ਆਕਲੈਂਡ, 31 ਦਸੰਬਰ – ਹਰ ਨਵੇਂ ਸਾਲ ਦੇ ਮੌਕੇ ਮਾਣਯੋਗ ਗਵਰਨਰ ਜਨਰਲ ਨਿਊਜ਼ੀਲੈਂਡ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਿਭਾਈਆਂ ਜਾਂਦੀਆਂ ਸੇਵਾਵਾਂ ਲਈ ਸਨਮਾਨਾਂ ਦਾ ਐਲਾਨ ਕੀਤੀ ਜਾਂਦੀ ਹੈ। ਨਵੇਂ ਸਾਲ 2026 ਦੀ ਆਮਦ ਮੌਕੇ ‘ਨਿਊ ਯੀਅਰ ਆਨਰਜ਼ ਲਿਸਟ’ ਜਾਰੀ ਕੀਤੀ ਗਈ। ਇਸ ਮਾਨ ਸਨਮਾਨ ਵਿੱਚ ‘ਕਿੰਗ’ਜ਼ ਸਰਵਿਸ ਮੈਡਲ-ਖਸ਼ੰ’ ਦੀ ਸੂਚੀ ਵੀ ਸ਼ਾਮਿਲ ਹੁੰਦੀ ਹੈ। ਇਹ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ, ਦੇਸ਼ ਜਾਂ ਵਿਸ਼ਵ ਪੱਧਰ ’ਤੇ ਅਸਾਧਾਰਨ ਸੇਵਾਵਾਂ, ਪ੍ਰਾਪਤੀਆਂ ਅਤੇ ਯੋਗਦਾਨ ਪਾਏ ਹੋਣ। ਇਹ ਸੂਚੀ ਸਿਰਫ਼ ਪ੍ਰਸਿੱਧ ਸ਼ਖਸੀਅਤਾਂ ਲਈ ਨਹੀਂ, ਸਗੋਂ ਉਨ੍ਹਾਂ ਲਈ ਵੀ ਹੈ ਜੋ ਚੁੱਪ-ਚਾਪ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਨ। ਇਸ ਨਵੇਂ ਸਾਲ ਦੀ ਸੂਚੀ ਅੱਜ ਤੜਕੇ 5 ਵਜੇ ਜਾਰੀ ਕੀਤੀ ਗਈ। ਇਸ ਸੂਚੀ ਦੇ ਵਿੱਚ ਕੁੱਝ ਭਾਰਤੀਆਂ ਦੀ ਵੀ ‘ਕਿੰਗ’ਜ਼ ਸਰਵਿਸ ਮੈਡਲ’ ਦੀ ਚੋਣ ਕੀਤੀ ਗਈ। ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੋਏਗੀ ਕਿ ਇਸ ਵਾਰ ਪੰਜਾਬੀ ਮੀਡੀਆ ਕਰਮੀ ਸ. ਹਰਜਿੰਦਰ ਸਿੰਘ ਬਸਿਆਲਾ ਜੋ ਕਿ ਨਿਊਜ਼ੀਲੈਂਡ ਦੀ ਪਹਿਲੀ ਆਨ ਲਾਈਨ ਪੰਜਾਬੀ ਸਮਾਚਾਰ ਵੈੱਬਸਾਈਟ ‘ਪੰਜਾਬੀ ਹੈਰਲਡ’ ਦੇ ਸੰਪਾਦਕ ਹਨ, ਜਸਟਿਸ ਆਫ਼ ਦਾ ਪੀਸ ਅਤੇ ਮੈਰਿਜ ਸੈਲੀਬ੍ਰਾਂਟ ਵੀ ਹਨ, ਨੂੰ ਇਸ ਸਨਮਾਨ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਇਸ ਐਵਾਰਡ ਨੂੰ ਸਮੁੱਚੇ ਪੰਜਾਬੀ ਮੀਡੀਆ ਕਰਮੀਆਂ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਆਪਣਾ ਨਾਂਅ ਨਾਮਜ਼ਦ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਐਵਾਰਡ/ਮੈਡਲ ਦੀ ਸਿਫਾਰਸ਼ ਕੀਤੀ।
ਪ੍ਰਧਾਨ ਮੰਤਰੀ ਵੱਲੋਂ ਵਧਾਈ ਪੱਤਰ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਕ੍ਰਿਸ ਲਕਸਨ ਨੇ ਵੀ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ‘ਕਿੰਗ’ਜ਼ ਸਰਵਿਸ ਮੈਡਲ’ ਦੇ ਲਈ ਚੁਣੇ ਜਾਣ ਉੱਤੇ ਵਧਾਈ ਪੱਤਰ ਭੇਜਿਆ ਹੈ।
ਸ. ਹਰਜਿੰਦਰ ਸਿੰਘ ਬਸਿਆਲਾ ਵੱਲੋਂ ਆਪਣਾ ਭੇਜਿਆ ਸੰਖੇਪ ਜੀਵਨ ਵੇਰਵਾ:
