26 ਜੂਨ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ‘ਤੇ ਵਿਸ਼ੇਸ਼

bhai-kirpal-singh-bathinda-indiaਨਸ਼ਾ ਵਿਰੋਧੀ ਦਿਵਸ ਮਨਾਉਣੇ ਤਾਂ ਹੀ ਸਾਰਥਿਕ ਜੇ ਸਰਕਾਰ ਸ਼ਰਾਬ ਦੇ ਠੇਕੇ 12 ਵਜੇ ਦੁਪਹਿਰ ਤੋਂ ਬਾਅਦ ਖੋਲ੍ਹੇ ਜਾਣ ਅਤੇ ਸ਼ਾਮ 7 ਵਜੇ ਬੰਦ ਕੀਤੇ ਜਾਣ ਦੇ ਆਦੇਸ਼ ਦੇਵੇ ਅਤੇ ਪੰਜਾਬ ਨੂੰ ਤਮਾਕੂ ਮੁਕਤ ਕਰਨ ਲਈ ਤਮਾਕੂ ਦੇ ਕਾਰਖ਼ਾਨਿਆਂ ਨੂੰ ਤਾਲੇ ਲਾ ਦਿੱਤੇ ਜਾਣ
ਕਿਰਪਾਲ ਸਿੰਘ ਬਠਿੰਡਾ
ਮੋਬ: 0091-98554-80797
ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਚੁੱਕਾ ਹੈ। ਬੇਸ਼ੱਕ ਸਰਵੇਖਣ ਦੱਸਦੇ ਹਨ ਕਿ ਮਾਝੇ ਦੇ 64 ਫ਼ੀਸਦੀ, ਮਾਲਵੇ ਦੇ  61 ਫ਼ੀਸਦੀ ਅਤੇ ਦੁਆਬੇ ਦੇ 68 ਫ਼ੀਸਦੀ ਲੋਕ ਨਸ਼ਿਆਂ ਦੀ ਮਾਰ ਹੇਠ ਹੋਣ ਦੀ ਤਰਦੀਦ ਕਰਦੇ ਹਨ ਪਰ ਸਚਾਈ ਇਸ ਤੋਂ ਵੀ ਕਿਤੇ ਵਧੇਰੇ ਹੈ। ਇਸ ਕੋਹੜ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਕੰਮ ਕਰ ਰਹੇ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਸੰਗਰੂਰ ਦੇ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ ਆਪਣੀ ਕਿਤਾਬ ‘ਨਸ਼ਿਆਂ ਦਾ ਪ੍ਰਕੋਪ’ ਵਿੱਚ ਲਿਖਦੇ ਹਨ ਕਿ ਪੰਜਾਬ ਦੀ ਤਿੰਨ ਕਰੋੜ ਦੇ ਨੇੜੇ ਲੱਗਣ ਵਾਲੀ ਆਬਾਦੀ ਵਿੱਚੋਂ 69 ਫ਼ੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਵਿੱਚੋਂ 76.41 ਫ਼ੀਸਦੀ  ਭੁੱਕੀ, 20.41 ਫ਼ੀਸਦੀ ਮੈਡੀਕਲ ਨਸ਼ੇ 8.65 ਫ਼ੀਸਦੀ ਟੀਕਿਆਂ ਅਤੇ 4.95 ਫ਼ੀਸਦੀ ਚਰਸ ਦੀ ਵਰਤੋਂ ਕਰਦੇ ਹਨ। ਇਸ ਵਿੱਚ ਸ਼ਰਾਬ ਅਤੇ ਤੰਬਾਕੂ ਦੇ ਨਸ਼ੇੜੀਆਂ ਦੀ ਗਿਣਤੀ ਨਹੀਂ ਕੀਤੀ ਗਈ। ਜੇ ਇਨ੍ਹਾਂ ਨਸ਼ਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਕੋਈ ਵਿਰਲਾ ਮਨੁੱਖ ਹੀ ਬਚੇਗਾ ਜਿਹੜਾ ਕਿਸੇ ਨਾ ਕਿਸੇ ਨਸ਼ੇ ਦੀ… ਗ੍ਰਿਫ਼ਤ ਤੋਂ ਮੁਕਤ ਹੋਵੇ। ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਆਮ ਕਰਕੇ ਉਸ ਦਾ ਭਾਵ ਹੁੰਦਾ ਹੈ ਮਨ ਵਿੱਚ ਸ਼ਰਾਬ ਵਰਗੀ ਵਸਤੂ ਦਾ ਪੂਰਵ-ਖ਼ਿਆਲ ਰਹਿਣਾ। ਤਕਨੀਕੀ ਪੱਖੋਂ ਨਸ਼ਾ ਇਕ ਵਿਗਾੜ ਹੈ ਜਿਸ ਨਾਲ ਤੁਹਾਡਾ ਆਪਣੇ ਆਪ ਤੋਂ ਕਾਬੂ ਚਲਾ ਜਾਂਦਾ ਹੈ। ਮਨ ਨਕਾਰੇ ਕਰ ਦੇਣ ਵਾਲੇ ਨਸ਼ੀਲੇ ਪਦਾਰਥਾਂ ਜਾਂ ਵਤੀਰਿਆਂ ਵੱਲ ਲੱਗਾ ਰਹਿੰਦਾ ਹੈ, ਅਤੇ ਬਾਵਜੂਦ ਨਾਂਹ-ਪੱਖੀ ਨਤੀਜਿਆਂ ਦੇ ਨਸ਼ੇ ਦੀ ਵਰਤੋਂ ਜਾਰੀ ਰਹਿੰਦੀ ਹੈ। ਸ਼ੁਰੂ ਸ਼ੁਰੂ ਵਿੱਚ ਬਹੁਤੇ ਲੋਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਨ ਕਿ ਉਹ ਕੋਈ ਸਮੱਸਿਆ ਪੈਦਾ ਕਰਨ ਵਾਲੀ ਨਹੀਂ ਹੁੰਦੀ। ਮਿਸਾਲ ਵਜੋਂ, ਹਫ਼ਤੇ ਵਿੱਚ ਇਕ ਦੋ ਵਾਰ ਖਾਣੇ ਨਾਲ ਸ਼ਰਾਬ ਦਾ ਗਲਾਸ ਲੈ ਲੈਣਾ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਲਈ ਕੋਈ ਸਮੱਸਿਆਵਾਂ ਪੈਦਾ ਨਹੀਂ ਕਰੇਗਾ। ਵਿਅਕਤੀ ਜੋ ਸੋਸ਼ਲ ਵਾਤਾਵਰਣ ਵਿੱਚ ਕੁੱਝ ਹਫ਼ਤੇ ਪਿੱਛੋਂ ਹਰ ਵਾਰ ਬਹੁਤ ਸ਼ਰਾਬ ਪੀਂਦੇ ਹਨ ਉਹ ਸ਼ਰਾਬ ਲਹਿਣ ਪਿੱਛੋਂ ਮਾੜੇ ਅਸਰ ਅਨੁਭਵ ਕਰ ਸਕਦੇ ਹਨ, ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਉੱਤੇ ਥੋੜ੍ਹਾ ਬਹੁਤ ਘਟੀਆ ਅਸਰ ਪੈ ਸਕਦਾ ਹੈ। ਪਰ ਜੇ ਸ਼ਰਾਬ ਦੀ ਵਰਤੋਂ ਦਾ ਸਿਲਸਿਲਾ ਵਧ ਜਾਵੇ ਤਾਂ ਉਨ੍ਹਾਂ ਨੂੰ ਜ਼ਿਆਦਾ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਪਰਿਵਾਰਕ ਮੁਸ਼ਕਲਾਂ, ਵਿਚਾਰਨਯੋਗ ਸਰੀਰਕ ਲੱਛਣ, ਮਾਇਕ ਸਮੱਸਿਆਵਾਂ, ਅਤੇ ਕੰਮ ਉੱਤੇ ਸਮੱਸਿਆ। ਨਸ਼ੀਲੇ ਪਦਾਰਥ ਦੀ ਵਰਤੋਂ ਤੋਂ ਪੈਦਾ ਹੋਈ ਸਮੱਸਿਆ ਵਿੱਚ ਇਹ ਫੈਕਟਰ ਸ਼ਾਮਲ ਹਨ: ਖ਼ਾਨਦਾਨੀ, ਜੀਵ-ਵਿਗਿਆਨਕ, ਜਾਂ ਸਰੀਰਕ ਪੂਰਵ-ਰੁਚੀ। ਬਾਹਰਲੇ ਮਨੋ-ਸਮਾਜਿਕ ਫੈਕਟਰ ਜਿਵੇਂ ਸਮਾਜ ਦੇ ਨਜ਼ਰੀਏ (ਸਣੇ ਸਕੂਲ ਦੇ), ਸਾਥੀਆਂ ਜਾਂ ਸਮਾਜਿਕ ਮੇਲ-ਜੋਲ ਦੇ ਗਰੁੱਪਾਂ ਦੀਆਂ ਕਦਰਾਂ ਕੀਮਤਾਂ ਅਤੇ ਨਜ਼ਰੀਏ, ਪਰਿਵਾਰਕ ਸਥਿਤੀ। ਅੰਦਰੂਨੀ ਫੈਕਟਰ ਜਿਵੇਂ ਸਮੱਸਿਆਵਾਂ ਨਜਿੱਠਣ ਦੇ ਹੁਨਰ, ਅਤੇ ਸਾਧਨ। ਇਹ ਸਾਰੇ ਫੈਕਟਰ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ, ਅਤੇ ਕਿਸੇ ਵਿਅਕਤੀ ਦੀ ਤਣਾਓ ਭਰਪੂਰ ਜਾਂ ਸਦਮੇ ਵਾਲੀ ਘਟਨਾ ਦਾ ਸਾਹਮਣਾ ਕਰਨ ਦੀ ਯੋਗਤਾ ਇਹਨਾਂ ਸਾਰਿਆਂ ਉੱਤੇ ਨਿਰਭਰ ਕਰਦੀ ਹੈ। ਮਿਸਾਲ ਵਜੋਂ ਇਕ ਬੱਚਾ ਜਿਸ ਦੇ ਮਾਪੇ ਸ਼ਰਾਬੀ ਕਿਸਮ ਦੇ ਹੋਣ, ਜਿਸ ਦੇ ਸਾਥੀ-ਘੇਰੇ ਵਿੱਚ ਨਸ਼ੀਲੇ ਪਦਾਰਥ ਦੀ ਵਰਤੋਂ ਪਰਵਾਨ ਹੋਵੇ, ਉਸ ਲਈ ਨਸ਼ੇ ਦੀ ਵਰਤੋਂ ਦੇ ਫਲਸਰੂਪ ਸਮੱਸਿਆਵਾਂ ਉਪਜਣ ਦਾ ਜ਼ਿਆਦਾ ਖ਼ਤਰਾ ਹੈ। ਕਈ ਵਾਰ ਨਸ਼ਿਆਂ ਦੀ ਵਰਤੋਂ ਬਚਾਅ ਲਈ ਕੀਤੀ ਜਾਂਦੀ ਹੈ, ਮਿਸਾਲ ਵਜੋਂ ਇਕ ਵਿਅਕਤੀ ਜਿਸ ਨਾਲ ਦੁਰਵਿਹਾਰ ਹੋ ਚੁੱਕਾ ਹੈ ਜਾਂ ਜਿਸ ਨੂੰ ਸਦਮਾ ਲੱਗਾ ਹੈ, ਉਹ ਆਪਣੀ ਪੀੜ ਕਿਸੇ ਵਿਸ਼ੇਸ਼ ਨਸ਼ੇ ਦੀ ਵਰਤੋਂ ਨਾਲ ਸੁੰਨ ਕਰ ਸਕਦਾ/ਸਕਦੀ ਹੈ। ਹੋਰਨਾਂ ਸਥਿਤੀਆਂ ਵਿਚ ਕਿਸੇ ਪਦਾਰਥ ਦੀ ਵਰਤੋਂ ਸਾਥੀ-ਘੇਰੇ ਵੱਲੋਂ ਸਾਧਾਰਨ ਗੱਲ ਸਮਝ ਕੇ ਪਰਵਾਨ ਕੀਤੀ ਜਾ ਸਕਦੀ ਹੈ। ਪਰ ਹੌਲੀ ਹੌਲੀ ਉਨ੍ਹਾਂ ਦੀ ਇਹ ਆਦਤ ਪੱਕ ਜਾਂਦੀ ਹੈ। ਇਸ ਸਮੇਂ ਪੰਜਾਬ ‘ਚ 24 ਲੱਖ ਤੋਂ ਵੱਧ ਲੋਕ ਤਮਾਕੂ ਦਾ ਸ਼ਿਕਾਰ ਹੋ ਚੁੱਕੇ ਹਨ। 