ਸੈਕਰਾਮੈਂਟੋ, 23 ਅਗਸਤ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਦੱਖਣੀ ਤੇ ਦੱਖਣ-ਪੱਛਮੀ ਖੇਤਰ ਵਿਚ ਭਾਰੀ ਮੀਂਹ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਤਕਰੀਬਨ ਡੇਢ ਕਰੋੜ ਲੋਕ ਮੀਂਹ ਤੋਂ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਕੌਮੀ ਮੌਸਮ ਸੇਵਾ ਨੇ ਦਿੱਤੀ ਹੈ। ਡਲਾਸ ਫੋਰਟ ਵਰਥ ਖੇਤਰ ਵਿਚ ਬੀਤੀ ਰਾਤ ਆਏ ਅਚਾਨਕ ਹੜ ਨੇ ਆਮ ਜਨ ਜੀਵਨ ਅਸਥਵਿਅਸਥ ਕਰ ਦਿੱਤਾ ਹੈ। ਸੜਕਾਂ ਦਰਿਆ ਦਾ ਰੂਪ ਧਾਰਨ ਕਰ ਗਈਆਂ ਜਿਸ ਕਾਰਨ ਵਾਹਣ ਸੜਕਾਂ ਉਪਰ ਫੱਸ ਗਏ। ਇਕ 29 ਸਾਲਾ ਔਰਤ ਪਾਣੀ ਵਿਚ ਰੁੜ ਗਈ ਜਿਸ ਨੂੰ ਲੱਭਣ ਲਈ 20 ਤੋਂ ਵਧ ਰਾਹਤ ਕਰਮੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਡਲਾਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ‘ਤੇ ਮੀਂਹ ਨੇ ਪੁਰਾਣੇ ਰਿਕਾਰਡ ਮਾਤ ਪਾ ਦਿੱਤੇ ਹਨ ਜਿਥੇ ਰਾਤ ਭਰ ਕਈ ਘੰਟੇ ਮੀਂਹ ਪਿਆ। ਮੁੱਖ ਮੌਸਮ ਵਿਗਿਆਨੀ ਜੋਨਾਥਨ ਪੋਰਟਰ ਨੇ ਕਿਹਾ ਹੈ ਕਿ ਹਵਾਈ ਅੱਡੇ ਉਪਰ ਇਕ ਘੰਟੇ ਵਿਚ 3.01 ਇੰਚ ਮੀਂਹ ਪਿਆ ਜਦ ਕਿ ਇਥੇ ਮੀਂਹ ਪੈਣ ਦਾ ਪਹਿਲਾ ਰਿਕਾਰਡ 2.9 ਇੰਚ ਸੀ ਜੋ 31 ਅਗਸਤ 1976 ਨੂੰ ਬਣਿਆ ਸੀ। ਪਿਛਲੇ 24 ਘੰਟਿਆਂ ਦੌਰਾਨ ਡਲਾਸ-ਫੋਰਟ ਵਰਥ ਖੇਤਰ ਦੇ ਹੋਰ ਹਿੱਸਿਆਂ ਵਿਚ 13 ਇੰਚ ਤੋਂ ਵਧ ਮੀਂਹ ਪਿਆ ਹੈ ਜਦ ਕਿ ਡਾਊਨਟਾਊਨ ਖੇਤਰ ਦੇ ਉੱਤਰ ਪੂਰਬੀ ਹਿੱਸੇ ਵਿਚ 13.14 ਇੰਚ ਮੀਂਹ ਪਿਆ ਹੈ। ਪੋਰਟਰ ਅਨੁਸਾਰ ਹੜ ਕਾਰਨ ਹਾਲਾਤ ਬਹੁਤ ਗੰਭੀਰ ਹਨ। ਨਿਊਜਰਸੀ ਖੇਤਰ ਵਿਚ ਵੀ ”ਫਲੈਸ਼ ਫਲੱਡ” ਦਾ ਖਤਰਾ ਪੈਦਾ ਹੋ ਗਿਆ ਹੈ। ਟੈਕਸਾਸ ਵਿਚ ਵੀ ਹਾਲਾਤ ਸੁਖਾਵੇਂ ਨਹੀਂ ਹਨ ਜਿਥੇ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਜਦ ਕਿ ਪਹਿਲਾਂ ਹੀ ਰਾਜ ਦੇ ਕਈ ਹਿੱਸੇ ਮੀਂਹ ਤੋਂ ਪ੍ਰਭਾਵਤ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਹਫਤੇ ਕੇਂਦਰੀ ਟੈਕਸਾਸ ਤੋਂ ਕੇਂਦਰੀ ਮਿਸੀਸਿਪੀ ਖੇਤਰ ਤੱਕ 7 ਇੰਚ ਜਾਂ ਇਸ ਤੋਂ ਵਧ ਮੀਂਹ ਪੈ ਸਕਦਾ ਹੈ।
Home Page ਅਮਰੀਕਾ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਤੋਂ ਤਕਰੀਬਨ ਡੇਢ ਕਰੋੜ ਲੋਕ...