ਸ. ਹਰਜਿੰਦਰ ਸਿੰਘ ਬਸਿਆਲਾ ਅਨੁਸਾਰ ਉਹ ਪਿਛਲੇ 32 ਸਾਲਾਂ ਤੋਂ ਇੱਕ ਲੇਖਕ, ਕਾਲਮਨਵੀਸ ਅਤੇ ਅਖ਼ਬਾਰੀ ਪੱਤਰਕਾਰੀ ਨਾਲ ਜੁੜੇ ਹੋਏ ਹਨ। ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਲਈ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ ਅਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਹ ਸਾਰੀਆਂ ਮਹੱਤਵਪੂਰਨ ਖ਼ਬਰਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਦੇ ਹਨ, ਉਨ੍ਹਾਂ ਦੀ ਰਚਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਨ ਲਾਈਨ ਅਖ਼ਬਾਰ ਵਿੱਚ ਪ੍ਰਕਾਸ਼ਤ ਕਰਦੇ ਹਨ, ਇਹ ਯਕੀਨੀ ਬਣਾਉਂਦੇ ਹਨ ਕਿ ਪੰਜਾਬੀ ਬੋਲਣ ਵਾਲੇ ਭਾਈਚਾਰੇ ਨੂੰ ਨਵੇਂ ਕਾਨੂੰਨਾਂ, ਇਮੀਗ੍ਰੇਸ਼ਨ ਤਬਦੀਲੀਆਂ ਅਤੇ ਵੱਖ-ਵੱਖ ਸਰਕਾਰੀ ਘੋਸ਼ਣਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਉਹ ਜਸਟਿਸ ਆਫ਼ ਦਾ ਪੀਸ, ਮੈਰਿਜ ਸੈਲੀਬ੍ਰਾਂਟ ਅਤੇ ਯੂਨੀਟੈਕ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇੱਕ ਯੋਗ ਦੁਭਾਸ਼ੀਏ ਵੀ ਹਨ।
2009 ਵਿੱਚ, ਉਨ੍ਹਾਂ ਨੇ ਇੱਥੇ ਪਹਿਲੀ ਰੋਜ਼ਾਨਾ ਅੱਪਡੇਟ ਕੀਤੀ ਜਾਣ ਵਾਲੀ ਔਨਲਾਈਨ ਪੰਜਾਬੀ ਭਾਸ਼ਾ ਦੀ ਨਿਊਜ਼ ਵੈੱਬਸਾਈਟ, ‘ਪੰਜਾਬੀ ਹੈਰਲਡ’ ਦੀ ਸ਼ੁਰੂਆਤ ਕੀਤੀ, ਜੋ ਹੁਣ 16ਵੇਂ ਸਾਲ ਵਿੱਚ ਹੈ। ਇਹ ਪਲੇਟਫਾਰਮ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ਲਈ ਖ਼ਬਰਾਂ ਅਤੇ ਜਾਣਕਾਰੀ ਦਾ ਸਰੋਤ ਬਣ ਚੁੱਕਾ ਹੈ, ਜੋ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਨੂੰ ਅਪ੍ਰੈਲ 2021 ਵਿੱਚ ਅਕਾਲ ਫਾਊਂਡੇਸ਼ਨ ਨਿਊਜ਼ੀਲੈਂਡ ਵੱਲੋਂ ‘ਸਰਵਿਸ ਟੂ ਪੰਜਾਬੀ ਮੀਡੀਆ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਅਖ਼ਬਾਰੀ ਤਜਰਬਾ 32 ਸਾਲਾਂ ਤੋਂ ਵੱਧ ਦਾ ਹੈ, ਉਹ ਪਹਿਲਾਂ ਜਲੰਧਰ ਵਿੱਚ ਪੰਜਾਬੀ ਅਖ਼ਬਾਰ ‘ਅਜੀਤ’ ਲਈ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 2011 ਵਿੱਚ ਲੰਡਨ (ਯੂ.ਕੇ) ਵਿਖੇ ‘ਸਿੱਖਜ਼ ਇਨ ਮੀਡੀਆ’ ਐਵਾਰਡ (ਸਿੱਖ ਪੁਰਸਕਾਰ) ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਪਾਪਾਕੁਰਾ ਪੁਲਿਸ ਸਲਾਹਕਾਰ ਟੀਮ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ, ਉਨ੍ਹਾਂ ਨੇ ਦੁਨੀਆ ਭਰ ਵਿੱਚ ਇਸ ਸਮਾਗਮ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕੀਤੀ। ਪੰਜਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ ਵਿੱਚ, ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਅਤੇ ਖੇਡ ਪ੍ਰਬੰਧਕਾਂ ਦੇ ਨਾਲ ਨਿਸ਼ਕਾਮ ਜੁੜੇ ਹੋਏ ਹਨ।
