5 ਜੁਲਾਈ ਨੂੰ 169 ਸਾਲਾ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਸਿੰਗਾਪੁਰ ‘ਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਪਹਿਲੇ ਜਲਾਵਤਨੀ ਸੰਤ ਸਿਪਾਹੀ-ਬਾਬਾ ਭਾਈ ਮਹਾਰਾਜ ਸਿੰਘ ਜੀ

ਬਾਬਾ ਭਾਈ ਮਹਾਰਾਜ ਸਿੰਘ ਜੀ ਸਿੰਗਾਪੁਰ ਜੇਲ 'ਚ
ਲੇਖਕ:-ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ‘ਗੁਰੂ ਕੀ ਵਡਾਲੀ’ -0091 9988066466

ਬਾਬਾ ਭਾਈ ਮਹਾਰਾਜ ਸਿੰਘ ਜੀ ਦਾ ਜਨਮ 13 ਜਨਵਰੀ 1780 ਈ: ਨੂੰ ਲੁਧਿਆਣਾ (ਪੰਜਾਬ) ਜ਼ਿਲ੍ਹੇ ਦੇ ਪਿੰਡ ਉੱਚੀ ਰੱਬੋਂ (ਮਲੌਦ) ਵਿਖੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਤੇ ਪਿਤਾ ਸਰਦਾਰ ਕੇਸਰ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਮਾਤਾ ਪਿਤਾ ਨੇ ਨਾਮ ਨਿਹਾਲ ਸਿੰਘ ਰੱਖਿਆ ਅਤੇ ਬਾਬਾ ਬੀਰ ਸਿੰਘ ਨੌਰੰਗਾਬਾਦ (ਤਰਨਤਾਰਨ) ਦੀ ਸੰਗਤ ‘ਚ ਆਉਣ ‘ਤੇ ਅਮ੍ਰਿੰਤ ਛੱਕਣ ਤੋਂ ਬਾਅਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਜੀ ਨੇ ਆਪ ਜੀ ਦਾ ਨਾਮ ਭਗਵਾਨ ਸਿੰਘ ਰੱਖਿਆ ਪਰ ਨੌਰੰਗਾਬਾਦ ਡੇਰੇ ਵਿੱਚ ਲੰਗਰ ਵਰਤਾਉਂਦਿਆਂ ਹਰੇਕ ਸੰਗਤ ਨੂੰ ‘ਲਓ ਪ੍ਰਸ਼ਾਦਾ ਮਹਾਰਾਜ ਜੀ’, ‘ਲਓ ਜਲ ਮਹਾਰਾਜ ਜੀ’ ਸੰਬੋਧਨ ਕਰਨ ਕਰਕੇ ਸੰਗਤਾਂ ਨੇ ‘ਬਾਬਾ ਭਾਈ ਮਹਾਰਾਜ ਸਿੰਘ ਜੀ’ ਪੱਕਾ ਦਿਤਾ।
ਬਾਬਾ ਬੀਰ ਸਿੰਘ ਨੌਰੰਗਾਬਾਦ ਵਲੋਂ ਡੇਰੇ ਦਾ ਜਾਨਸ਼ੀਨ ਥਾਪਣਾ :- ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (1839 ਈ:) ਤੋਂ ਬਾਅਦ ਗਦਾਰ ਡੋਗਰਿਆਂ ਨੇ ਅੰਗਰੇਜ਼ਾਂ ਨਾਲ ਮਿਲਕੇ ਸ਼ੇਰੇ ਪੰਜਾਬ ਦੇ ਸਿੱਖ ਸਰਦਾਰਾਂ ਵਿੱਚ ਭਰਾ ਮਾਰੂ ਜੰਗ ਕਰਵਾਕੇ ਪੰਜਾਬ ਦੇ ਰਾਜ ਭਾਗ ਨੂੰ ਤਬਾਹ ਕਰਨ ‘ਚ ਅਹਿਮ ਯੋਗਦਾਨ ਪਾਇਆ। ਮਹਾਰਾਜਾ ਰਣਜੀਤ ਸਿੰਘ ਦੇ ਦੁੱਖੀ ਹੋਏ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ, ਕੰਵਰ ਪਸ਼ੌਰਾ ਸਿੰਘ ਅਤੇ ਹੋਰ ਮੁੱਖੀ ਸਰਦਾਰ ਤੇ ਸਰਦਾਰਾਂ ਦੇ ਪੁੱਤਰ ਤਪੱਸਵੀ ਮਹਾਂਪੁਰਸ਼ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦੀ ਸ਼ਰਨ ‘ਚ ਡੇਰਾ ਮੁੱਠਿਆਂਵਾਲੀ ਨੇੜੇ ਹਰੀਕੇ ਪੱਤਣ ਆ ਗਏ ਸਨ। ਬਾਬਾ ਜੀ ਵਲੋਂ ਸ਼ਰਨ ਆਇਆਂ ਨੂੰ ਗਦਾਰਾਂ ਦੇ ਹਵਾਲੇ ਨਾ ਕਰਨ ‘ਤੇ ਗਦਾਰਾਂ ਵਲੋਂ ਬਹੁਤ ਵੱਡੀ ਫੌਜ ਤੇ ਤੋਪਾਂ ਨਾਲ ਮੁੱਠਿਆਂਵਾਲੀ ਡੇਰੇ ਤੇ ਹਮਲਾ ਕਰ ਦਿੱਤਾ ਪਰ ਬਾਬਾ ਜੀ ਨੇ ਆਪਣੀਆਂ ਫੌਜਾਂ ਅਤੇ ਸੰਗਤਾਂ ਨੂੰ ਸ਼ਾਂਤਮਈ ਰਹਿਣ ਦਾ ਹੁਕਮ ਕੀਤਾ ਹੋਣ ਕਰਕੇ ਵੱਡੀ ਗਿਣਤੀ ਵਿਚ ਫੌਜਾਂ ਤੇ ਸੰਗਤਾਂ ਵਲੋਂ ਸਿਮਰਨ ਕਰਦਿਆਂ ਸ਼ਾਤਮਈ ਸ਼ਹੀਦੀਆਂ ਪਾਈਆਂ ਗਈਆਂ ਸਨ। ਇਸ ਹਮਲੇ ਦੌਰਾਨ ਬਾਬਾ ਬੀਰ ਸਿੰਘ ਜੀ ਦੇ ਪੱਟ ਤੇ ਵੀ ਤੋਪ ਦਾ ਗੋਲਾ ਵੱਜਾ । ਬਾਬਾ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆ ਜਾਣ ਕਰਕੇ ਲੰਗਰ ਦੀ ਸੇਵਾ ਕਮਾ ਰਹੇ ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਕੋਲ ਬੁਲਾਕੇ ਨੌਰੰਗਾਬਾਦ ਡੇਰੇ ਦੀ ਸਾਰੀ ਮਰਿਆਦਾ ਸਮਝਾਉਂਦੇ ਹੋਏ ਸੰਪਰਦਾ ਦੀਆਂ ਬਖਸ਼ਿਸ਼ਾ ਭੇਟ ਕਰਕੇ 7 ਮਈ 1844 ਈ: ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ ਸੀ। ਇਸੇ ਦਿਨ ਹੀ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਪ੍ਰਲੋਕ ਗਮਨ ਕਰ ਗਏ ਸਨ।
ਹਥਿਆਰਬੰਦ ਸੰਘਰਸ਼ ਦਾ ਐਲਾਨ ਉਪਰੰਤ ਗਿਰਫ਼ਤਾਰ ਕਰਕੇ ਸਿੰਗਾਪੁਰ ਜਲਾਵਤਨ ਕਰਨਾ :- ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦੇ ਬਚਨਾ ‘ਤੇ ਪਹਿਰਾ ਦੇਂਦੇ ਹੋਏ ਬਾਬਾ ਭਾਈ ਮਹਾਰਾਜ ਸਿੰਘ ਜੀ ਨੇ ਅੰਗਰੇਜਾਂ ਵਿਰੁੱਧ ਹਥਿਆਰਬੰਦ ਸੰਘਰ਼ਸ਼ ਕਰਨ ਲਈ ਵਿਉਂਤਾਂ ਬਣਾਉਣੀਆਂ ਆਰੰਭ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਬਾਲਕ ਕੰਵਰ ਦਲੀਪ ਸਿੰਘ ਨੂੰ ਅੰਗਰੇਜਾਂ ਦੇ ਕਬਜੇ ਤੋਂ ਮੁਕਤ ਕਰਵਾਉਂਣ ਅਤੇ ਮਹਾਰਾਣੀ ਜਿੰਦਾਂ ਨੂੰ ਕੈਦ ਵਿਚੋਂ ਛਡਾਉਂਣ ਹਿੱਤ ਜਲੰਧਰ ਨੇੜੇ ਆਦਮਪੁਰ ਵਿਖੇ ਖੇਤਾਂ ਦੀਆਂ ਝਾੜੀਆਂ ‘ਚ ਸਾਥੀਆਂ ਨਾਲ ਹਥਿਆਰ ਲੁੱਟਣ ਦੀ ਵਿਉਂਤ ਬਣਾ ਰਹੇ ਬਾਬਾ ਭਾਈ ਮਹਾਰਾਜ ਸਿੰਘ ਜੀ ਤੇ ਉਨ੍ਹਾਂ ਨਾਲ ਲਗਭਗ 21 ਹੋਰ ਸਾਥੀਆਂ ਨੂੰ ਗਦਾਰਾਂ ਨੇ ਸਰਕਾਰ ਨੂੰ ਸੂਹ ਦੇ ਕੇ ਗ੍ਰਿਫਤਾਰ ਕਰਵਾ ਦਿਤਾ। ਗ੍ਰਿਫਤਾਰੀ ਤੇ ਕੁਝ ਦਿਨਾ ਬਾਅਦ ਆਪ ਜੀ ਨੂੰ ਅਤੇ ਇਕ ਨਿਜੀ ਸੇਵਕ ਬਾਬਾ ਖੜਕ ਸਿੰਘ ਨੂੰ ਜਲੰਧਰ ਤੋਂ ਲਿਜਾਅ ਕੇ ਕਲਕੱਤੇ ਜੇਲ ‘ਚ ਰੱਖਿਆ ਗਿਆ। ਸਿੱਖਾਂ ਵਿੱਚ ਬਾਬਾ ਜੀ ਦੀ ਲੋਕਪ੍ਰਿਅਤਾ ਤੋਂ ਡਰਦੇ ਹੋਏ ਅੰਗਰੇਜ ਸਰਕਾਰ ਨੇ ਛੇਤੀ ਹੀ ਆਪ ਜੀ ਤੇ ਸੇਵਕ ਨੂੰ ਦੇਸ਼ ਤੋਂ ਜਲਾਵਤਨ ਕਰਕੇ 9 ਜੁਲਾਈ 1850 ਈ: ਨੂੰ ‘ਮੁਹੰਮਦ ਸ਼ਾਹ’ ਨਾਮੀ ਸਮੁੰਦਰੀ ਜਹਾਜ ਰਾਹੀਂ ਵਿਦੇਸ਼ ਦੀ ਧਰਤੀ ਸਿੰਗਾਪੁਰ ਲਿਜਾਇਆ ਗਿਆ ਕਿਉਂਕਿ ਸਿੰਗਾਪੁਰ ਵਿੱਚ ਵੀ ਅੰਗਰੇਜਾਂ ਦਾ ਰਾਜ ਭਾਗ ਸੀ।
ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਅੰਗਰੇਜ਼ੀ ਸਰਕਾਰ ਵਲੋਂ ਸਿੰਗਾਪੁਰ ਦੀ ਬਹੁਤ ਹੀ ਖ਼ਤਰਨਾਕ ਔਟਰਮ ਜੇਲ ਦੀ ਕਾਲ ਕੋਠੜੀ ਵਿੱਚ ਬੰਦੀ ਬਣਾ ਲਿਆ ਗਿਆ ਅਤੇ ਆਪ ਜੀ ਦੀ ਨਿਗਰਾਨੀ ਅਤੇ ਸੇਵਾ ਵਿੱਚ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਆਪ ਜੀ ਦੇ ਨਾਲ ਆਏ ਨਿਜੀ ਸੇਵਕ ਬਾਬਾ ਖੜਕ ਸਿੰਘ ਜੀ ਨੂੰ ਵੀ ਲਾਇਆ ਗਿਆ।
ਸਿੰਗਾਪੁਰ ਦੀ ਜੇਲ ਵਿਚ ਸ਼ਹੀਦੀ ਪਾ ਜਾਣਾ :- ਬਰਤਾਨਵੀਂ ਸਰਕਾਰ ਨੇ ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਭਾਰਤ ਦੀ ਅਜ਼ਾਦੀ ਦਾ ਰਾਹ ਛੱਡ ਦੇਣ ਕਈ ਤਰ੍ਹਾਂ ਦੇ ਲਾਲਚ ਦੇਕੇ ਮਨਾਉਣ ਦਾ ਯਤਨ ਕੀਤਾ ਪਰ ਸੰਤ ਸਿਪਾਹੀ ਬਾਬਾ ਜੀ ਨੇ ਦੇਸ਼ ਨਾਲ ਗ਼ਦਾਰੀ ਕਰਨ ਵਾਲਾ ਰਾਹ ਨਾ ਚੁਣਿਆ ਅਤੇ ਅੰਗਰੇਜ਼ੀ ਸਰਕਾਰ ਨੂੰ ਨਿਡਰਤਾ ਨਾਲ ਬਚਨ ਕੀਤੇ ਕਿ “ਉਨ੍ਹਾਂ ਨੇ ਅੰਗਰੇਜਾਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਕੱਢਣ ਦੀ ਕਸਮ ਖਾਧੀ ਹੋਈ ਹੈ”। ਆਪ ਜੀ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬਹੁਤ ਤਸੀਹੇ ਦਿੱਤੇ ਗਏ। ਖਾਣੇ ਵਿਚ ਕੱਚ ਪੀਹ ਕੇ ਪਾ ਦੇਣਾ, ਬਿਨ੍ਹਾ ਹਵਾ ਚਾਨਣ ਵਾਲੇ ਛੋਟੇ ਜਿਹੇ ਕਮਰੇ ਵਿਚ ਰੱਖਣਾ, ਕਿਸੇ ਨੂੰ ਮਿਲਣ ਨਾ ਦੇਣਾ, ਨਿਜੀ ਸੇਵਕ ਬਾਬਾ ਖੜਕ ਸਿੰਘ ਨੂੰ ਬਾਬਾ ਜੀ ਤੋਂ ਵੱਖ ਕਰ ਦੇਣਾ ਆਦਿ ਵਰਗੇ ਤਸੀਹੇ ਵੀ ਆਜ਼ਾਦੀ ਦੇ ਪਰਵਾਨੇ ਨੂੰ ਡੋਲਾਅ ਨਾ ਸਕੇ। ਜੇਲ ਵਿੱਚ ਹੀ ਆਪ ਜੀ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾਂਦੀ ਰਹੀ ਤੇ ਦੰਦਾਂ ਤੇ ਕੈਂਸਰ ਦੀ ਭਿਆਨਕ ਬਿਮਾਰੀ ਲੱਗ ਜਾਣ ‘ਤੇ ਵੀ ਚੜਦੀ ਕਲਾ ਵਿਚ ਰਹਿ ਕੇ ਗੁਰਬਾਣੀ ਦਾ ਪਾਠ ਅਤੇ ਲਗਾਤਾਰ ਸਿਮਰਨ ਕਰਕੇ ਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ। ਲਗਾਤਾਰ 6 ਸਾਲ ਦਾ ਦੁੱਖਾਂ ਭਰਿਆ ਸਮਾਂ ਜੇਲ ਦੀ ਕਾਲ ਕੋਠੜੀ ਵਿਚ ਬਤੀਤ ਕਰਦੇ ਹੋਏ ਅੰਤ 5 ਜੁਲਾਈ 1856 ਈ: ਨੂੰ ਹਕੂਮਤ ਦੀਆਂ ਨਾਪਾਕ ਚਾਲਾਂ ਨੂੰ ਠੁਕਰਾ ਕੇ ਜੇਲ ਵਿਚ ਸ਼ਹੀਦੀ ਪਾ ਗਏ ਸਨ। ਆਪ ਜੀ ਨੂੰ ਭਾਰਤ ਦੀ ਜੰਗੇ ਆਜ਼ਾਦੀ ਦੇ ਪਹਿਲੇ ਜਲਾਵਤਨੀ ਸ਼ਹੀਦ ਹੋਣ ਦਾ ਮਾਣ ਮਿਲਿਆ ਹੈ। ਸ਼ਹੀਦੀ ਪਾਉਣ ਵਾਲੇ ਦਿਨ ਤੱਕ ਆਪ ਜੀ ਉਮਰ 76 ਸਾਲ 5 ਮਹੀਨੇ 22 ਦਿਨ ਸੀ।
ਭਾਈ ਮਹਾਰਾਜ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਰੱਖਣ ਲਈ ਸਿੰਗਾਪੁਰ ਦੇ ਸਿੱਖਾ ਨੇ ਗੁ: ਸਾਹਿਬ ਸਿੱਲਟ ਰੋਡ ਦੇ ਨਜ਼ਦੀਕ ਆਪ ਜੀ ਦੀ ਯਾਦ ਵਿਚ ਬਹੁਤ ਹੀ ਅਲੀਸ਼ਾਨ ਗੁ: ‘ਯਾਦਗਾਰੀ ਅਸਥਾਨ ਭਾਈ ਮਹਾਰਾਜ ਸਿੰਘ ਜੀ’ ਬਣਾਇਆ ਹੋਇਆ ਹੈ ਜਿਥੇ ਹਰ ਸਾਲ 5 ਜੁਲਾਈ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੀ ਸਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।