
430 ਸਾਲ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਨਗਰ ਗੁਰੂ ਕੀ ਵਡਾਲੀ, ਜ਼ਿਲਾ ਅੰਮ੍ਰਿਤਸਰ ਵਿਖੇ 19 ਜੂਨ ਸੰਨ 1595 ਈ: (21 ਹਾੜ ਵਦੀ 7 ਸੰੰਮਤ 1652) ਨੂੰ ਰਾਤ 12 ਵੱਜਕੇ 20 ਮਿੰਟ ‘ਤੇ ਹੋਇਆ ਸੀ।
ਪੰਚਮ ਪਾਤਸ਼ਾਹ ਜੀ ਨੇ ਜਦੋਂ ਪਿੰਡ ਨੱਤਾਂ ਦੀ ਵਡਾਲੀ ਦੇ ਜਿੰਮੀਦਾਰ ਭਾਈ ਭਾਗੂ ਜੀ ਕੋਲੋਂ ਉਸ ਦੇ ਵਾੜ੍ਹੇ ਰੂਪੀ ਘਰ ‘ਚ ਮਾਤਾ ਗੰਗਾ ਜੀ ਦੀ ਕੁੱਖੋਂ ਬਾਲਕ ਹਰਗੋਬਿੰਦ ਜੀ ਦੇ ਜਨਮ ਲੈਣ ਦੀ ਖੁਸ਼ਖਬਰੀ ਸੁਣਕੇ ਓਸੇ ਵੇਲੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲੇ ਸ਼ਬਦ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੯੬ ਅੰਗ (ਪੰਨਾ-396) ਤੇ’ ਅੰਕਿਤ ਹੈ:—-(ਆਸਾ ਮਹਲਾ ੫।। ਸਤਿਗੁਰ ਸਾਚੈ ਦੀਆ ਭੇਜਿ।।….. ਨਾਨਕੁ ਤੁਠਾ ਕੀਨੀ ਦਾਤਿ।।੪।।)
ਛੇਵੇਂ ਪਾਤਸ਼ਾਹ ਜੀ ਦੇ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਲੈਣ ਦੇ ਇਤਿਹਾਸਿਕ ਪਿਛੋਕੜ ਨੂੰ ਜਾਨਣ ਦਾ ਇਸ ਲੇਖ ਵਿਚ ਯਤਨ ਕੀਤਾ ਗਿਆ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਆਪਣੇ ਤਿੰਨ ਪੁੱਤਰਾਂ ਵਿਚੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਬਖਸ਼ਣ ਕਰਕੇ ਵੱਡਾ ਪੁੱਤਰ ਪ੍ਰਿਥੀਚੰਦ ਅਤੇ ਉਸਦੀ ਪਤਨੀ ਬੀਬੀ ਕਰਮੋਂ ਪੰਚਮ ਪਾਤਸ਼ਾਹ ਨਾਲ ਬਹੁਤ ਜਿਆਦਾ ਈਰਖਾ ਕਰਨ ਲੱਗ ਪਏ ਸਨ । ਇਕ ਦਿਨ ਬੀਬੀ ਕਰਮੋ ਅਤੇ ਪ੍ਰਿਥੀ ਚੰਦ ਨੇ ਮਾਤਾ ਗੰਗਾ ਜੀ ਨੂੰ ਜਹਾਨ ਤੋਂ ਬੇ-ਔਲਾਦ ਅਤੇ ਔਂਤਰੀ ਜਾਣ ਦੇ ਮੇਹਣੇ ਮਾਰੇ ਤਾਂ ਮਾਤਾ ਗੰਗਾ ਜੀ ਨੇ ਆਪਣੇ ਪਤੀ ਪੰਚਮ ਪਾਤਸ਼ਾਹ ਜੀ ਨੂੰ ਆਪਣੇ ਘਰ ਔਲਾਦ ਬਖਸ਼ਣ ਲਈ ਬੇਨਤੀ ਕੀਤੀ। ਨਿਮਰਤਾ ਦੇ ਪੁੰਜ ਪੰਚਮ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਅੰਮ੍ਰਿਤਸਰ ਤੋਂ 19-20 ਕਿਲੋਮੀਟਰ ਦੀ ਦੂਰੀ ‘ਤੇ ਗੁਰੂ ਘਰ ਦੀਆਂ ਸੇਵਾਵਾਂ ਵਿਚ ਸਦਾ ਤੱਤਪਰ ਰਹਿਣ ਵਾਲੇ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਝਬਾਲ ਨੇੜ੍ਹੇ ‘ਬੀੜ’ ਵਿਖੇ ਅਸ਼ੀਰਵਾਦ ਲੈਣ ਲਈ ਬਚਨ ਕੀਤਾ। ਮਾਤਾ ਗੰਗਾ ਜੀ ਨੇ ਨਿਮਰਤਾ ਨਾਲ ਜਾਣ ਦੀ ਬਿਜਾਏ ਰੱਥ ਤੇ ਚੜ੍ਹਕੇ ਪੂਰੀ ਸ਼ਾਨ ਨਾਲ ਕਈ ਪ੍ਰਕਾਰ ਦੇ ਪਦਾਰਥ ਤੇ ਸੇਵਕਾਂ ਆਦਿ ਨੂੰ ਨਾਲ ਲੈ ਕੇ ਜੰਗਲ-ਨੁੱਮਾ ‘ਬੀੜ’ ਵਿਚ ਬਾਬਾ ਬੁੱਢਾ ਸਾਹਿਬ ਕੋਲ ਪਹੁੰਚਣਾ ਕੀਤਾ ਪਰ ਮਾਤਾ ਜੀ ਨੂੰ ਬਾਬਾ ਜੀ ਦੇ ‘ਗੁਰੂ ਕਿਆਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ’ ਵਾਲੇ ਬਚਨਾਂ ਬਾਰੇ ਪਤਾ ਲੱਗਣ ਕਰਕੇ ਮਾਤਾ ਜੀ ਨੇ ਝਕਦੇ ਹੋਏ ਬਾਬਾ ਬੁੱਢਾ ਜੀ ਨੂੰ ਪੁੱਤਰ ਦੀ ਦਾਤ ਹਿੱਤ ਅਸ਼ੀਰਵਾਦ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਹਾਂ, ਔਲਾਦ ਦੀ ਦਾਤ ਦੀ ਬਖਸ਼ਿਸ਼ ਤਾਂ ਗੁਰੂ ਜੀ ਹੀ ਕਰ ਸਕਦੇ ਹਨ।
ਮਾਤਾ ਜੀ ਨੇ ਵਾਪਸ ਸ੍ਰੀ ਅੰਮ੍ਰਿਤਸਰ ਆ ਕੇ ਸਾਰੀ ਵਾਰਤਾ ਪੰਚਮ ਪਾਤਸ਼ਾਹ ਜੀ ਨੂੰ ਦੱਸੀ ਤਾਂ ਦਿਆਲੂ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਜੁਗਤ ਸਮਝਾਈ ਕਿ ਆਪਣੇ ਹੱਥੀਂ ਮਿੱਸ਼ੇ ਪ੍ਰਸ਼ਾਦੇ, ਗੰਢੇ, ਲੱਸੀ ਆਦਿ ਲੰਗਰ ਲੈ ਕੇ ਨੰਗੇ ਪੈਰੀਂ ਸੀਮਤ ਸੇਵਾਦਾਰਾਂ ਨਾਲ ਨਿੱਮਰ ਹੋਕੇ ਬਾਬਾ ਜੀ ਕੋਲ ਜਾਵੋ, ਅਕਾਲ ਪੁਰਖ ਜ਼ਰੂਰ ਮਿਹਰ ਕਰੇਗਾ। ਗੁਰੂ ਜੀ ਦੇ ਬਚਨ ਮੰਨਦੇ ਹੋਏ ਦੂਸਰੇ ਦਿਨ ਮਾਤਾ ਗੰਗਾ ਜੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਨੰਗੇ ਪੈਰੀਂ ਗੁਰਬਾਣੀ ਪੜ੍ਹਦੇ ਹੋਏ ਸੀਸ ਉਤੇ ਮਿੱਸ਼ੇ ਪ੍ਰਸ਼ਾਦੇ, ਲੱਸੀ ਅਤੇ ਗੰਢੇ ਆਦਿ ਰੱਖਕੇ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਦਾ ਅਸ਼ੀਰਵਾਦ ਲੈਣ ਲਈ ‘ਬਾਬੇ ਦੀ ਬੀੜ੍ਹ’ ਪਹੁੰਚੇ। ਬਾਬਾ ਜੀ ਨੇ ਮਾਤਾ ਜੀ ਵਲੋਂ ਆਪਣੇ ਹੱਥੀ ਪਕਾਏ ਮਿੱਸ਼ੇ ਪ੍ਰਸ਼ਾਦੇ ਛੱਕਦੇ ਹੋਏ ਇਕ ਗੰਢੇ ਤੇ’ ਮੁੱਕਾ ਮਾਰਦੇ ਹੋਏ ਸ਼ੁੱਭ ਬਚਨ ਕੀਤਾ ਕਿ ਆਪ ਜੀ ਦੇ ਗ੍ਰਹਿ ਬਹੁਤ ਬਲਵਾਨ ਤੇ ਜੋਧਾ ਪੁੱਤਰ ਪ੍ਰਗਟ ਹੋਵੇਗਾ : (“ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਜਾਂਕੋ ਬਲ ਗੁਨ ਕਿਨੁੰ ਨ ਸੋਧਾ । ਰੂਪੇ ਛੱਕੇ ਸੁ ਜੈਸ ਮਰੋਰੇ । ਤੁਰਕ ਸੀਸ ਤੈਸੇ ਬਹੁ ਤੋਰੇ”- ਗੁਰ ਬਿਲਾਸ ਪਾ: ਛੇਵੀਂ)।
ਇਸ ਤਰ੍ਹਾਂ ਪੰਚਮ ਪਾਤਸ਼ਾਹ ਜੀ ਦੀ ਆਪਣੀ ਵਰਤਾਈ ਲੀਲਾ ਅਨੁਸਾਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਿਲੇ ਵਰ ਸੱਦਕਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ (ਨੱਤਾਂ ਦੀ ਵਡਾਲੀ) ਵਿਖੇ ਹੋਇਆ ਸੀ ਜਿਸ ਪਿੰਡ ਦਾ ਨਵਾਂ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਮੋਹੜਾ ਗੱਡਕੇ ਗੁਰੂ ਕੀ ਵਡਾਲੀ ਰੱਖਿਆ ਸੀ।
ਛੇਂਵੇ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀ ਖ਼ੁਸ਼ੀ ਵਿਚ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਿੰਡ ਦੀ ਜੂਹ ਵਿਚ ਬਾਬਾ ਬੁੱਢਾ ਜੀ ਦੀ ਅੰਸ਼ ‘ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’ ਦੀ ਦੇਖ ਰੇਖ ਵਿਚ ਪੰਜ ਖੂਹ (ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ, ਪੰਜ ਹਰਟਾ ਅਤੇ ਛੇ ਹਰਟਾ) ਲਗਵਾਏ। ਲਗਭਗ 3 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਰਿਵਾਰ ਸਮੇਤ ਗੁਰੂ ਕੀ ਵਡਾਲੀ ਵਿਚ ਨਿਵਾਸ ਕੀਤਾ : (‘’ਵਡਾਲੀ ਮਹਿ ਸਤਿਗੁਰ ਰਹੇ ਤੀਨ ਬਰਸ ਸੁਖ ਪਾਈ । ਸੁਧਾ ਸਰੋਵਰ ਪੁਨ ਅਏ ਬਾਜੇ ਅਨਿਕ ਬਜਾਈ’’- ਗੁਰ ਬਿਲਾਸ ਪਾ: ਛੇਵੀਂ)। ਤਿੰਨ ਸਾਲ ਦੀ ਅਵਸਥਾ ਤੱਕ ਬਾਲਕ ਹਰਿਗੋਬਿੰਦ ਜੀ ਨੇ ਗੁਰੂ ਕੀ ਵਡਾਲੀ ਵਿਖੇ ਕਈ ਕੌਤਕ ਕੀਤੇ ਜਿਨ੍ਹਾਂ ਵਿਚ ਲੋਭੀ ਸਪੇਰੇ ਅਤੇ ਸੋਭੀ ਦਾਈ ਦੇ ਉਧਾਰ ਕਰਨ ਦੇ ਕੌਤਕ ਪ੍ਰਮੁੱਖ ਹਨ।
(ਲੇਖਕ : ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ‘ਗੁਰੂ ਕੀ ਵਡਾਲੀ’ – 0091 9988066466)