23 ਸਾਲਾ ਪੰਜਾਬੀ ਮੁੰਡੇ ਦੀ ਭੇਦਭਰੀ ਹਾਲਤ ਵਿੱਚ ਮੌਤ

ਆਕਲੈਂਡ 18 ਦਸੰਬਰ (ਹਰਜਿੰਦਰ ਸਿੰਘ ਬਸਿਆਲਾ) – ਬੀਤੇ ਕੱਲ੍ਹ ਆਕਲੈਂਡ ਸ਼ਹਿਰ ਦੇ ‘ਯੈਸਟਰ ਅਪਾਰਟਮੈਂਟ’ ਵਿੱਚ ਰਹਿੰਦੇ ਇਕ 23 ਸਾਲਾ ਪੰਜਾਬੀ ਨੌਜਵਾਨ ਅਮਰਿੰਦਰ ਸਿੰਘ ਮਾਨ ਦੀ ਭੇਦ ਭਰੇ ਹਲਾਤਾਂ ਦੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਦੀ ਮ੍ਰਿਤਕ ਦੇਹ ਪੁਲਿਸ ਨੂੰ ਸਵੇਰੇ ਅਪਾਰਟਮੈਂਟ ਦੇ ਲਾਗਿਉਂ ਪ੍ਰਾਪਤ ਹੋਈ ਦੱਸੀ ਜਾਂਦੀ ਹੈ। ਇਹ ਨੌਜਵਾਨ ਸੁਨਹਿਰੇ ਭਵਿੱਖ ਅਤੇ ਉਚ ਪੜ੍ਹਾਈ ਦਾ ਸੁਪਨਾ ਲੈ ਕੇ ਇਸੇ ਸਾਲ ਜੁਲਾਈ ਮਹੀਨੇ ਪੰਜਾਬ ਤੋਂ ਬਿਜ਼ਨਸ ਕੋਰਸ ਦੀ ਪੜ੍ਹਾਈ ਕਰਨ ਲਈ ‘ਕੁਈਨ ਅਕੈਡਮੀ’ ਆਇਆ ਸੀ। ਇਸ ਦੇ ਪਿਤਾ ਜੀ ਇਸ ਦੇ ਛੇਟੋ ਹੁੰਦੇ ਹੀ ਇਸ ਦੁਨੀਆ ਤੋਂ ਕੂਚ ਕਰ ਗਏ ਸਨ। ਇਹ ਆਪਣੀ ਮਾਤਾ ਸ੍ਰੀਮਤੀ ਹਰਜਿੰਦਰ ਕੌਰ ਅਤੇ ਛੋਟੀ ਭੈਣ ਦੇ ਨਾਲ ਆਪਣੇ ਨਾਨਕੇ ਪਿੰਡ ਅਮਰਾਲਾ ਨੇੜੇ ਖਮਾਣੋ (ਫਤਹਿਗੜ੍ਹ ਸਾਹਿਬ) ਵਿਖੇ ਰਹਿੰਦਾ ਸੀ। ਉਂਝ ਇਸ ਨੌਜਵਾਨ ਦਾ ਜੱਦੀ ਪਿੰਡ ਵਜੀਦਪੁਰ (ਫਤਹਿਗੜ੍ਹ ਸਾਹਿਬ) ਹੈ। ਪੰਜਾਬ ਰਹਿੰਦੇ ਪਰਿਵਾਰ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਪੋਸਟ ਮਾਰਟਮ ਦੀ ਰਿਪੋਰਟ ਕੱਲ੍ਹ ਤੱਕ ਮਿਲਣ ਦੀ ਸੰਭਾਵਨਾ ਹੈ। ਮ੍ਰਿਤਕ ਨੌਜਵਾਨ ਦੇ ਦੋਸਤਾਂ ਵਲੋਂ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਨੂੰ ਕ੍ਰਿਸਮਸ ਤੋਂ ਪਹਿਲਾਂ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਲਈ ਮ੍ਰਿਤਕ ਦੇ ਦੋਸਤ ਸ. ਜਗਰੂਪ ਸਿੰਘ ਪਿੰਡ ਲੁਹਾਰ ਮਾਜਰਾ, ਨੇੜੇ ਖਮਾਣੋ ਫਤਿਹਗੜ੍ਹ ਸਾਹਿਬ ਨੂੰ 021 299 6188 ਉਤੇ ਸੰਪਰਕ ਕੀਤਾ ਜਾ ਸਕਦਾ ਹੈ।