ਸ. ਹਰਜਿੰਦਰ ਸਿੰਘ ਬਸਿਆਲਾ ਦੇ ਪੰਜਾਬੀ ਭਾਸ਼ਾ ਪ੍ਰਤੀ ਸਮਰਪਣ ਨੇ ਇਕ ਹੋਰ ਮਾਅਰਕਾ ਮਾਰਿਆ। 2020 ਵਿੱਚ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ‘ਪੰਜਾਬੀ ਭਾਸ਼ਾ ਹਫ਼ਤਾ’ ਸ਼ੁਰੂ ਕਰਨ ਦੀ ਪਿਰਤ ਸ਼ੁਰੂ ਕੀਤੀ। ਉਨ੍ਹਾਂ ਦੀ ਇਸ ਪਹਿਲਕਦਮੀ ਨੇ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਇੱਕ ਪੰਜਾਬੀ ਦਾ ਇਤਿਹਾਸ ਵਿਖਾਉਂਦਾ ਮੈਗਜ਼ੀਨ ਵੀ ਤਿਆਰ ਕਰਕੇ ਵੰਡਿਆ ਅਤੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜਨ ਵਿੱਚ ਮਦਦ ਕਰਨ ਲਈ ਪੰਜਾਬੀ ਵਰਣਮਾਲਾ ਸਮੱਗਰੀ ਵੱਖ-ਵੱਖ ਰੂਪਾਂ ਵਿੱਚ ਪ੍ਰਦਾਨ ਕੀਤੀ। 2021 ਵਿੱਚ, ਉਨ੍ਹਾਂ ਨੇ ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਅਤੇ ਉਨ੍ਹਾਂ ਦੀ ਮਾਤ ਭਾਸ਼ਾ ਨੂੰ ਦਰਸਾਉਂਦੀ ਇੱਕ ‘ਪੰਜਾਬੀ ਭਾਸ਼ਾ’ ਡਾਕ ਟਿਕਟ ਜਾਰੀ ਕੀਤੀ।
2017 ਤੋਂ ਉਹ ਜਸਟਿਸ ਆਫ਼ ਦ ਪੀਸ ਵਜੋਂ ਭਾਈਚਾਰੇ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਲੋੜ ਪੈਣ ’ਤੇ ਉਹ ਘਰ ਜਾ ਕੇ, ਗੁਰਦੁਆਰਾ ਸਾਹਿਬਾਨਾਂ ਅੰਦਰ ਅਤੇ ਕਈ ਵਾਰ ਹੋਰ ਕੰਮ ਵਾਲੇ ਸਥਾਨਾਂ ਉੱਤੇ ਵੀ ਆਪਣੀਆਂ ਜੇਪੀ ਸੇਵਾਵਾਂ ਪ੍ਰਦਾਨ ਕਰਦੇ ਹਨ। ਉਹ ਆਕਲੈਂਡ ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਅੱਡੇ ਉੱਤੇ ਹੈਲਪ ਡੈਸਕ ਉੱਤੇ ਵੀ ‘ਕਸਟਮਰ ਸਰਵਿਸ ਅੰਬੈਸਡਰ’ ਵਜੋਂ ਵੀ ਸੇਵਾਵਾਂ ਪ੍ਰਦਾਨ ਕਰਦੇ ਹਨ।
‘ਕੂਕ ਪੰਜਾਬੀ ਸਮਚਾਰ’ ਵੱਲੋਂ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ‘ਕਿੰਗ’ਜ਼ ਸਰਵਿਸ ਮੈਡਲ’ ਸਨਮਾਨ ਸੂਚੀ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਸ. ਹਰਜਿੰਦਰ ਸਿੰਘ ਬਸਿਆਲਾ ਜਦੋਂ ਪਹਿਲੀ ਵਾਰ ਨਿਊਜ਼ੀਲੈਂਡ ਪੱਕੇ ਤੌਰ ’ਤੇ ਰਹਿਣ ਆਏ ਤਾਂ ਉਨ੍ਹਾਂ ਨੇ ‘ਕੂਕ ਪੰਜਾਬੀ ਸਮਾਚਾਰ’ ਵਿੱਚ ਕੰਮ ਕੀਤਾ ਸੀ।
Home Page ਸ. ਹਰਜਿੰਦਰ ਸਿੰਘ ਬਸਿਆਲਾ ਦਾ ਨਾਮ ‘ਕਿੰਗ’ਜ਼ ਸਰਵਿਸ ਮੈਡਲ’ ਸਨਮਾਨ ਸੂਚੀ ਵਿੱਚ...







