ਰੈੱਡ ਕਾਰਪਟ ‘ਤੇ ਚੱਲ ਕੇ ਮਾਣ ਹਾਸਲ ਕਰਨ ਵਾਲਾ ਪਹਿਲਾ ਪੱਗੜੀਧਾਰੀ ਸਿੱਖ ਸੂਫ਼ੀ ਗਾਇਕ ਸਤਿੰਦਰ ਸਰਤਾਜ

ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ 21 ਜੁਲਾਈ ਤੋਂ ਵਿਖਾਈ ਜਾਵੇਗੀ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ
ਕੈਲੀਫੋਰਨੀਆ, 24 ਮਈ (ਹੁਸਨ ਲੜੋਆ ਬੰਗਾ) – ਇਸ ਵਰ੍ਹੇ ਦੇ 70ਵੇਂ ਕਾਨ ਫਿਲਮ ਫ਼ੈਸਟੀਵਲ ਦੌਰਾਨ ਭਾਵੇਂ ਕੋਈ ਵੀ ਭਾਰਤੀ ਫ਼ੀਚਰ ਫਿਲਮ ਨਹੀਂ ਦਿਖਾਈ ਜਾ ਰਹੀ ਪਰ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਮਸ਼ਹੂਰ ਫਿਲਮ ਮੇਲੇ ਦੇ ਰੈੱਡ ਕਾਰਪਟ ਉੱਤੇ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਤੁਰਨ ਦਾ ਸਨਮਾਨ ਉੱਘੇ ਗਾਇਕ, ਅਦਾਕਾਰ ਅਤੇ ‘ਦਿ ਬਲੈਕ ਪ੍ਰਿੰਸ’ ਫਿਲਮ ‘ਚ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸਤਿੰਦਰ ਸਰਤਾਜ ਨੂੰ ਹਾਸਲ ਹੋਇਆ। ਕਈ ਕੌਮਾਂਤਰੀ ਐਵਾਰਡ ਜੇਤੂ ਫਿਲਮ ‘ਦਿ ਬਲੈਕ ਪ੍ਰਿੰਸ’ ਦਾ ਟਰੇਲਰ ਇਸ ਮੇਲੇ ‘ਚ ਸ਼ਨਿਚਰਵਾਰ 20 ਮਈ ਨੂੰ ਵਿਸ਼ੇਸ਼ ਤੌਰ ‘ਤੇ ਰਿਲੀਜ਼ ਕੀਤੇ ਜਾਣ ਦਾ ਮਾਣ ਹਾਸਲ ਹੋਇਆ।
‘ਦਿ ਬਲੈਕ ਪ੍ਰਿੰਸ’ ਦੇ ਟਰੇਲਰ ਰਿਲੀਜ਼ ਤੋਂ ਇਲਾਵਾ ਫਿਲਮ ਦੇ ਨਾਇਕ ਸਤਿੰਦਰ ਸਰਤਾਜ ਦਾ ਰੈੱਡ ਕਾਰਪਟ ਜਸ਼ਨਾਂ ਵਿੱਚ ਸ਼ਾਮਲ ਹੋਣਾ ਅਤੇ ਫਿਲਮ ਦੀ ਸਕਰੀਨਿੰਗ ਬੜੀ ਅਹਿਮ ਪ੍ਰਾਪਤੀ ਹੈ। ਇਸ ਮਾਣ ਸਨਮਾਨ ਨੂੰ ਮੀਡੀਆ ਤੋਂ ਇਲਾਵਾ ਫ਼ਿਲਮੀ ਹਸਤੀਆਂ ਅਤੇ ਦਰਸ਼ਕਾਂ ਵੱਲੋਂ ਬੜਾ ਭਰਵਾਂ ਹੁੰਗਾਰਾ ਮਿਲਿਆ ਹੈ। ‘ਦਿ ਬਲੈਕ ਪ੍ਰਿੰਸ’ ਸਿੱਖ ਇਤਿਹਾਸ ਦੇ ਅਹਿਮ ਘਟਨਾਕ੍ਰਮ ਸਬੰਧੀ ਹਾਲੀਵੁੱਡ ਵਿੱਚ ਬਣਨ ਵਾਲੀ ਪਹਿਲੀ ਅੰਗਰੇਜ਼ੀ ਦੀ ਫਿਲਮ ਹੈ। ਇਹ ਇਤਿਹਾਸਕ ਡਰਾਮਾ ਪੰਜਾਬ ਰਿਆਸਤ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ‘ਦੀ ਬਲੈਕ ਪ੍ਰਿੰਸ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਅਸਲ ਜ਼ਿੰਦਗੀ ‘ਤੇ ਆਧਾਰਤ ਹੈ। ਇਹ ਫਿਲਮ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ 21 ਜੁਲਾਈ ਨੂੰ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਵਰਨਣਯੋਗ ਹੈ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਬੜੇ ਅਹਿਮ ਪਹਿਲੂਆਂ ਨੂੰ ਪਹਿਲੀ ਵਾਰ ਇਸ ਫਿਲਮ ਰਾਹੀਂ ਲੋਕਾਂ ਸਾਹਮਣੇ ਲਿਆਂਦਾ ਗਿਆ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਮੁਕਾਮ ਹਾਸਲ ਕਰ ਚੁੱਕੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਐਕਟਰ ਵਜੋਂ ਇਹ ਪਹਿਲੀ ਫਿਲਮ ਹੈ। ‘ਦਿ ਬਲੈਕ ਪ੍ਰਿੰਸ’ ਨੂੰ ਸਿੱਖ ਰਾਜ ਬਾਰੇ ਪਹਿਲੀ ਫਿਲਮ ਹੋਣ ਦਾ ਮਾਣ ਹਾਸਲ ਹੈ। ਇਸ ਤੋਂ ਵੀ ਅਹਿਮ ਗੱਲ ਇਹ ਕਿ ਬਿਹਤਰੀਨ ਕਲਾਕਾਰ ਵਜੋਂ ਬਾਲੀਵੁੱਡ ਤੋਂ ਇਲਾਵਾ ਅੰਗਰੇਜ਼ੀ ਫ਼ਿਲਮਾਂ ਵਿੱਚ ਬੜਾ ਨਾਂਅ ਕਮਾ ਚੁੱਕੀ ਅਤੇ ਇੱਕ ਤੋਂ ਵੱਧ ਵਾਰ ਨੈਸ਼ਨਲ ਫਿਲਮ ਐਵਾਰਡ ਜੇਤੂ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਪਹਿਲੀ ਵਾਰ ਕਿਸੇ ਫਿਲਮ ਵਿੱਚ ਸਿੱਖ ਕਿਰਦਾਰ (ਮਹਾਰਾਣੀ
ਜਿੰਦਾ) ਨਿਭਾਉਂਦਿਆ ਪੰਜਾਬੀ ਬੋਲੀ ਹੈ।
ਫਿਲਮ ਨੂੰ ਇੰਨਾ ਵੱਡਾ ਹੁੰਗਾਰਾ ਮਿਲਣਾ ਬਹੁਤ ਹੀ ਉਤਸ਼ਾਹਜਨਕ – ਸਤਿੰਦਰ ਸਰਤਾਜ
ਕਾਨ ਫਿਲਮ ਉਤਸਵ ਦੇ ਭਾਰਤੀ ਪਵੇਲੀਅਨ ‘ਤੇ ਟਰੇਲਰ ਦਿਖਾਏ ਜਾਣ ਤੋਂ ਪਹਿਲਾਂ ਸਤਿੰਦਰ ਸਰਤਾਜ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਫਿਲਮ ਸਬੰਧੀ ਗੱਲਬਾਤ ਕੀਤੀ। ਸਤਿੰਦਰ ਸਰਤਾਜ ਨੇ ਕਿਹਾ, ‘ਫਿਲਮ ਨੂੰ ਇੰਨਾ ਵੱਡਾ ਹੁੰਗਾਰਾ ਮਿਲਣਾ ਬਹੁਤ ਹੀ ਉਤਸ਼ਾਹਜਨਕ ਅਤੇ ਦਿਲ ਨੂੰ ਤਸੱਲੀ ਦੇਣ ਵਾਲੀ ਗੱਲ ਹੈ। ਕਾਨ ਦੇ ਵਿਸ਼ਵ ਪ੍ਰਸਿੱਧ ਫਿਲਮ ਫ਼ੈਸਟੀਵਲ ਵਿੱਚ ਹੋਰਨਾਂ ਉੱਚ ਕੋਟੀ ਦੀਆਂ ਫ਼ਿਲਮਾਂ ਨਾਲ ‘ਦ ਬਲੈਕ ਪ੍ਰਿੰਸ’ ਨੂੰ ਸਨਮਾਨ ਮਿਲਣਾ ਬਹੁਤ ਵੱਡੀ ਪ੍ਰਾਪਤੀ ਹੈ। ਮੈਨੂੰ ਆਸ ਹੈ ਕਿ ਅਜਿਹਾ ਹੋਣ ਨਾਲ ਸਿੱਖ ਕੌਮ ਦੇ ਆਖ਼ਰੀ ਮਹਾਰਾਜੇ ਦੀ ਜੀਵਨ ਕਹਾਣੀ ਦਾ ਦਰਦ, ਅੰਗਰੇਜ਼ ਹਾਕਮਾਂ ਦੀ ਕੂਟਨੀਤੀ, ਸਿੱਖਾਂ ਦੇ ਚੂਰ ਚੂਰ ਹੋਏ ਸੁਪਨਿਆਂ ਦਾ ਸੱਚ ਵਿਸ਼ਵ ਦੇ ਲੋਕਾਂ ਦੇ ਸਾਹਮਣੇ ਉਜਾਗਰ ਹੋਵੇਗਾ’।