78 ਸਾਲਾ ਸ. ਬਲਬੀਰ ਸਿੰਘ ਬਸਰਾ ਨੇ ਇੱਕ ਹੋਰ ਮੀਲ-ਪੱਥਰ ਗੱਡਿਆ

ਆਕਲੈਂਡ – 29 ਅਕਤੂਬਰ ਦਿਨ ਐਤਵਾਰ ਨੂੰ ਸਿੱਖ ਮੈਰਾਥਨ ਦੌੜਾਕ 78 ਸਾਲਾ ਸ. ਬਲਬੀਰ ਸਿੰਘ ਬਸਰਾ ਨੇ 42.1 ਕਿੱਲੋਮੀਟਰ ‘ਆਕਲੈਂਡ ਮੈਰਾਥਨ’ ਦੌੜ 5 ਘੰਟੇ 49 ਮਿੰਟ ਤੇ 5 ਸੈਕਿੰਡ ਵਿੱਚ ਪੂਰੀ ਕਰਕੇ ਭਾਈਚਾਰੇ ਲਈ ਇੱਕ ਹੋਰ ਮੀਲ-ਪੱਥਰ ਗੱਡ ਦਿੱਤਾ। ਜ਼ਿਕਰਯੋਗ ਹੈ ਕਿ ਸ. ਬਲਬੀਰ ਸਿੰਘ ਬਸਰਾ ਨੇ 8ਵੀਂ ਵਾਰ ਮੈਰਾਥਨ ਦੌੜ ਪੂਰੀ ਕੀਤੀ ਹੈ। ਇਹ ‘ਆਕਲੈਂਡ’ ਮੈਰਾਥਨ ਦੌੜ ਡੈਵਨਪੋਰਟ ਤੋਂ ਆਰੰਭ ਹੋ ਕੇ ਹਾਰਬਰ ਬ੍ਰਿਜ ਤੋਂ ਹੁੰਦੀ ਹੋਈ ਆਕਲੈਂਡ ਸਿਟੀ ਦੇ ਵਿਕਟੋਰੀਆ ਪਾਰਕ ਵਿੱਚ ਸਮਾਪਤ ਹੋਈ। ਆਕਲੈਂਡ ਮੈਰਾਥਨ ‘ਚ ਪੁਰਸ਼ ਵਰਗ ਦੀ ਪੂਰੀ ਮੈਰਾਥਨ ਦੌੜ ਆਸਟਰੇਲੀਆ ਦੇ ਮੈਟ ਡੈਵੀ ਨੇ 2 ਘੰਟੇ 24 ਮਿੰਟ ਤੇ 13 ਸੇਕਿੰਡ ਵਿੱਚ ਪੂਰੀ ਕਰਕੇ ਜਿੱਤੀ ਜਦੋਂ ਕਿ ਮਹਿਲਾ ਵਰਗ ‘ਚ ਕ੍ਰਾਈਸਟਚਰਚ ਦੀ ਹਾਨਾ ਓਲਡਰੋਇਡ ਨੇ 2 ਘੰਟੇ 54 ਮਿੰਟ ਤੇ 8 ਸੇਕਿੰਡ ਵਿੱਚ ਪੂਰੀ ਕਰਕੇ ਜਿੱਤ ਦਰਜ ਕੀਤੀ।