29 ਜੂਨ ਨੂੰ ਹੋਣ ਵਾਲੇ ‘ਦੇਸੀ ਰੌਕ ਸਟਾਰ’ ਸ਼ੋਅ ਦਾ ਪੋਸਟਰ ਜਾਰੀ

ਗਿੱਪੀ ਗਰੇਵਾਲ, ਸ਼ੈਰੀ ਮਾਨ ਅਤੇ ਜੱਸੀ ਗਿੱਲ ਕਰਨਗੇ ਮਨੋਰੰਜਨ, ਪੀਟੀਸੀ ਪੰਜਾਬੀ ਚੈਨਲ ਵਲੋਂ ਰਿਕਾਰਡਿੰਗ
ਆਕਲੈਂਡ  – 29 ਜੂਨ ਦਿਨ ਸਨਿਚਰਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਤੇ ਪੰਜਾਬੀ ਫਿਲਮਾਂ ਦੇ ਹੀਰੋ ਗਿੱਪੀ ਗਰੇਵਾਲ, ਗਾਇਕ ਤੇ ਹੁਣੇ-ਹੁਣੇ ਅਭਿਨੇਤਾ ਬਣੇ ਸ਼ੈਰੀ ਮਾਨ ਅਤੇ ਉਭਰ ਰਿਹਾ ਪੰਜਾਬੀ ਗਾਇਕ ਜੱਸੀ ਗਿੱਲ ਆਕਲੈਂਡ ਦੇ ਵੋਡਾਫੋਨ ਈਵੈਂਟ ਸੈਂਟਰ, ਮੈਨੁਕਾਓ ਵਿਖੇ ਹੋਣ ਵਾਲੇ ‘ਦੇਸੀ ਰੌਕ ਸਟਾਰ’ ਲਾਈਵ ਸ਼ੋਅ ਦੇ ਵਿੱਚ ਸ਼ਿਰਕਤ ਕਰਨਗੇ। ਗੁਰਫਤਹਿ ਫਿਲਮਜ਼, ਸਿੱਪੀ ਗਰੇਵਾਲ ਪ੍ਰੋਡਕਸ਼ਨਜ਼, ਪੈਨਵਰਲਡ ਟ੍ਰੈਵਲਜ਼ ਅਤੇ ਦੁਆਬਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਪੇਸ਼ ਕੀਤੇ ਜਾਣ ਵਾਲੇ ਇਸ ਸ਼ੋਅ ਸਬੰਧੀ ਇਕ ਰੰਗਦਾਰ ਪੋਸਟਰ ਇਥੇ ਪੰਜਾਬੀ ਮੀਡੀਆ ਅਤੇ ਸਪਾਂਸਰਜ਼ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਸ਼ੋਅ ਦੇ ਪ੍ਰਬੰਧਕ ਸ੍ਰੀ ਨਿਤਿਨ ਤਲਵਾਰ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਪਰਿਵਾਰਾਂ ਦੇ ਬੈਠਣ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ। ਕੈਰੀ ਆਨ ਜੱਟਾ, ਲੱਕੀ ਦੀ ਅਨਲੱਕੀ ਸਟੋਰੀ, ਸਿੰਘ ਵਰਸਜ ਕੌਰ ਅਤੇ ਕਈ ਪੰਜਾਬੀ ਹੋਰ ਪੰਜਾਬੀ ਫਿਲਮਾਂ ਦੀ ਤਿਆਰੀ ਵਿੱਚ ਜੁਟੇ ਗਿੱਪੀ ਗਰੇਵਾਲ ਅੱਜ ਕਲ੍ਹ ਨੌਜਵਾਨ ਮੁੰਡਿਆ ਕੁੜੀਆਂ ਲਈ ਚਹੇਤੇ ਬਣੇ ਹੋਏ ਹਨ। ‘ਯਾਰ ਅਣਮੁੱਲੇ’ ਗੀਤ ਨਾਲ ਮਸ਼ਹੂਰ ਹੋਏ ਸ਼ੈਰੀ ਮਾਨ ਜੋ ਹਾਲ ਹੀ ਵਿੱਚ ਆਈ ਆਪਣੀ ਪਹਿਲੀ ਪੰਜਾਬੀ ਫਿਲਮ ‘ਓਏ ਹੋਏ ਪਿਆਰ ਹੋ ਗਿਆ’ ਨਾਲ ਅਦਾਕਾਰੀ ਦੇ ਪਿੜ ਵਿੱਚ ਉਤਰੇ ਹਨ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਤੀਸਰੇ ਗਾਇਕ ਜੱਸੀ ਗਿੱਲ ਨੇ ‘ਲਾਂਸਰ’ ਗੀਤ ਨਾਲ ਪ੍ਰਸਿੱਧੀ ਹਾਸਿਲ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ‘ਦੇਸੀ ਰੌਕ ਸਟਾਰ’ ਲਾਈਵ ਸ਼ੋਅ ਦੀ ਰਿਕਾਰਡਿੰਗ ਪੀਟੀਸੀ ਪੰਜਾਬੀ ਚੈਨਲ ਵਲੋਂ ਕੀਤੀ ਜਾਵੇਗੀ। ਜਿਸ ਨੂੰ ਬਾਅਦ ਵਿੱਚ ਪੀਟੀਸੀ ਚੈਨਲ ‘ਤੇ ਵਿਖਾਇਆ ਜਾਵੇਗਾ।