28 ਤੇ 29 ਨਵੰਬਰ ਨੂੰ ਹੋਣ ਵਾਲੀਆਂ ‘ਦੂਜੀਆਂ ਐਨਜ਼ੈੱਡ ਸਿੱਖ ਖੇਡਾਂ’ ਦੇ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਤਿਆਰੀਆਂ ਦੀ ਜਾਣਕਾਰੀ ਦਿੱਤੀ

ਆਕਲੈਂਡ, 19 ਨਵੰਬਰ (ਅਮਰਜੀਤ ਸਿੰਘ) – 28 ਅਤੇ 29 ਨਵੰਬਰ ਨੂੰ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਆਕਲੈਂਡ ਦੇ ਬਰੂਸ ਪੁਲਮਨ ਪਾਰਕ ਟਾਕਾਨੀਕੀ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਐਨਜ਼ੈੱਡਐੱਸਜੀ ਦੇ ਪ੍ਰਬੰਧਕਾਂ ਵੱਲੋਂ ਮੀਡੀਆ ਨਾਲ ਕੱਲ੍ਹ 18 ਨਵੰਬਰ ਦਿਨ ਬੁੱਧਵਾਰ ਨੂੰ ਪਾਪਾਕੁਰਾ ਵਿਖੇ ਪੈਂਦੇ ਇੰਡੀਅਨ ਈਟਰੀ ਰੈਸਟੋਰੈਂਟ ਵਿਖੇ ਮੀਟਿੰਗ ਕੀਤੀ ਗਈ। ਰਸਮੀ ਗੱਲਬਾਤ ਤੋਂ ਬਾਅਦ ਮੀਟਿੰਗ ਦਾ ਆਗਾਜ਼ ਕਰਦਿਆਂ ਐਨਜ਼ੈੱਡਐੱਸਜੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਹੁਣਾ ਨੇ ਕਿਹਾ ਖੇਡਾਂ ਦੀ ਰਜਿਸਟਰੇਸ਼ਨ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਤੇ ਹੁਣ ਪ੍ਰਬੰਧਕਾਂ ਵੱਲੋਂ ਖੇਡਾਂ ਕਰਵਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨੇ ਮੀਡੀਆ ਕਰਮੀਆਂ ਤੋਂ ਪਹਿਲੀਆਂ ਐਨਜ਼ੈੱਡਐੱਸਜੀ ਖੇਡਾਂ ਸੰਬੰਧੀ ਵਿਚਾਰ ਦੇ ਨਾਲ ਸੁਝਾਓ ਵੀ ਮੰਗੇ ਜਿਸ ਨਾਲ ਖੇਡਾਂ ਦੇ ਪ੍ਰਬੰਧ ਨੂੰ ਦਰੁਸਤ ਕੀਤਾ ਜਾ ਸਕੇ ਅਤੇ ਖੇਡਾਂ ਹੋਰ ਵਧੀਆਂ ਢੰਗ ਨਾਲ ਕਰਵਾਈ ਜਾ ਸਕਣ। ਕੂਕ ਪੰਜਾਬੀ ਸਮਾਚਾਰ ਤੋਂ ਅਮਰਜੀਤ ਸਿੰਘ, ਪੰਜਾਬੀ ਹੈਰਲਡ ਤੋਂ ਹਰਜਿੰਦਰ ਸਿੰਘ ਬਸਿਆਰ, ਰੇਡੀਓ ਸਪਾਈਸ ਤੋਂ ਨਵਤੇਜ ਸਿੰਘ ਰੰਧਾਵਾ, ਤਸਵੀਰ ਤੋਂ ਨਰਿੰਦਰ ਸਿੰਗਲਾ, ਮੀਡੀਆ ਪੰਜਾਬ ਤੋਂ ਬਲਜਿੰਦਰ ਰੰਧਾਵਾ ਸੋਨੂੰ, ਰੇਡੀਓ ਨੱਚਦਾ ਪੰਜਾਬ ਤੋਂ ਅਮਰੀਕ ਸਿੰਘ, ਰੇਡੀਓ ਸਾਡੇਆਲਾ ਤੋਂ ਗੁਰਪ੍ਰੀਤ ਸਿੰਘ, ਡੇਲੀ ਖ਼ਬਰੀ ਤੋਂ ਸ਼ਰਨਜੀਤ ਸਿੰਘ, ਪੀਟੀਸੀ ਪੰਜਾਬੀ ਤੋਂ ਅੰਮ੍ਰਿਤਪਾਲ ਸਿੰਘ, ਜਗਬਾਣੀ ਤੋਂ ਹਰਮੀਕ ਸਿੰਘ ਅਤੇ ਸਟਫ਼ ਤੋਂ ਅਰਵਿੰਦ ਕੁਮਾਰ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ ਕੁੱਝ ਸੁਝਾਓ ਵੀ ਦਿੱਤੇ।
ਐਨਜ਼ੈੱਡਐੱਸਜੀ ਦੇ ਪ੍ਰਬੰਧਕਾਂ ਵੱਲੋਂ ਅਗਲੇ ਸਾਲ ਤੋਂ ਮੀਡੀਆ ਲਈ ਵੱਖ ਤੋਂ ਬਜਟ ਰੱਖਣ ਦੀ ਗੱਲ ਕਹੀ ਅਤੇ ਕਿਹਾ ਕਿ ਇਸ ਵਾਰ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਇਸ ਵਾਰ ਕੁੱਝ ਦਿੱਕਤਾਂ ਆਈਆਂ ਹਨ। ਸ. ਤਾਰੀ ਸਿੰਘ ਬੈਂਸ ਹੁਣਾ ਨੇ ਵੱਖ-ਵੱਖ ਖੇਡਾਂ ਦੀਆਂ ਟੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਸਾਡੇ ਕੋਲ ਇਸ ਵਾਰ ਲੋਕਲ ਟੀਮਾਂ ਦੀ ਗਿਣਤੀ ਵਧੀ ਹੈ ਪਰ ਉਨ੍ਹਾਂ ਨਾਲ ਹੀ ਇਸ ਗੱਲ ਦਾ ਦੁੱਖ ਵੀ ਜ਼ਾਹਿਰ ਕੀਤਾ ਕਿ ਇਸ ਵਾਰ ਕੋਵਿਡ-19 ਕਰਕੇ ਆਸਟਰੇਲੀਆ, ਭਾਰਤ ਤੋਂ ਟੀਮਾਂ ਖੇਡਾਂ ਵਿੱਚ ਨਹੀਂ ਆ ਰਹੀਆਂ ਹਨ।
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਖੇਡਾਂ ਦੌਰਾਨ ਪਿਛਲੀ ਵਾਰ ਵਾਂਗ ਦਰਸ਼ਕ 20 ਡਾਲਰ ਦੀ ਟਿਕਟ ਖ਼ਰੀਦ ਕੇ ਇਸ ਵਾਰ ਵੀ ਗੱਡੀ ਜਿੱਤ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਸੰਬੰਧੀ ਤੁਸੀਂ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਵੈੱਬਸਾਈਟ (www.nzsikhgames.org) ਉੱਤੇ ਜਾ ਕੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਮੀਡੀਆ ਮੀਟਿੰਗ ‘ਚ ਪ੍ਰਬੰਧਕਾਂ ਵੱਲੋਂ ਇੰਦਰਜੀਤ ਕਾਲਕਟ, ਸੁਰਿੰਦਰ ਸਿੰਘ, ਢੀਂਡਸਾ, ਗੁਰਜਿੰਦਰ ਘੁੰਮਣ, ਹਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਬਸਿਆਲਾ ਅਤੇ ਹੋਰ ਸਜਣ ਹਾਜ਼ਰ ਸਨ।