ਸ. ਹਰਜਿੰਦਰ ਸਿੰਘ (ਬਸਿਆਲਾ) ਨਿਊਜ਼ੀਲੈਂਡ ਦੇ ‘ਅੰਦਰੂਨੀ ਵਿਭਾਗ’ ਵੱਲੋਂ ਆਜ਼ਾਦ ‘ਮੈਰਿਜ ਸੈਲੀਬ੍ਰੈਂਟ’ ਨਿਯੁਕਤ

ਨਿਊਜ਼ੀਲੈਂਡ 'ਚ ਮੈਰਿਜ ਸੈਲੀਬ੍ਰੈਂਟ ਬਣੇ ਸ. ਹਰਜਿੰਦਰ ਸਿੰਘ ਬਸਿਆਲਾ

ਆਕਲੈਂਡ, 1 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਦੇ ਵਿੱਚ ਵਿਆਹ ਨੂੰ ਵਿਧੀ ਪੂਰਵਕ ਰਜਿਸਟਰ ਕਰਨਾ ਹੋਵੇ ਤਾਂ ਦੇਸ਼ ਦਾ ‘ਇੰਟਰਨਲ ਵਿਭਾਗ’ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਕਾਰਜ ਦੇ ਲਈ ਦੇਸ਼ ਦੇ ਇੰਟਰਨਲ (ਅੰਦਰੂਨੀ) ਵਿਭਾਗ ਵੱਲੋਂ ਮੈਰਿਜ ਸੈਲੀਬ੍ਰੈਂਟ ਨਿਯੁਕਤ ਕੀਤੇ ਜਾਂਦੇ ਹਨ। ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਲਈ ਖ਼ੁਸ਼ੀ ਭਰੀ ਖ਼ਬਰ ਆਈ ਹੈ ਕਿ ਪਾਪਾਕੁਰਾ ਰਹਿੰਦੇ ਅਤੇ ਨਿਊਜ਼ੀਲੈਂਡ ਦੇ ਪਹਿਲੇ ਆਨ ਲਾਈਨ ਅਖ਼ਬਾਰ ‘ਪੰਜਾਬੀ ਹੈਰਲਡ’ ਦੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ ਜਿੱਥੇ ਬੀਤੇ ਕਈ ਸਾਲਾਂ ਤੋਂ ਜਸਟਿਸ ਆਫ਼ ਦਾ ਪੀਸ (ਜੇ.ਪੀ.) ਦੀਆਂ ਸੇਵਾਵਾਂ ਕਮਿਊਨਿਟੀ ਨੂੰ ਦੇ ਰਹੇ ਹਨ ਉੱਥੇ ਹੀ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ ਵੱਲੋਂ 31 ਜੁਲਾਈ ਨੂੰ ਮੈਰਿਜ ਸੈਲੀਬ੍ਰੈਂਟ ਵੀ ਨਿਯੁਕਤ ਕਰ ਦਿੱਤਾ ਗਿਆ ਹੈ। ਸ. ਹਰਜਿੰਦਰ ਸਿੰਘ ਦਾ ਜੱਦੀ ਪਿੰਡ ਬਸਿਆਲਾ ਨੇੜੇ ਗੜ੍ਹਸ਼ੰਕਰ ਹੈ ਅਤੇ ਉਹ ਪਿਛਲੇ 13 ਸਾਲਾਂ ਤੋਂ ਇੱਥੇ ਪੱਕੇ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਬਸਿਆਲਾ ਇਕੱਲੇ ਪੱਤਰਕਾਰਤਾ ਦੇ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਬਲਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਨਿਊਜ਼ੀਲੈਂਡ ਵਿੱਚ ਵੱਸਦੇ ਭਾਈਚਾਰੇ ਨੂੰ ਹਰ ਪੱਖ ਤੋਂ ਆਪਣਾ ਸਹਿਯੋਗ ਦੇਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਮੈਰਿਜ ਸੈਲੀਬ੍ਰੈਂਟ ਦੀ ਇਹ ਨਿਯੁਕਤੀ ਮੈਰਿਜ ਐਕਟ 1955 ਦੇ ਸੈਕਸ਼ਨ 11 ਅਧੀਨ ਹੁੰਦੀ ਹੈ। ਨਿਊਜ਼ੀਲੈਂਡ ਦੇ ਵਿੱਚ ਕਾਨੂੰਨੀ ਵਿਆਹ ਸ਼ਾਦੀ ਦੇ ਲਈ ਇੰਟਰਨਲ ਵਿਭਾਗ ਨਾਲ ਸੰਪਰਕ ਕਰਨਾ ਹੁੰਦਾ ਹੈ ਅਤੇ ਮੈਰਿਜ ਸੈਲੀਬ੍ਰੈਂਟ ਇਸ ਵਿਆਹ ਨੂੰ ਦੋ ਗਵਾਹੀਆਂ ਦੇ ਅਧਾਰ ਉੱਤੇ ਤਸਦੀਕ ਕਰਕੇ ਸਹੀ ਪਾਉਂਦਾ ਹੈ। ਮੈਰਿਜ ਸੈਲੀਬ੍ਰੈਂਟ ਦੋਹਾਂ ਪਾਰਟੀਆਂ ਦੇ ਨਾਵਾਂ ਆਦਿ ਦੀ ਸੰਤੁਸ਼ਟੀ ਤੋਂ ਬਾਅਦ ਵਿਆਹ ਵਾਲੇ ਲਾਇਸੰਸ ਉੱਤੇ ਆਪਣੀ ਸਹੀ ਪਾਉਂਦਾ ਹੈ ਅਤੇ ਵਿਆਹ ਕਾਨੂੰਨੀ ਰੂਪ ਲੈ ਲੈਂਦਾ ਹੈ। ਮੈਰਿਜ ਸੈਲੀਬ੍ਰੈਂਟ ਇਨ੍ਹਾਂ ਸ਼ਾਦੀ ਵਿਆਹਾਂ ਦੀ ਰਜਿਸਟ੍ਰੇਸ਼ਨ ‘ਬਰਥ, ਡੈੱਥ ਅਤੇ ਮੈਰਿਜਜ਼’ ਵਿਭਾਗ ਕੋਲ ਕਰਾਉਣ ਲਈ ਜ਼ਰੂਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਦਾ ਹੈ। ਇੱਥੇ ਵਿਆਹ ਦੇ ਲਈ ਤੁਸੀਂ ਨਿੱਜੀ ਸਮਾਗਮ ਕਰ ਸਕਦੇ ਹੋ ਅਤੇ ਪ੍ਰਤਿੱਗਿਆ ਜਾਂ ਸੰਕਲਪ ਵਾਲੀ ਲਾਈਨ ਆਪਣੀ ਚੁਣ ਸਕਦੇ ਹੋ। ਇਸ ਤੋਂ ਇਲਾਵਾ ਰਜਿਸਟ੍ਰੀ ਸਮਾਗਮ ਵੀ ਹੁੰਦਾ ਹੈ ਜੋ ਕਿ ਹਫ਼ਤੇ ਦੇ ਕੰਮ ਵਾਲੇ ਦਿਨਾਂ ਦੇ ਵਿੱਚ ਨਿਰਧਾਰਿਤ ਜਗ੍ਹਾ ‘ਤੇ ਹੀ ਹੋ ਸਕਦਾ ਹੈ ਅਤੇ ਇਹ ਵੀਕਐਂਡ ਜਾਂ ਜਨਤਕ ਛੁੱਟੀ ਵਾਲੇ ਦਿਨ ਨਹੀਂ ਹੁੰਦਾ। ਇੱਥੇ ਸਮਾਗਮ ਦੇ ਲਈ 20 ਮਹਿਮਾਨਾਂ ਦੀ ਹੱਦ ਤੈਅ ਹੁੰਦੀ ਹੈ। ਇਸ ਦੇ ਲਈ ਨਿਸ਼ਚਤ ਪ੍ਰਤਿੱਗਿਆ ਅਤੇ ਸੰਕਲਪ ਵਾਲੀਆਂ ਲਾਈਨਾਂ ਹੁੰਦੀਆਂ ਹਨ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਆਜ਼ਾਦ ਮੈਰਿਜ ਸੈਲੀਬ੍ਰੈਂਟ ਬਣਨ ਉੱਤੇ ਬਹੁਤ ਬਹੁਤ ਮੁਬਾਰਕਾਂ।
ਨਿਊਜ਼ੀਲੈਂਡ ‘ਚ ਮੈਰਿਜ ਸੈਲੀਬ੍ਰੈਂਟ ਬਣੇ ਸ. ਹਰਜਿੰਦਰ ਸਿੰਘ ਬਸਿਆਲਾ