5 ਲੜਾਕੂ ਜਹਾਜ਼ ‘ਰਾਫਾਲ’ ਫ਼ਰਾਂਸ ਤੋਂ ਭਾਰਤ ਪਹੁੰਚੇ

ਨਵੀਂ ਦਿੱਲੀ, 30 ਜੁਲਾਈ – ਫਰਾਂਸ ਤੋਂ 5 ਲੜਾਕੂ ਹਵਾਈ ਜਹਾਜ਼ ‘ਰਾਫਾਲ’ 29 ਜੁਲਾਈ ਨੂੰ ਸੱਤ ਹਜ਼ਾਰ ਕਿੱਲੋਮੀਟਰ ਦਾ ਪੈਂਡਾ ਤੈਅ ਕਰਕੇ ਲੰਮੀ ਉਡੀਕ ਤੋਂ ਬਾਅਦ ਅੱਜ ਬਾਅਦ ਦੁਪਹਿਰ ਭਾਰਤ ਦੇ ਅੰਬਾਲਾ ਏਅਰ ਫੋਰ ਸਟੇਸ਼ਨ ‘ਤੇ ਪਹੁੰਚ ਗਏ। ਇਸ ਮੌਕੇ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ ਭਦੌੜੀਆ ਵੀ ਹਾਜ਼ਰ ਸਨ। ਰੱਖਿਆ ਮੰਤਰੇ ਨੇ ਦੱਸਿਆ ਕਿ ਭਾਰਤੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਬਾਅਦ ਇਨ੍ਹਾਂ ਜਹਾਜ਼ਾਂ ਨੂੰ ਦੋ ਸੁਖੋਈ-3੦ ਨੇ ਘੇਰ ਲਿਆ ਤੇ ਇਨ੍ਹਾਂ ਜਹਾਜ਼ਾਂ ਨੂੰ ਨਾਲ ਲੈ ਕੇ ਅੰਬਾਲਾ ਵੱਲ ਨੂੰ ਰੁੱਖ ਕਰ ਲਿਆ।
ਗੌਰਤਲਬ ਹੈ ਕਿ ਭਾਰਤ ਨੇ ਰੂਸ ਤੋਂ 23 ਸਾਲ ਪਹਿਲਾਂ ਸੁਖੋਈ ਲੜਾਕੂ ਜਹਾਜ਼ ਖ਼ਰੀਦਣ ਤੋਂ ਬਾਅਦ ਇਹ ਅਤਿਆਧੁਨਿਕ ਜਹਾਜ਼ ਰਾਫਾਲ ਖ਼ਰੀਦੇ ਹਨ। ਭਾਰਤ ਨੇ 36 ਰਾਫਾਲ ਜਹਾਜ਼ਾਂ ਦਾ 59000 ਕਰੋੜ ਵਿੱਚ ਸੌਦਾ ਕੀਤਾ ਹੈ, ਜਿਸ ਦੇ ਤਹਿਤ ਰਾਫਾਲ ਦੇ 5 ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪੁੱਜੀ ਹੈ ਤੇ ਸਾਲ 2021 ਦੇ ਅੰਤ ਤੱਕ ਭਾਰਤ ਨੂੰ ਇਹ ਸਾਰੇ ਜਹਾਜ਼ ਮਿਲਣੇ ਹਨ। ਭਾਰਤੀ ਹਵਾਈ ਫ਼ੌਜ ਕੋਲ 31 ਸਕੁਐਡਰਨ ਹਨ ਜਦ ਕਿ ਇਨ੍ਹਾਂ ਦੀ ਗਿਣਤੀ 42 ਜਹਾਜ਼ ਹੋਣੀ ਚਾਹੀਦੀ ਹੈ। ਨਵੇਂ ਜਹਾਜ਼ਾਂ ਨੂੰ ਅੰਬਾਲਾ ਸਥਿਤ ਸਕੁਐਡਰਨ 17 ਵਿੱਚ ਸ਼ਾਮਲ ਕੀਤਾ ਜਾਵੇਗਾ ਜੋ ‘ਗੋਲਡਨ ਐਰੋਜ਼’ ਦੇ ਨਾਮ ਨਾਲ ਪ੍ਰਸਿੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫਾਲ ਦੀ ਆਮਦ ਨੂੰ ਭਾਰਤੀ ਰੱਖਿਆ ਖੇਤਰ ਵਿੱਚ ਸੁਨਹਿਰੀ ਯੁੱਗ ਕਰਾਰ ਦਿੱਤਾ ਹੈ।