2006 ਦੇ ਲੜੀਵਾਰ ਬੰਬ ਧਮਾਕੇ ਦੇ ਮਾਮਲੇ ‘ਚ 5 ਨੂੰ ਸਜ਼ਾ-ਏ-ਮੌਤ ਤੇ 9 ਨੂੰ ਉਮਰ ਕੈਦ

ਮੁੰਬਈ – 30 ਸਤੰਬਰ ਨੂੰ ਵਿਸ਼ੇਸ਼ ਮਕੋਕਾ ਅਦਾਲਤ ਨੇ 9 ਸਾਲ ਬਾਅਦ ਮੁੰਬਈ ਵਿੱਚ ਲੋਕਲ ਰੇਲ ਗੱਡੀਆਂ ਵਿੱਚ ਸਾਲ 2006 ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ 12 ਦੋਸ਼ੀਆਂ ਵਿਚੋਂ 5 ਨੂੰ ਮੌਤ ਦੀ ਸਜ਼ਾ ਅਤੇ ਬਾਕੀ7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਗੌਰਤਲਬ ਹੈ ਕਿ ਇਨ੍ਹਾਂ ਬੰਬ ਧਮਾਕਿਆਂ ਵਿੱਚ 189 ਲੋਕ ਮਾਰੇ ਗਏ ਸਨ ਤੇ 800 ਜ਼ਖ਼ਮੀ ਹੋਏ ਸਨ। ਫ਼ੈਸਲਾ ਸੁਣਾਉਂਦਿਆਂ ਵਿਸ਼ੇਸ਼ ਅਦਾਲਤ ਦੇ ਜੱਜ ਯਤੀਨ ਡੀ. ਸ਼ਿੰਦੇ ਨੇ ਕਮਾਲ ਅਹਿਮਦ ਅੰਸਾਰੀ (37), ਮੁਹੰਮਦ ਫੈਜ਼ਲ ਸ਼ੇਖ (36), ਏਹਤੇਸ਼ਾਮ ਸਦੀਕੀ (30), ਨਵੀਦ ਹੁਸੈਨ ਖਾਨ (30) ਅਤੇ ਆਸਿਫ ਖਾਨ (38) ਨੂੰ ਮੌਤ ਦੀ ਸਜ਼ਾ ਸੁਣਾਈ। ਇਨ੍ਹਾਂ ਪੰਜਾਂ ਨੇ ਬੰਬ ਲਗਾਏ ਸਨ। ਇਸ ਦੇ ਇਲਾਵਾ ਤਨਵੀਰ ਅਹਿਮਦ ਅੰਸਾਰੀ (37), ਮੁਹੰਮਦ ਮਜੀਦ ਸ਼ਫੀ (32), ਸ਼ੇਖ ਅਲਾਮ ਸ਼ੇਖ (41), ਮੁਹੰਮਦ ਸਾਜਿਦ ਅੰਸਾਰੀ (34), ਮੁਜ਼ਾਮੀ ਸ਼ੇਖ (27), ਸੁਹੇਲ ਮੁਹੰਮਦ ਸ਼ੇਖ (43) ਅਤੇ ਜ਼ਮੀਰ ਅਹਿਮਦ ਸ਼ੇਖ (36) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਵੇਲੇ ਖਾਰ ਰੋਡ-ਸਾਂਤਾਕਰੂਜ, ਬਾਂਦਰਾ-ਖਾਰ ਰੋਡ, ਜੋਗੇਸ਼ਵਰੀ-ਮਾਹਿਮ ਜੰਕਸ਼ਨ, ਮੀਰਾ ਰੋਡ ਭਾਯੰਦਰ, ਮਾਟੁੰਗਾ-ਮਾਹਿਮ ਜੰਕਸ਼ਨ ਤੇ ਬੋਰਵਲੀ ਦੇ ਵਿਚਾਲੇ 10 ਮਿੰਟ ਵਿਚ ਲੋਕਲ ਰੇਲ ਗੱਡੀਆਂ ਵਿਚ ਹੋਏ ਬੰਬ ਧਮਾਕਿਆਂ ਨਾਲ ਮੁੰਬਈ ਦਹਿਲ ਗਈ ਸੀ।