ਟੋਰੰਗਾ ਗੁਰਦੁਆਰਾ ਸਾਹਿਬ ਵਿੱਚ ਟੂਰਨਾਮੈਂਟ ਲਈ ਲੰਗਰ ਤਿਆਰ ਕਰਨ ਤੋਂ ਕੀਤਾ ਮਨ੍ਹਾ

ਸਿੱਖ ਭਾਈਚਾਰੇ ਦਾ ਸ਼ਰਮ ਨਾਲ ਸਿਰ ਝੁਕਿਆ 
ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਸਿੱਖ ਸਪੋਰਟਸ ਕਲੱਬ ਬੇਆਫ਼ ਪਲੈਂਟੀ ਟੋਰੰਗਾ ਵਲੋਂ ੧੫ਵਾਂ ਟੂਰਨਾਮੈਂਟ ਕਰਵਾਉਣ ਦੀ ਤਾਰੀਖ਼ ਦਾ ਜਿਵੇਂ ਹੀ ਐਲਾਨ ਹੋਇਆ। ਇੱਕ ਪੰਜਾਬੀ ਆਨ ਲਾਇਨ ਅਖ਼ਬਾਰ ਵਿੱਚ ਟੋਰੰਗਾ ਵਿਖੇ ਹੋ ਰਹੇ ਟੂਰਨਾਮੈਂਟ ਲਈ ਆਕਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਲੰਗਰ ਤਿਆਰ ਹੋਣ….. ਦੀ ਖ਼ਬਰ ਪ੍ਰਕਾਸ਼ਿਤ ਹੋਈ। ਬੇਆਫ਼ ਪਲੈਂਟੀ ਵਸਦੇ ਸਿੱਖ ਭਾਈਚਾਰੇ ਦੇ ਮਨ ਰੋਸ ਨਾਲ ਭਰ ਗਏ ਤੇ ਪੰਜਾਬੀ ਭਾਈਚਾਰੇ ਵਲੋਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਬੇਆਫ਼ ਪਲੈਂਟੀ ਵਿੱਚ ਰਹਿ ਰਿਹਾ ਹਰ ਪੰਜਾਬੀ ਇਸ ਗੱਲ ਬਾਰੇ ਜਾਣਨ ਨੂੰ ਉਤਾਵਲਾ ਸੀ। ਸਿੱਖ ਭਾਈਚਾਰੇ ਦੀਆ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਟੂਰਨਾਮੈਂਟ ਕਮੇਟੀ ਨੇ ਟੂਰਨਾਮੈਂਟ ਲਈ ਇਕੱਤਰ ਹੋਈਆ ਸੰਗਤਾਂ ਤੇ ਦਰਸ਼ਕਾਂ ਦੀ ਮੌਜੂਦਗੀ ਵਿੱਚ ਆਕਲੈਂਡ ਤੋਂ ਲੰਗਰ ਤਿਆਰ ਕਰਨ ਪਿੱਛੇ ਰਾਜ ਕਾਰਨ ਦਾ ਖੁਲਾਸਾ ਮਾਇਕ ਤੇ ਬੋਲ ਕੇ ਕੀਤਾ। ਇਸ ਟੂਰਨਾਮੈਂਟ ਲਈ ਲੰਗਰ ਦੀ ਸੇਵਾ ਲਈ ਗਈ ਸੀ ਉਹ ਵੀਰ ਜਦੋਂ ਲੰਗਰ ਦੀ ਸਮਗਰੀ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨ੍ਹਾ ਕਰ ਦਿੱਤਾ ਗਿਆ। ਜਦੋਂ ਇਸ ਗੱਲ ਦਾ ਖੁਲਾਸਾ ਸਿੱਖ ਭਾਈਚਾਰੇ ਵਿੱਚ ਹੋਇਆ ਤਾਂ ਹਰ ਆਮ-ਖਾਸ ਵਲੋਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਸ਼ਰਮਨਾਕ ਘਟਨਾ ਉਪਰੰਤ ਟੋਰੰਗਾ ਵਿੱਚ ਨਵੇਂ ਹੋਂਦ ਵਿੱਚ ਆਏ ਗੁਰਦੁਆਰਾ ਸਿੱਖ ਸੰਗਤ ਸਾਹਿਬ ਦੇ ਪ੍ਰਬੰਧਕਾ ਵਲੋਂ ਇਹ ਫੈਸਲਾ ਲੈ ਕੇ ਐਲਾਨ ਕੀਤਾ ਗਿਆ, ਟੋਰੰਗਾ ਟੂਰਨਾਮੈਂਟ ਲਈ ਲੰਗਰ ਦੀ ਸੇਵਾ ਸਲਾਨਾ ਸਾਡੇ ਵਲੋਂ ਨਿਭਾਈ ਜਾਵੇਗੀ। ਇਸ ਟੂਰਨਾਮੈਂਟ ਲਈ ਲੰਗਰ ਦੀ ਸੇਵਾ ਜਿਨ੍ਹਾਂ ਵੀਰਾਂ ਵਲੋਂ ਸੇਵਾ ਲਈ ਗਈ ਸੀ ਉਹ ਵੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬੀ ਦੱਸੇ ਜਾਂਦੇ ਹਨ।ਇਸ ਘਟਨਾ ਪਿੱਛੇ ਕੀ ਰਾਜਨੀਤੀ ਹੋਈ ਜਾਂ ਕੀਤੀ ਗਈ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ। ਜਦੋਂ ਇਸ ਘਟਨਾ ਦੀ ਜਾਣਕਾਰੀ ਲੈਣ ਲਈ ਟੋਰੰਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਹਤਵਾਰ ਮੈਂਬਰ ਸਾਹਿਬਾਨ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਦੋ ਵਾਰ ਫੋਨ ਕੱਟ ਦਿੱਤਾ ਗਿਆ।