
ਆਕਲੈਂਡ, 16 (ਪਰਮਿੰਦਰ ਸਿੰਘ ਪਾਪਾਟੋਏਟੋਏ) – ਕੇਐੱਸ ਲੀਗਲ ਲਿਮਟਿਡ ਟੀ/ਏ ਇੰਡਸ ਲੀਗਲ ਦੇ ਬੈਰਿਸਟਰਜ਼ ਐਂਡ ਸੋਲੀਸਟਰਜ਼ ਸ. ਕੇਸਰ ਸਿੰਘ ਵੱਲੋਂ ਆਕਲੈਂਡ ਲਾਅ ਯੂਨੀਵਰਸਿਟੀ ਨੂੰ $10,000 ਦੀ ਧੰਨ ਰਾਸ਼ੀ ਦਾਨ ਵਜੋਂ ਦਿੱਤੀ ਗਈ ਹੈ।
ਇਹ ਦਾਨ ਕੀਤੀ ਗਈ ਧੰਨ ਰਾਸ਼ੀ ਉਨ੍ਹਾਂ ਵਿਦਿਆਰਥੀਆਂ ਲਈ ਵੱਡੀ ਮਦਦ ਸਾਬਤ ਹੋਵੇਗੀ, ਜੋ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸ. ਕੇਸਰ ਸਿੰਘ ਦੀ ਇਸ ਮਿਹਨਤ ਅਤੇ ਦਰਿਆਦਿਲੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਯਤਨ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਦੇਵੇਗਾ।
ਸ. ਕੇਸਰ ਸਿੰਘ, ਜੋ ਕਿ ਇਮੀਗ੍ਰੇਸ਼ਨ ਅਤੇ ਕਮਰਸ਼ੀਅਲ ਲਾਅ ਦੇ ਮਾਹਿਰ ਹਨ, ਨੇ ਕਿਹਾ ਕਿ ਉਹ ਸਮਾਜ ਨੂੰ ਵਾਪਸ ਕੁੱਝ ਦੇਣਾ ਚਾਹੁੰਦੇ ਹਨ, ਖ਼ਾਸ ਕਰਕੇ ਉਨ੍ਹਾਂ ਨੌਜਵਾਨਾਂ ਲਈ ਜੋ ਲਾਅ ਦੀ ਪੜ੍ਹਾਈ ਕਰ ਰਹੇ ਹਨ ਪਰ ਵਿੱਤੀ ਚੁਣੌਤੀਆਂ ਦੇ ਕਾਰਨ ਦਬਾਅ ਵਿੱਚ ਹਨ।
ਇਹ ਦਾਨ ਯੂਨੀਵਰਸਿਟੀ ਦੇ ਵਿਦਿਆਰਥੀ ਫ਼ੰਡ ਵਿੱਚ ਜੋੜਿਆ ਜਾਵੇਗਾ ਅਤੇ ਸਿੱਧਾ ਉਨ੍ਹਾਂ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।