ਹਰਿੰਦਰ ਨੂੰ ਪੁਰਸ਼ ਅਤੇ ਮੈਰੀਨ ਨੂੰ ਮੁੜ ਮਹਿਲਾ ਹਾਕੀ ਟੀਮ ਦਾ ਕੋਚ ਥਾਪਿਆ

ਹਰਿੰਦਰ ਸਿੰਘ ਸੀਨੀਅਰ ਪੁਰਸ਼ ਹਾਕੀ ਟੀਮ ਦਾ ਕੋਚ

ਨਵੀਂ ਦਿੱਲੀ, 1 ਮਈ – ਹਾਕੀ ਇੰਡੀਆ (ਐੱਚਆਈ) ਨੇ ਪਿਛਲੇ ਮਹੀਨੇ ਗੋਲਡ ਕੋਸਟ ਵਿਖੇ ਹੋਈਆਂ ਕਾਮਨਵੈਲਥ ਗੇਮਜ਼ 2018 ‘ਚ ਨਿਰਾਸ਼ਾ ਭਰੇ ਪ੍ਰਦਰਸ਼ਨ ਤੋਂ ਬਾਅਦ ਕੌਮੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਕੋਚਾਂ ਦੀ ਅਦਲਾ-ਬਦਲੀ ਕਰ ਦਿੱਤੀਆਂ ਹਨ। ਐੱਚਆਈ ਨੇ ਹਰਿੰਦਰ ਸਿੰਘ ਉੱਤੇ ਭਰੋਸਾ ਜਤਾਉਂਦੇ ਹੋਏ ਉਸ ਨੂੰ ਸੀਨੀਅਰ ਪੁਰਸ਼ ਹਾਕੀ ਟੀਮ ਦਾ ਕੋਚ ਬਣਾਇਆ ਹੈ, ਜਦੋਂ ਕਿ ਸਯੋਰਡ ਮੈਰੀਨ ਨੂੰ ਮੁੜ ਸੀਨੀਅਰ ਮਹਿਲਾ ਹਾਕੀ ਟੀਮ ਦਾ ਕੋਚ ਥਾਪ ਦਿੱਤਾ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਕਾਮਨਵੈਲਥ ਗੇਮਜ਼ 2018 ‘ਚ ਹਰਿੰਦਰ ਸਿੰਘ ਮਹਿਲਾ ਹਾਕੀ ਟੀਮ ਦੇ ਕੋਚ ਸਨ ਅਤੇ ਮੈਰੀਨ ਨੂੰ ਪੁਰਸ਼ ਹਾਕੀ ਟੀਮ ਦਾ ਲਾਇਆ ਗਿਆ ਸੀ। ਕਾਮਨਵੈਲਥ ਗੇਮਜ਼ 2018 ‘ਚ ਤਗਮੇ ਦੀ ਦਾਅਵੇਦਾਰ ਮੰਨੀ ਜਾ ਰਹੀ ਪੁਰਸ਼ ਹਾਕੀ ਟੀਮ ਨੇ ਕਾਫ਼ੀ ਨਿਰਾਸ਼ ਕੀਤਾ। ਉਹ ਫਾਈਨਲ ਲਈ ਵੀ ਕੁਆਲੀਫ਼ਾਈ ਨਹੀਂ ਕਰ ਸਕੀ ਅਤੇ ਕਾਂਸੀ ਦੇ ਤਗਮੇ ਦੇ ਹੋਏ ਮੁਕਾਬਲੇ ਵਿੱਚ ਇੰਗਲੈਂਡ ਹੱਥੋਂ ਹਾਰ ਗਈ ਸੀ। ਦੋਵੇਂ ਟੀਮਾਂ ਦੇ ਕੋਚਾਂ ਦੀ ਅਦਲਾ-ਬਦਲੀ ਦਾ ਮੁੱਖ ਕਾਰਨ ਮਾੜੇ ਪ੍ਰਦਰਸ਼ਨ ਨੂੰ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਮਨਵੈਲਥ ਗੇਮਜ਼ ‘ਚ 12 ਸਾਲ ਵਿੱਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਤਗਮਾ ਨਹੀਂ ਜਿੱਤ ਸਕੀ।