2014 ਤੱਕ ਅੰਦੋਲਨ ਨਹੀਂ ਕਰਾਂਗਾ : ਰਾਮਦੇਵ

ਭੁੱਖ ਹੜਤਾਲ ਕੀਤੀ ਖ਼ਤਮ
ਨਵੀਂ ਦਿੱਲੀ (ਏਜੰਸੀ) – 14 ਅਗਸਤ ਨੂੰ ਕਾਲਾ ਧਨ ਵਾਪਸ ਲਿਆਉਣ ਦੀ ਮੰਗ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੀ ਭੁੱਖ ਹੜਤਾਲ ਨੂੰ ਖ਼ਤਮ ਕਰ ਦਿੱਤਾ ਹੈ। ਰਾਮਦੇਵ ਨੇ ਦੋ ਬੱਚਿਆਂ ਦੇ ਹੱਥੋਂ ਨਿੰਬੂ ਪਾਣੀ ਪੀ ਕੇ ਆਪਣੀ ਭੁੱਖ ਹੜਤਾਲ ਖ਼ਤਮ ਕੀਤੀ। ਅੰਬੇਦਕਰ ਸਟੇਡੀਅਮ ਵਿੱਚ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਨੇ ਕਿਹਾ ਕਿ ਅਸੀਂ ਭੁੱਖ ਹੜਤਾਲ ਖ਼ਤਮ ਕੀਤੀ ਹੈ ਪ੍ਰੰਤੂ ਅੰਦੋਲਨ ਜਾਰੀ ਰਹੇਗਾ।
2014 ਤੱਕ ਕੋਈ ਵੱਡਾ ਅੰਦੋਲਨ ਨਹੀਂ ਹੋਵੇਗਾ। ਹੁਣ ਸਿੱਧੀ ਕਾਰਵਾਈ ਹੋਵੇਗੀ। ਬਾਬਾ ਨੇ ਅਗਲੀ ਰਣਨੀਤੀ……. ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਜੋ ਪਾਰਟੀ ਕਾਲਾ ਧਨ ਵਾਪਸ ਲਿਆਉਣ ਵਿੱਚ ਰੋੜਾ ਬਣ ਰਹੀ ਹੈ, ਉਸ ਨੂੰ ਚੋਣਾਂ ਵਿੱਚ ਹਰਾਉਣਾ ਹੈ। ਕਾਂਗਰਸ ਪਾਰਟੀ ਨੇ ਗਰੀਬੀ ਅਤੇ ਭੁੱਖ ਦਿੱਤੀ ਹੈ। ਇਹ ਗੱਲ ਘਰ-ਘਰ ਜਾ ਕੇ ਦੱਸਣੀ ਹੈ। ਇਹ ਕੋਸ਼ਿਸ਼ ਕਰਨੀ ਹੈ ਕਿ ਅਗਲੀ ਵਾਰ ਭ੍ਰਿਸ਼ਟ ਕਾਂਗਰਸ ਦਾ ਇਕ ਵੀ ਸੰਸਦ ਵਿਚ ਨਾ ਪਹੁੰਚ ਸਕੇ।
ਬਾਬਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸੰਸਦ ਵਿੱਚ ਵਿਸ਼ਵਾਸ ਗਵਾ ਚੁੱਕੀ ਹੈ। ਜੇਕਰ ਕਾਲੇ ਧਨ ਦੇ ਮੁੱਦੇ ‘ਤੇ ਸੰਸਦ ਵਿੱਚ ਵੋਟਿੰਗ ਹੁੰਦੀ ਤਾਂ ਇਹ ਸਰਕਾਰ ਡਿੱਗ ਜਾਂਦੀ। ਸਰਕਾਰ ਨੇ  ਸੰਸਦ ਵਿੱਚ ਕਾਲੇ ਧਨ ‘ਤੇ ਝੂਠਾ ਪੱਤਰ ਦਿੱਤਾ। ਬਾਬਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਜਮ ਕੇ ਨਿਸ਼ਾਨਾ ਸਾਧਿਆ। ਬਾਬਾ ਨੇ ਪ੍ਰਧਾਨ ਮੰਤਰੀ ਨੂੰ ਮੌਨੀ ਬਾਬਾ ਕਰਾਰ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਆਪਣਾ ਰਾਜ ਧਰਮ ਨਿਭਾਉਣ ਜਾਂ ਫ਼ਿਰ ਗੁਰਦੁਆਰੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੜ੍ਹਨ।
ਪ੍ਰਧਾਨ ਮੰਤਰੀ ਸਰਦਾਰ ਹੈ, ਪ੍ਰੰਤੂ ਅਸਰਦਾਰ ਨਹੀਂ ਹੈ। ਅਸੀਂ ਚਾਹੁੰਦੇ ਤਾਂ ਪ੍ਰਧਾਨ ਮੰਤਰੀ ਨੂੰ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣ ਤੋਂ ਰੋਕ ਸਕਦੇ ਸੀ, ਪ੍ਰੰਤੂ ਜਿਸ ਦਾ ਸਨਮਾਨ ਹੀ ਨਹੀਂ ਅਸੀਂ ਉਸ ਦਾ ਅਪਮਾਨ ਕਿਉਂ ਕਰੀਏ। ਅਸੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਘਿਰਾਓ ਨਹੀਂ ਕਰਾਂਗੇ। ਉਨ੍ਹਾਂ ਨੇ ਸਮਰਥਕਾਂ ਤੋਂ ਪੀ.ਐਮ ਦਾ ਘਿਰਾਓ ਨਾ ਕਰਨ ਨੂੰ ਕਿਹਾ। ਸਮਰਥਕਾਂ ਦਾ ਦਬਾਅ ਸੀ ਕਿ ੧੫ ਅਗਸਤ ਨੂੰ ਪ੍ਰਧਾਨ ਮੰਤਰੀ ਦਾ ਘਿਰਾਓ ਕੀਤਾ ਜਾਵੇ।
ਬਾਬਾ ਰਾਮਦੇਵ ਨੇ ਕਾਂਗਰਸ ਮੁਖੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਨਾਮ ਲਏ ਉਨ੍ਹਾਂ ‘ਤੇ ਵੀ ਨਿਸ਼ਾਨਾ ਸਾਧਿਆ। ਬਾਬਾ ਨੇ ਕਿਹਾ ਕਿ ਕਥਿਤ ਖਾਨਦਾਨੀ ਨੇਤਾ, ਖਾਨਦਾਨੀ ਬੇਈਮਾਨ ਹਨ। ਅਸੀਂ ਨਾਟਕ ਖੇਡਣ ਲਈ ਗਰੀਬਾਂ ਅਤੇ ਦਲਿਤਾਂ ਦੀਆਂ ਝੌਂਪੜੀਆਂ ਵਿਚ ਨਹੀਂ ਜਾਂਦੇ। ਇਹ ਲੋਕ ਵਿਦੇਸ਼ਾਂ ਵਿਚ ਪੜ੍ਹ ਕੇ ਆਉਂਦੇ ਹਨ।
ਬਾਬਾ ਨੇ ਕਾਂਗਰਸ ਦੇ ਖਿਲਾਫ਼ ਵਿਰੋਧੀ ਪਾਰਟੀਆਂ ਦਾ ਮੋਰਚਾ ਬਣਾਉਣ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਭ੍ਰਿਸ਼ਟ ਪਾਰਟੀਆਂ ਵਿਚ ਸਭ ਤੋਂ ਉਪਰ ਕਾਂਗਰਸ ਹੈ। ਵਧਦੀ ਮਹਿੰਗਾਈ, ਭੁੱਖ ਅਤੇ ਗਰੀਬੀ ਲਈ ਇਹ ਕਾਂਗਰਸ ਜ਼ਿੰਮੇਵਾਰ ਹੈ।