4 ਨਵੰਬਰ ਨੂੰ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਪਹਿਲੀ ‘ਕੀਵੀ ਪੰਜਾਬੀ ਐਵਾਰਡਜ਼ ਨਾਈਟ’ 

ਪਾਪਾਟੋਏਟੋਏ, (ਆਕਲੈਂਡ) 31 ਅਕਤੂਬਰ – ਇੱਥੇ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਪਹਿਲੀ ਵਾਰ ‘ਕੀਵੀ ਪੰਜਾਬੀ ਐਵਾਰਡਜ਼ ਨਾਈਟ’ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲਗਭਗ 128 ਸਾਲਾਂ ਤੋਂ ਨਿਊਜ਼ੀਲੈਂਡ ਵੱਸਦੇ ਪੰਜਾਬੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸਖ਼ਤ ਮਿਹਨਤ ਤੇ ਪ੍ਰਾਪਤ ਕੀਤੀਆਂ ਕਾਮਯਾਬੀਆਂ ਨੂੰ ਧਿਆਨ ਵਿੱਚ ਰੱਖ ਕੇ 6 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਲਈ ਪੁਰਾਣੀ ਅਤੇ ਨਵੀਂ ਪੀੜੀ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਇਹ ‘ਕੀਵੀ ਪੰਜਾਬੀ ਐਵਾਰਡਜ਼ ਨਾਈਟ’ ਪਾਪਾਟੋਏਟੋਏ ਵਿਖੇ 4 ਨਵੰਬਰ ਦਿਨ ਸ਼ਨਿਚਰਵਾਰ ਨੂੰ ਸ਼ਾਮੀ 7.00 ਵਜੇ ‘ਇੰਡੀਆ ਗੇਟ ਪਾਰਟੀ ਹਾਲ’ ਵਿਖੇ ਕਰਵਾਈ ਜਾਣੀ ਹੈ। ਜਿਸ ਵਿੱਚ ਇਨਵੀਟੇਸ਼ਨ ਰਾਹੀ ਹੀ ਐਂਟਰੀ ਹੋਵੇਗੀ। ਇਸ ਸਮਾਗਮ ਵਿੱਚ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ, ਆਨਰੇਰੀ ਕੌਂਸਲ ਸ੍ਰੀ ਭਵ ਢਿੱਲੋਂ, ਜੱਜ ਸਰਵਣ ਅਜੀਤ ਸਿੰਘ ਤੇ ਰਾਜਸੀ ਆਗੂ ਵੀ ਪਹੁੰਚ ਰਹੇ ਹਨ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਪਿਛਲੇ ਲਗਭਗ 5 ਸਾਲਾਂ ਤੋਂ ਵੱਖ-ਵੱਖ ਕਾਰਜ ਕਰਦੀ ਆ ਰਹੀ ਹੈ ਤੇ ਸ. ਨਵਤੇਜ ਸਿੰਘ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਰੇਡੀਓ ਸਪਾਈਸ ਦੀ ਟੀਮ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਇਸ ਸਮਾਗਮ ਵਿੱਚ ਸਨਮਾਨਾਂ ਦੀ ਵੰਡ ਦੇ ਨਾਲ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।