1984 ਸਿੱਖ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਰਦਾਸ ਸਮਾਗਮ 

ਨਵੀਂ ਦਿੱਲੀ – 1984 ਸਿੱਖ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ‘ਚ 1 ਨਵੰਬਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ੧੯੮੪ ਸਿੱਖ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ’ ‘ਤੇ ਹੋਏ ਅਰਦਾਸ ਸਮਾਗਮ ਦੌਰਾਨ ਕਈ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਤਕਰੀਰ ਦੌਰਾਨ ਦਿੱਲੀ ਕਮੇਟੀ ਨੂੰ ਯਾਦਗਾਰ ‘ਤੇ ਕਤਲੇਆਮ ਦੀ ਜਾਣਕਾਰੀ ਦੇਣ ਵਾਲਾ ‘ਲਾਈਟ ਐਂਡ ਸਾਊਂਡ ਸ਼ੋਅ’ ਰੋਜ਼ਾਨਾ ਚਲਾਉਣ ਅਤੇ ਸ਼੍ਰੋਮਣੀ ਕਮੇਟੀ ਨੂੰ ਕਤਲੇਆਮ ਸਬੰਧੀ ਯਾਦਗਾਰ ਦੀ ਉਸਾਰੀ ਅੰਮ੍ਰਿਤਸਰ ਵਿਖੇ ਕਰਨ ਦਾ ਵੀ ਸੁਝਾਓ ਦਿੱਤਾ। ਇਸ ਤੋਂ ਪਹਿਲਾ ਸਕੂਲੀ ਬੱਚਿਆਂ ਨੇ ਸ਼ਬਦ ਗਾਇਨ ਵੀ ਕੀਤਾ। ਸਰਬ ਧਰਮ ਸੰਸਦ ਦੇ ਵੱਖ-ਵੱਖ ਆਗੂਆਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਸ਼ਹੀਦਾਂ ਨਮਿੱਤ ਅਰਦਾਸ ਕੀਤੀ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਪਾਸੋਂ 2 ਮੱਤੇ ਵੀ ਪ੍ਰਵਾਨ ਕਰਵਾਏ। ਜਿਸ ‘ਚ ਦਿੱਲੀ ਸਰਕਾਰ ਵੱਲੋਂ 1984 ਕਤਲੇਆਮ ਦੇ ਪੀੜਤਾਂ ਨੂੰ ਦਿੱਤੇ ਗਏ ਫਲੈਟਾਂ ਦਾ ਮਾਲਿਕਾਨਾਂ ਹੱਕ ਪੀੜਤਾਂ ਨੂੰ ਦੇਣ ਅਤੇ ਦੂਜੇ ਮੱਤੇ ‘ਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਤਿਹਾੜ ਜੇਲ੍ਹ ਭੇਜਣ ਵਾਸਤੇ ਕਤਲੇਆਮ ਦੇ ਇੱਕ ਮਾਮਲੇ ਨੂੰ ਲੈ ਕੇ 1992 ਵਿਖੇ ਨਾਂਗਲੋਈ ਥਾਣੇ ‘ਚ ਦਰਜ ਹੋਈ ਐਫ.ਆਈ.ਆਰ. ਦੀ ਚਾਰਜਸ਼ੀਟ ਤੁਰੰਤ ਅਦਾਲਤ ‘ਚ ਪੇਸ਼ ਕਰਨ ਦੀ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ਦੇ ਦੁਖਾਂਤ ਦਾ ਸ਼ਾਬਦਿਕ ਚਿੱਤਰਣ ਕਰਦੇ ਹੋਏ ਭਾਰਤ ਦਾ ਨਾਂ ਹਿੰਦੁਸਤਾਨ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਵੱਲੋਂ ਗੁਰਬਾਣੀ ‘ਚ ਕਹੇ ਜਾਣ ਦਾ ਹਵਾਲਾ ਦਿੱਤਾ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਕਾਤਲਾਂ ਨੇ ਇਹ ਨਹੀਂ ਦੇਖਿਆ ਸੀ ਕਿ ਸਿੱਖ ਕਿਹੜੀ ਪਾਰਟੀ ਨਾਲ ਸਬੰਧਿਤ ਹੈ। ਪਰ ਉਸ ਦੀ ਸਿਰਫ਼ ਪੱਗ ਕਰਕੇ ਹੀ ਉਸ ਨੂੰ ਮੌਤ ਪ੍ਰਾਪਤ ਹੋਈ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਜੇਕਰ 1984 ਕਤਲੇਆਮ ਦਾ ਸਿੱਖਾਂ ਨੂੰ ਇਨਸਾਫ਼ ਮਿਲ ਜਾਂਦਾ ਤਾਂ ਸ਼ਾਇਦ ਉਸ ਤੋਂ ਬਾਅਦ ਦੇਸ਼ ‘ਚ ਗੋਧਰਾ ਕਾਂਡ ਜਾਂ ਅਜਿਹੇ ਦੰਗੇ ਹੋਰ ਨਾ ਹੁੰਦੇ।
ਮੁੱਖ ਇਮਾਮ ਸੈਯਦ ਉਮਰ ਅਹਿਮਦ ਇਲਿਆਸੀ ਨੇ ਕਿਹਾ ਕਿ ਉਹ ਸਿੱਖਾਂ ਦੇ ਦਰਦ ‘ਚ ਸ਼ਰੀਕ ਹੋ ਕੇ ਏਕਤਾ ਤੇ ਭਾਈਚਾਰੇ ਦਾ ਪੈਗ਼ਾਮ ਦੇਣ ਲਈ ਇੱਥੇ ਆਏ ਹਨ। ਜੋ ਕੁੱਝ 1984 ‘ਚ ਹੋਇਆ ਉਨ੍ਹਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਸੀ। ਕਾਤਲਾਂ ਨੂੰ ਸ਼ੈਤਾਨ ਦੱਸਦੇ ਹੋਏ ਮੁੱਖ ਇਮਾਮ ਨੇ ਸਿੱਖਾਂ ਨੂੰ ਇਨਸਾਫ਼ ਦੀ ਲੜਾਈ ਜਾਰੀ ਰੱਖਣ ਦੀ ਸਲਾਹ ਦਿੱਤੀ। ਪੱਛਮੀ ਦਿੱਲੀ ਤੋਂ ਲੋਕ ਸਭਾ ਮੈਂਬਰ ਪਰਵੇਸ਼ ਵਰਮਾ ਨੇ ਆਪਣੇ ਸਾਂਸਦ ਫ਼ੰਡ ‘ਚੋਂ ਢਾਈ ਕਰੋੜ ਰੁਪਏ ਪੀੜਿਤ ਪਰਿਵਾਰਾਂ ਦੀ ਕਾਲੋਨੀਆਂ ਦੀ ਨੁਹਾਰ ਬਦਲਣ ਵਾਸਤੇ ਵਰਤਣ ਦਾ ਭਰੋਸਾ ਦਿੰਦੇ ਹੋਏ ਦਿੱਲੀ ਵਿਖੇ ਕਾਂਗਰਸ ਦੇ ਨਾਲ ਅਜੇ ਵੀ ਸਿੱਖਾਂ ਦੀ ਸਾਂਝ ਹੋਣ ‘ਤੇ ਹੈਰਾਨੀ ਜਤਾਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਸਣੇ ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।