9 ਲੱਖ ਦੀ ਤਾਦਾਦ ਦੇ ਲਗਭਗ ਅਜਿਹੇ ਸੇਵਨ ਕਰਨ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਤਮਾਕੂ ਵਿੱਚ 3095 ਜਾਨਲੇਵਾ ਕੈਮੀਕਲਜ਼ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਮਿਹਦੇ ਦਾ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਆਦਿ ਹੋ ਜਾਂਦਾ ਹੈ। ਹੋਰ ਨਸ਼ੇ ਤਾਂ ਜੋ ਸੇਵਨ ਕਰਦਾ ਹੈ ਉਸੇ ਦਾ ਹੀ ਨੁਕਸਾਨ ਕਰਦੇ ਹਨ ਪਰ ਤਮਾਕੂ ਇੱਕ ਐਸਾ ਨਾਮੁਰਾਦ ਨਸ਼ਾ ਹੈ ਜੋ ਵਰਤਦਾ ਭਾਵੇਂ ਕੋਈ ਹੋਰ ਹੋਵੇ ਪਰ ਉਸ ਦੇ ਆਸ ਪਾਸ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ (ਪਰ ਤਮਾਕੂ ਦਾ ਸੇਵਨ ਨਾ ਕਰਨ ਵਾਲੇ ‘ਤੇ) ਤਮਾਕੂ ਦਾ ਸੇਵਨ ਕਰਨ ਵਾਲੇ ਤੋਂ ਵੀ ਵੱਧ ਮਾਰੂ ਅਸਰ ਕਰਦਾ ਹੈ। ਭਾਰਤ ਵਿੱਚ ਹਰ ਸਾਲ 6 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੀ ਵਰਤੋਂ ਕਾਰਨ ਹੁੰਦੀਆਂ ਹਨ। ਸਿਗਰਟ ਦਾ ਸੇਵਨ ਕਰਨ ਨਾਲ ਸੰਸਾਰ ਦੀ ਉਤਪਤੀ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਆਮ ਤੌਰ ‘ਤੇ ਸ਼ਰਾਬ ਅਤੇ ਤਮਾਕੂ ਸਾਰੇ ਨਸ਼ਿਆਂ ਦੇ ਪ੍ਰਵੇਸ਼ ਦੁਆਰ ਹਨ ਭਾਵ ਸ਼ੁਰੂ ਸ਼ੁਰੂ ਵਿੱਚ ਜਦੋਂ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਉਹ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨਸ਼ੇ ਤੋਂ ਹੀ ਸ਼ੁਰੂ ਕਰਦਾ ਹੈ। ਬਦਕਿਸਮਤੀ ਇਹ ਹੈ ਕਿ ਇਨ੍ਹਾਂ ਨਸ਼ਿਆਂ ਨੂੰ ਸਮਾਜਿਕ ਪ੍ਰਵਾਨਗੀ ਮਿਲੀ ਹੋਈ ਸਮਝਿਆ ਜਾ ਰਿਹਾ ਹੈ। ਇਸ ਲਈ ਤਮਾਕੂ ਅਤੇ ਸ਼ਰਾਬ ਦੇ ਸੇਵਨ ਵਰਗੇ ਮਹੱਤਵਪੂਰਨ ਮੁੱਦੇ ਨੂੰ ਸਮਾਜ ‘ਚ ਵਿਚਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨੂੰ ਇਨ੍ਹਾਂ ਨਾਮੁਰਾਦ ਨਸ਼ੇ ਨੂੰ ਰੋਕਣ ਲਈ ਹਰ ਯਤਨ ਕਰਨਾ ਚਾਹੀਦਾ ਹੈ।
ਬੀਤੇ ਦਿਨ ਮੋਹਾਲੀ ਵਿਖੇ ਸਿਹਤ ਵਿਭਾਗ ਪੰਜਾਬ ਦੀ ਨੋਡਲ ਏਜੰਸੀ ਜਿੱਲ੍ਹਾ ਤਮਾਕੂ ਕੰਟਰੋਲ ਸੁਸਾਇਟੀ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਕਮੇਟੀ ਰੂਮ ‘ਚ ਵਿੱਚ “ਸਾਰੇ ਨਸ਼ਿਆਂ ਦੀ ਜੜ੍ਹ ਹੈ ਤਮਾਕੂ” ਵਿਸ਼ੇ ‘ਤੇ ਗੋਲਮੇਜ਼ ਕਾਨਫ਼ਰੰਸ ਹੋਈ; ਜਿਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ, ਤਮਾਕੂ ਕੰਟਰੋਲ ਸੁਸਾਇਟੀ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਇਲਾਵਾ ਮੀਡੀਆ, ਤਮਾਕੂ ਦੇ ਵਪਾਰੀ, ਦੁਕਾਨਦਾਰ ਅਤੇ ਰੇੜ੍ਹੀ ਫੜੀ ਵਾਲਿਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਕਾਨਫ਼ਰੰਸ ਦੌਰਾਨ ਸਟੇਟ ਮੈਨੇਜਰ ਵਿਨੇ ਗਾਂਧੀ ਨੇ ਬੜੀ ਹੀ ਹਿਰਦੇਵੇਦਕ ਸੂਚਨਾ ਦਿੱਤੀ ਕਿ ਤਮਾਕੂ ਦੇ ਸੇਵਨ ਵਿੱਚ ਪੰਜਾਬ ਦੇਸ਼ ਭਰ ‘ਚੋਂ ਦੂਸਰੇ ਨੰਬਰ ‘ਤੇ ਹੈ। ਇੱਕ ਸਾਖੀ ਅਨੁਸਾਰ ਜਿਸ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤਮਾਕੂ ਦੇ ਖੇਤ ਵਿੱਚ ਨਹੀਂ ਸੀ ਵੜਿਆ ਉਸ ਮਹਾਨ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਦੀ ਬਹੁ ਗਿਣਤੀ ਵਾਲਾ ਛੋਟਾ ਜਿਹਾ ਸੂਬਾ ਦੇਸ਼ ਭਰ ‘ਚ ਤਮਾਕੂ ਦੇ ਸੇਵਨ ਵਿੱਚ ਦੂਸਰੇ ਨੰਬਰ ‘ਤੇ ਹੋਵੇ ਤਾਂ ਇਹ ਸਾਡੇ ਸਾਰਿਆਂ ਸਮੇਤ ਗੁਰੂ ਸਾਹਿਬ ਜੀ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਦਾਅਵਾ ਕਰਨ ਵਾਲੇ ਅਕਾਲੀਆਂ ਦੀ ਸਰਕਾਰ ਲਈ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ। ਇਸ ਕਾਨਫ਼ਰੰਸ ਵਿੱਚ ਸੋਸ਼ਲ ਡਿਵੈਲਪਮੈਂਟ ਐਂਡ ਰੀਸਰਚ ਫਾਉਂਡੇਸ਼ਨ ਦੇ ਚੇਅਰਮੈਨ ਅਜਾਇਬ ਸਿੰਘ, ਤਮਾਕੂ ਦੇ ਵਪਾਰੀ ਸੰਜੇ ਕੁਮਾਰ, ਰੇੜ੍ਹੀ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸੋਨੀ ਸਮੇਤ ਕਈ ਹੋਰ ਵਪਾਰੀਆਂ ਤੇ ਦੁਕਾਨਦਾਰਾਂ ਨੇ ਕਿਹਾ ਤਮਾਕੂ ਦੀ ਵਿੱਕਰੀ ਅਤੇ ਸੇਵਨ ‘ਤੇ ਪਾਬੰਦੀ ਲਾਉਣ ਨਾਲ ਪੰਜਾਬ ਤਮਾਕੂ ਮੁਕਤ ਕਰਨ ਦੇ ਸੁਪਨੇ ਬਿਲਕੁਲ ਸਾਕਾਰ ਨਹੀਂ ਹੋਣੇ। ਉਨ੍ਹਾਂ ਬਹੁਤ ਹੀ ਪਾਏਦਾਰ ਸੁਝਾਉ ਦਿੱਤਾ ਕਿ ਜੇ ਸਰਕਾਰ ਸਹੀ ਮਾਅਨਿਆਂ ਵਿੱਚ ਪੰਜਾਬ ਨੂੰ ਤਮਾਕੂ ਮੁਕਤ ਕਰਨ ਚਾਹੁੰਦੀ ਹੈ ਤਾਂ ਤਮਾਕੂ ਦੇ ਕਾਰਖ਼ਾਨਿਆਂ ਨੂੰ ਤਾਲੇ ਲਾ ਦਿੱਤੇ ਜਾਣ। ਉਨ੍ਹਾਂ ਦੇ ਸੁਝਾਉ ਵਿੱਚ ਕਾਫੀ ਵਜ਼ਨ ਹੈ ਪਰ ਇੱਥੇ ਵੀ ਸਾਡੀ ਬਦਕਿਸਮਤੀ ਇਹ ਹੈ ਕਿ ਪਾਬੰਦੀ ਲਾਉਣ ਵਾਲੀਆਂ ਰਾਜਸੀ ਪਾਰਟੀਆਂ ਤਾਂ ਸ਼ਰਾਬ ਤੇ ਤਮਾਕੂ ਦੇ ਕਾਰਖ਼ਾਨੇਦਾਰਾਂ ਤੋਂ ਬਹੁਤ ਵੱਡੀਆਂ ਰਕਮਾਂ ਚੋਣ ਫ਼ੰਡਾਂ ਦੇ ਰੂਪ ‘ਚ ਲੈ ਰਹੀਆਂ ਹਨ। ਇੱਥੇ ਬੈਠੇ ਛੋਟੇ-ਵੱਡੇ ਕੁੱਝ ਸਿਆਸਤਦਾਨਾਂ ਅਤੇ ਧਨਾਢ ਲੋਕਾਂ ਦੇ ਭੁੱਕੀ, ਅਫ਼ੀਮ, ਹੈਰੋਇਨ, ਸਮੈਕ, ਚਿੱਟੇ ਅਤੇ ਹੋਰ ਸੰਥੈਟਿਕ ਨਸ਼ਿਆਂ ਆਦਿਕ  ਜਿਹੇ ਧੰਦਿਆਂ ਦੀ ਤਸਕਰੀ ਨਾਲ ਜੁੜੇ ਹੋਣ ਦੀ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਪੁਲੀਸ ਖ਼ੁਦ ਇਸ ਨਸ਼ੇ ਦੇ ਚਿੱਕੜ ਵਿੱਚ ਡੁੱਬੀ ਹੋਈ ਹੈ। ਚੋਣਾਂ ਦੇ ਦਿਨਾਂ ਵਿੱਚ ਕੁੱਝ ਕੁ ਸਿਆਸਤਦਾਨਾਂ ਵੱਲੋਂ ਵੋਟਾਂ ਬਦਲੇ ਨਸ਼ੇ ਵੰਡਣਾ ਆਮ ਜਿਹੀ ਗੱਲ ਬਣੀ ਪਈ ਹੈ ਤਾਂ ਕਿਸ ਤੋਂ  ਆਸ ਰੱਖੀ ਜਾ ਸਕਦੀ ਹੈ ਕਿ ਉਹ ਸ਼ਰਾਬ ਤੇ ਤਮਾਕੂ ਦੇ ਕਾਰਖ਼ਾਨੇ ਤਾਲੇ ਲਾ ਕੇ ਬੰਦ ਕਰਨਗੇ? ਧਾਰਮਿਕ ਆਗੂ ਜਿਨ੍ਹਾਂ ਦਾ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਨਸ਼ਿਆਂ ਦੇ ਕੋਹੜ ਤੋਂ ਸਮਾਜ ਨੂੰ ਬਚਾਉਣ ਲਈ ਕਿਉਂ ਕੋਈ ਲਹਿਰ ਖੜ੍ਹੀ ਨਹੀਂ ਕਰ ਸਕੇ? ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ਨਸ਼ਿਆਂ ਦੇ ਰੋਗ ਨੂੰ ਜੜ੍ਹੋ ਖ਼ਤਮ ਕਰਨ ਲਈ ਕਿਉਂ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕੀਆਂ? ਇਸ ‘ਤੇ ਵੀ ਵਕਤ ਸਵਾਲੀਆ ਨਿਸ਼ਾਨ ਖੜ੍ਹੇ ਕਰੇਗਾ।
ਲੜਾਈ ਦਾ ਇੱਕ ਹਥਿਆਰ ਇਹ ਵੀ ਹੁੰਦਾ ਹੈ ਕਿ ਜੇ ਕਿਸੇ ਕੌਮ ਜਾਂ ਦੇਸ਼ ਨੂੰ ਮਾਤ ਦੇਣੀ ਹੋਵੇ ਤਾਂ ਉੱਥੋਂ ਦੇ ਬਾਸ਼ਿੰਦਿਆਂ ਨੂੰ ਜੜ੍ਹੋ ਕਮਜ਼ੋਰ ਕਰਨ ਲਈ ਨਸ਼ਿਆਂ ਦੀ ਦਲਦਲ ਵਿੱਚ ਫਸਾ ਦੇਵੋ। ਸੱਚ ਪੁੱਛੋ ਤਾਂ ਇਹੀ ਕੁੱਝ ਪੰਜਾਬੀਆਂ ਨਾਲ ਵਾਪਰ ਰਿਹਾ। ਸੋ ਜੇ ਗੁਰੂਆਂ ਦੀ ਵਰਸੋਈ ਇਸ ਧਰਤੀ ਦੇ ਜਾਇਆਂ ਨੇ ਆਪਣੀ ਹੋਂਦ ਅਤੇ ਸਵੈਮਾਨ ਬਚਾਉਣਾ ਹੈ ਤਾਂ ਇੱਕਜੁੱਟ ਹੋ ਕੇ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਪੰਜਾਬ ਦੀ ਅਣਖ ਤੇ ਆਬਰੂ ਨੂੰ ਮੁੜ ਕਾਇਮ ਕਰਨਾ ਪਏਗਾ। ਲੋੜ ਹੈ ਇਸ ਦਿਸ਼ਾ ਵੱਲ ਸਾਰਥਕ ਕਦਮ ਵਧਾਉਣ ਦੀ।
ਪੰਜਾਬ ਸਰਕਾਰ ਨੇ 26 ਜੂਨ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਵੱਡੀ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਨਸ਼ਾ ਮੁਕਤੀ ਲਈ ਇਹ ਸਹੁੰ ਚੁੱਕਣਗੇ ਕਿ “ਮੈਂ ਨਾ ਨਸ਼ਾ ਵਰਤਾਂਗਾ ਨਾ ਹੀ ਕਿਸੇ ਨੂੰ ਵਰਤਣ ਲਈ ਪ੍ਰੇਰਤ ਕਰਾਂਗਾ ਅਤੇ ਨਾ ਹੀ ਨਸ਼ਾ ਸਮਗਲਰਾਂ ਨਾਲ ਸਹਿਯੋਗ ਕਰਾਂਗਾ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਆਦੇਸ਼ ਦੇਣ ਕਿ 26 ਜੂਨ ਨੂੰ ਡਰਾਈ-ਡੇ ਐਲਾਨਣ ਤਾ ਕਿ ਸ਼ਰਾਬ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਸ਼੍ਰੀ ਖੰਨਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਮੰਗ ਕੀਤੀ ਹੈ ਕਿ ਸ਼ਰਾਬ ਦੇ ਠੇਕੇ 12 ਵਜੇ ਦੁਪਹਿਰ ਤੋਂ ਬਾਅਦ ਖੋਲ੍ਹੇ ਜਾਣ ਅਤੇ ਸ਼ਾਮ 7 ਵਜੇ ਬੰਦ ਹੋ ਜਾਣੇ ਚਾਹੀਦੇ ਹਨ। ਸ਼੍ਰੀ ਖੰਨਾ ਦੇ ਇਹ ਸੁਝਾਉ ਬਹੁਤ ਹੀ ਕੀਮਤੀ ਹਨ ਅਤੇ ਦੇਸ਼ ਦੇ ਲੋਕਾਂ ਦੀ ਸਿਹਤ ਅਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਸੁਚੱਜੇ ਹੱਲ ਲਈ ਲਾਜ਼ਮੀ ਤੌਰ ‘ਤੇ ਮੰਨੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੀਤੇ ਦਿਨ ਮੋਹਾਲੀ ਵਿਖੇ ਹੋਈ ਗੋਲਮੇਜ਼ ਕਾਨਫ਼ਰੰਸ ਵਿੱਚ ਸੋਸ਼ਲ ਡਿਵੈਲਪਮੈਂਟ ਐਂਡ ਰੀਸਰਚ ਫਾਉਂਡੇਸ਼ਨ ਦੇ ਚੇਅਰਮੈਨ ਅਜਾਇਬ ਸਿੰਘ, ਤਮਾਕੂ ਦੇ ਵਪਾਰੀ ਸੰਜੇ ਕੁਮਾਰ, ਰੇੜ੍ਹੀ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸੋਨੀ ਸਮੇਤ ਕਈ ਹੋਰ ਵਪਾਰੀਆਂ ਤੇ ਦੁਕਾਨਦਾਰਾਂ ਦੇ ਇਸ ਸੁਝਾਉ ਨੂੰ ਲਾਗੂ ਕਰਨਾ ਚਾਹੀਦਾ ਹੈ ਕਿ ਪੰਜਾਬ ਨੂੰ ਤਮਾਕੂ ਮੁਕਤ ਕਰਨ ਲਈ ਤਮਾਕੂ ਦੇ ਕਾਰਖ਼ਾਨਿਆਂ ਨੂੰ ਤਾਲੇ ਲਾ ਦਿੱਤੇ ਜਾਣ। ਜੇ ਕਰ ਪੰਜਾਬ ਸਰਕਾਰ ਉਕਤ ਦੋਵੇਂ ਸੁਝਾਵਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੈ ਤਾਂ ਨਸ਼ਾ ਵਿਰੋਧੀ ਦਿਵਸ ਮਨਾਉਣੇ ਰਾਜਸੀ ਸਟੰਟ ਤੋਂ ਵੱਧ ਕੁੱਝ ਵੀ ਨਹੀਂ ਹੋਣੇ।