾਨ ਕਰਦਾ ਹਾਂ – ਸਾਬਕਾ ਪ੍ਰਧਾਨ ਸਰਨਾ

ਨਵੀਂ ਦਿੱਲੀ (6 ਫਰਵਰੀ) – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪ੍ਰਾਪਤ ਕੀਤੀ ਜਿਤ ਨੂੰ ਸਰਨਿਆਂ ਦਾ ਹੰਕਾਰ ਤੋੜਨਾ ਕਰਾਰ ਦਿੱਤੇ ਜਾਣ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਕਿਹਾ ਕਿ ਉਨ੍ਹਾਂ ਸਤਿਗੁਰਾਂ ਦੀ ਬਖਸ਼ਸ਼ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਪ੍ਰਾਪਤ ਕਰ ਕਦੀ ਵੀ ਹੰਕਾਰ ਨਹੀਂ ਕੀਤਾ। ਉਨ੍ਹਾਂ ਇਸ ਸੇਵਾ ਨੂੰ ਸਦਾ ਹੀ ਨਿਮਰਤਾ ਸਹਿਤ ਨਿਭਾਇਆ। ਉਨ੍ਹਾਂ ਕਿਹਾ ਕਿ ਜੇ ਹੁਣ ਉਨ੍ਹਾਂ ਨੂੰ ਇਹ ਸੇਵਾ ਨਹੀਂ ਮਿਲ ਸਕੀ ਤਾਂ ਉਨ੍ਹਾਂ ਨੂੰ ਇਸ ਦਾ ਕੋਈ ਮਲਾਲ ਨਹੀਂ। ਉਨ੍ਹਾਂ ਸੰਗਤ ਦੇ ਫੈਸਲੇ ਨੂੰ ਸਿਰ-ਮੱਥੇ ਪ੍ਰਵਾਨ ਕੀਤਾ ਅਤੇ ਬਾਦਲਕਿਆਂ ਦੀ ਜਿਤ ਪੁਰ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਸ. ਸਰਨਾ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਲਈ, ਪੰਜਾਬ ਸਰਕਾਰ, ਆਪਣੇ ਦਲ, ਸ਼੍ਰੋਮਣੀ ਕਮੇਟੀ, ਆਰ. ਐਸ. ਐਸ. ਅਤੇ ਭਾਜਪਾ ਦੇ ਦਲ-ਬਲ ਦੀ ‘ਧਾੜ’ ਲੈ ਕੇ ਦਿੱਲੀ ਪੁਰ ਜੋ ‘ਚੜ੍ਹਾਈ’ ਕੀਤੀ ਅਤੇ ਜਿਵੇਂ ਡਰਾਵਿਆਂ, ਧਮਕੀਆਂ ਅਤੇ ਲਾਲਚਾਂ ਰਾਹੀਂ ਗੁਰਦੁਆਰਾ ਚੋਣਾਂ ਵਿੱਚ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ-ਪਰੰਪਰਾਵਾਂ ਦਾ ਘਾਣ ਕੀਤਾ, ਸਿੱਖਾਂ ਦੇ ਆਤਮ-ਸਨਮਾਨ ਪੁਰ ਸੱਟ ਮਾਰੀ, ਕੀ ਉਸ ਪਿਛੇ ਸੇਵਾ ਭਾਵਨਾ ਕੰਮ ਕਰ ਰਹੀ ਸੀ ਜਾਂ ਫਿਰ ਲੁਟੇਰੇ ਜ਼ਕਰੀਆ ਖਾਨ ਦੀ ਸੋਚ ਸੀ? ਸ. ਸਰਨਾ ਨੇ ਕਿਹਾ ਕਿ ਉਹ ਸੰਗਤ ਦੇ ਫੈਸਲੇ ਨੂੰ ਪ੍ਰਵਾਨ ਕਰ, ਕਿਸੇ ਵੀ ਵਿਵਾਦ ਵਿੱਚ ਪੈਣ ਤੋਂ ਸੰਕੋਚ ਕਰਦੇ ਚਲੇ ਆ ਰਹੇ ਹਨ। ਉਨ੍ਹਾਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਕਾਮਨਾ ਹੈ ਕਿ ਗੁਰਦੁਆਰਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲੇ, ਗੁਰੂ ਘਰ ਦੀਆਂ ਸਥਾਪਤ ਮਰਿਆਦਾਵਾਂ-ਪਰੰਪਰਾਵਾਂ ਦਾ ਪਾਲਣ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿੱਖ ਧਰਮ ਦੀ ਸੁਤੰਤਰ ਹੋਂਦ, ਸਿਖਾਂ ਦੀ ਅੱਡਰੀ ਪਛਾਣ ਕਾਇਮ ਰਖਣ ਅਤੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਅਪਣੀ ਰਾਜਸੀ ਰਣਨੀਤੀ ਆਪ ਘੜਨ ਦੇ ਫੈਸਲੇ ਦੇ ਅਧਿਕਾਰ ਦੀ ਰਖਿਆ ਕਰਨ ਪ੍ਰਤੀ ਜੋ ਸਿੱਖ ਜਗਤ ਨਾਲ ਵਚਨਬੱਧਤਾ ਕੀਤੀ ਹੈ, ਉਹ ਉਸ ਪੁਰ ਦ੍ਰਿੜ੍ਹਤਾ ਨਾਲ ਕਾਇਮ ਰਹੇਗਾ ਅਤੇ ਇਸ ਵਚਨਬੱਧਤਾ ਦੀ ਕੀਮਤ ਤੇ ਕਦੀ ਵੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਵਲੋਂ ਕੀਤੇ ਜਾਂਦੇ ਹਰ ਚੰਗੇ ਕੰਮ ਦੀ ਪ੍ਰਸ਼ੰਸਾ ਕਰ ਉਸਦਾ ਸੁਆਗਤ ਕਰਨਗੇ, ਪ੍ਰੰਤੂ ਉਨ੍ਹਾਂ ਦੇ ਸਿੱਖਾਂ ਦੀ ਅੱਡਰੀ ਪਛਾਣ ‘ਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਵਿੱਚ ਉਨ੍ਹਾਂ ਦੀ ਭਾਈਵਾਲੀ ਅਤੇ ਮਰਿਆਦਾਵਾਂ-ਪਰੰਪਰਾਵਾਂ ਦਾ ਘਾਣ ਕੀਤੇ ਜਾਣ ਦੇ ਹਰ ਫਸਲੇ ਦਾ ਵਿਰੋਧ ਕਰ ਸਿੱਖ ਪੰਥ ਨੂੰ ਜਾਗਰੂਕ ਕਰਦਿਆਂ ਰਹਿਣ ਦੀ ਆਪਣੀ ਜ਼ਿਮੇਂਦਾਰੀ ਨਿਭਾਂਦੇ ਰਹਣਿਗੇ।