ਹਾਲੇ ਸਰਬਜੀਤ ਨਹੀਂ, ਸੁਰਜੀਤ ਸਿੰਘ ਰਿਹਾਅ ਹੋ ਰਿਹਾ

ਇਸਲਾਮਾਬਾਦ – ਭਾਰਤ ਅਤੇ ਪੰਜਾਬ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਾਕਿਸਤਾਨ ਵਲੋਂ ਇਸ ਤਰ੍ਹਾਂ ਦੀ ਖ਼ਬਰ ਆਈ ਸੀ ਕਿ ਇਥੋਂ ਦੀ ਜੇਲ੍ਹ ਵਿਚ ਬੰਦ ਸਰਬਜੀਤ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਕੁਝ ਚੈਨਲਾਂ ਦੇ ਹਵਾਲੇ ਨਾਲ ਇਹ ਖ਼ਬਰ ਆਈ ਸੀ ਕਿ ਬੰਬ ਧਮਾਕੇ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਕਿਉਂਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸਰਬਜੀਤ ਸਿੰਘ ਨੂੰ ਮਿਲੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਹੈ। ਪਰ ਹੁਣ ਬਾਅਦ ਵਿੱਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਬੁਲਾਰੇ ਨੇ ਸਪੱਸ਼ਟੀਕਰਨ ਦਿੱਤਾ ਕਿ ਪਾਕਿਸਤਾਨ ਸਰਕਾਰ ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਨਹੀਂ ਸਗੋਂ ਭਾਰਤੀ ਕੈਦੀ ਸੁਰਜੀਤ ਸਿੰਘ ਨੂੰ ਰਿਹਾਅ ਕਰ ਰਹੀ ਹੈ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਬੁਲਾਰੇ ਫਰਹਤਉੱਲ੍ਹਾ ਬਾਬਰ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਪਾਕਿ ਜੇਲ੍ਹ ‘ਚ ਬੰਦ ਭਾਰਤੀ ਕੈਦੀ ਸੁਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ ਪਰ ਮੀਡੀਆ ਨੇ ਭੁਲੇਖੇ ਨਾਲ ਇਸ ਨੂੰ ਸਰਬਜੀਤ ਸਿੰਘ ਦੀ ਰਿਹਾਈ ਵਜੋਂ ਸਮਝ ਕੇ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ 1989 ਵਿੱਚ ਤਤਕਾਲੀ ਰਾਸ਼ਟਰਪਤੀ ਗੁਲਾਮ ਇਸ਼ਾਕ ਖਾਨ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਿਫਾਰਸ਼ ‘ਤੇ ਸੁਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਕਾਨੂੰਨ ਮੰਤਰੀ ਫਾਰੂਕ ਨਾਏਕ ਨੇ ਅੱਜ 26 ਜੂਨ ਨੂੰ ਗ੍ਰਹਿ ਮੰਤਰਾਲੇ ਨੂੰ ਸੂਚਿਤ ਕੀਤਾ ਸੀ ਕਿ ਸੁਰਜੀਤ ਸਿੰਘ, ਜੋ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕਾ ਹੈ, ਨੂੰ ਰਿਹਾਅ ਕਰਕੇ ਭਾਰਤ ਹਵਾਲੇ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜਨਰਲ ਜਿਆ ਉਲ ਹੱਕ ਦੇ ਸ਼ਾਸ਼ਨ ਕਾਲ ਦੇ ਦੌਰਾਨ ਸੁਰਜੀਤ ਸਿੰਘ ਨੂੰ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਪਿਛਲੇ 30 ਸਾਲਾਂ ਤੋਂ ਪਾਕਿ ਜੇਲ੍ਹਾਂ ਵਿੱਚ ਬੰਦ ਹੈ।