ਕਸਾਬ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ

ਨਵੀਂ ਦਿੱਲੀ, 29 ਅਗਸਤ (ਏਜੰਸੀ) – ਮੁੰਬਈ ‘ਤੇ ਹੋਏ ਅਤਿਵਾਦੀ ਹਮਲਿਆਂ ਦੇ ਮੁੱਖ ਦੋਸ਼ੀ ਅਜਮਲ ਆਮਿਰ ਕਸਾਬ ਨੂੰ ਫ਼ਾਂਸੀ ਦੀ ਸਜ਼ਾ ਨੂੰ ਹਾਈ ਕੋਰਟ ਨੇ ਬੁੱਧਵਾਰ ਨੂੰ ਆਪਣੇ ਫ਼ੈਸਲੇ ਵਿਚ ਬਰਕਰਾਰ ਰੱਖਿਆ ਹੈ। ਜਸਟਿਸ ਆਫ਼ਤਾਬ ਆਲਮ ਦੀ ਪ੍ਰਧਾਨਗੀ ਵਾਲੀ ਦੋ ਮੈਂਬਰੀ ਬੈਂਚਪੀਠ ਨੇ ਬੰਬਈ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਸਾਬ ਦੀ ਅਪੀਲ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ……. ਵਿੱਚ ਕਿਹਾ ਹੈ ਕਿ ਕਸਾਬ ਨੇ ਦੇਸ਼ ਖਿਲਾਫ਼ ਜੰਗ ਛੇੜ ਕੇ ਸਭ ਤੋਂ ਵੱਡਾ ਜੁਰਮ ਕੀਤਾ ਹੈ। ਲਿਹਾਜਾ ਕੋਰਟ ਕੋਲ ਉਸ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਜਸਟਿਸ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਕਸਾਬ ਭਾਰਤ ਖਿਲਾਫ਼ ਯੁੱਧ ਛੇੜਨ ਦੀ ਸਾਜਿਸ਼ ਵਿੱਚ ਸ਼ਾਮਲ ਸੀ, ਇਸ ਲਈ ਉਸ ਦੀ ਫ਼ਾਂਸੀ ਦੀ ਸਜ਼ਾ ਘੱਟ ਨਹੀਂ ਕੀਤੀ ਜਾ ਸਕਦੀ। ਜਸਟਿਸ ਨੇ ਕਿਹਾ ਕਿ ਅਜਿਹੇ ਹਮਲੇ ਬਰਦਾਸ਼ਤ ਕਰਨ ਵਾਲੇ ਨਹੀਂ ਹਨ ਅਤੇ ਅਜਿਹੇ ਗੁਨਾਹ ਦੀ ਸਭ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਦੇਸ਼ ਦੀ ਸੰਪਰਦਾ ‘ਤੇ ਹਮਲਾ ਹੋਇਆ ਹੈ। ਜਸਟਿਸ ਨੇ ਕਿਹਾ ਕਿ ਫ਼ਾਂਸੀ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਮੁੰਬਈ ਹਮਲਿਆਂ ਵਿਚ ਜ਼ਿੰਦਾ ਫੜੇ ਗਏ ਇਕ ਮਾਤਰ ਅਤਿਵਾਦੀ ਕਸਾਬ ਨੇ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਖਿਲਾਫ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਜ਼ਿਕਰਯੋਗ ਹੈ ਕਿ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ 6 ਮਈ 2010 ਨੂੰ 24 ਸਾਲ ਦੇ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬੰਬਈ ਹਾਈ ਕੋਰਟ ਨੇ ਪਿਛਲੇ ਸਾਲ 10 ਅਕਤੂਬਰ ਨੂੰ ਬਰਕਰਾਰ ਰੱਖਿਆ ਸੀ। ਮਹਾਰਾਸ਼ਟਰ ਸਰਕਾਰ ਦੇ ਵਕੀਲ ਗੋਪਾਲ ਸੁਬਰਾਮਨਿਯਮ ਨੇ ਹਾਈ ਕੋਰਟ ਦੇ ਫ਼ੈਸਲਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਦਾਲਤ ਵਿੱਚ ਦੋਵਾਂ ਪੱਖਾਂ ਵਲੋਂ ਕਾਫ਼ੀ ਦਲੀਲਾਂ ਪੇਸ਼ ਕੀਤੀਆਂ ਗਈਆਂ।